ਭਾਜਪਾ ਦੇ ਬਾਈਕਾਟ ਦੌਰਾਨ ਕਾਂਗਰਸੀ ਨੇਤਾ ਬੰਗਲੌਰ ਦਾ ਨਵਾਂ ਮੇਅਰ ਬਣਿਆ

sampath raj

ਬੰਗਲੌਰ, 29 ਸਤੰਬਰ (ਪੋਸਟ ਬਿਊਰੋ)- ਕਰਨਾਟਕਾ ਦੀ ਰਾਜਧਾਨੀ ਬੰਗਲੌਰ ਦੇ ਸ਼ਹਿਰ ਦੇ ਮੇਅਰ ਦੀ ਚੋਣ ਕਾਂਗਰਸ ਨੇ ਜਿੱਤ ਲਈ ਹੈ। ਭਾਜਪਾ ਨੇ ਇਸ ਚੋਣ ਮੌਕੇ ਬਾਈਕਾਟ ਕੀਤਾ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਿ ਵੋਟਰ ਸੂਚੀ ਵਿੱਚ ਕਈ ਅਜਿਹੇ ਵੋਟਰ ਵੀ ਸਨ, ਜਿਹੜੇ ਵੋਟ ਪਾਉਣ ਦੇ ਯੋਗ ਨਹੀਂ ਸਨ, ਕਿਉਂਕਿ ਉਹ ਇਸ ਸ਼ਹਿਰ ਦੀਆਂ ਮਿਊਂਸੀਪਲ ਹੱਦਾਂ ਤੋਂ ਬਾਹਰ ਰਹਿੰਦੇ ਹਨ।
ਕਾਂਗਰਸ-ਜੇ ਡੀ (ਐੱਸ) ਗਠਜੋੜ, ਜਿਸ ਨੇ ਇੱਕੋ-ਇੱਕ ਸਭ ਤੋਂ ਵੱਡੀ ਪਾਰਟੀ ਭਾਜਪਾ ਤੋਂ ਵੱਧ ਵੋਟਾਂ ਲਈਆਂ, ਨੇ ਮੇਅਰ ਦੀ ਚੋਣ ਜਿੱਤ ਲਈ। ਕਾਂਗਰਸ ਆਗੂ ਸੰਪਥ ਰਾਜ ਇਸ ਸ਼ਹਿਰ ਦੇ ਨਵੇਂ ਮੇਅਰ ਬਣੇ ਹਨ। ਕਾਂਗਰਸ ਨੇ ਚੋਣ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਹੈ। ਪਾਰਟੀ ਆਗੂ ਨਿਰੰਜਨ ਕੁਮਾਰ ਨੇ ਕਿਹਾ, ‘ਭਾਜਪਾ ਜਾਣਦੀ ਸੀ ਕਿ ਉਹ ਚੋਣ ਹਾਰ ਜਾਵੇਗੀ, ਇਸ ਲਈ ਉਨ੍ਹਾਂ ਸ਼ਿਕਾਇਤ ਕੀਤੀ।’ ਡਿਪਟੀ ਮੇਅਰ ਪਦਮਾਵਥੀ ਜੇ ਡੀ (ਐਸ) ਵੱਲੋਂ ਹੈ। ਨਵੇਂ ਮੇਅਰ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਸ਼ਹਿਰ ਵਿੱਚ ਮਾਨਸੂਨ ਮੌਕੇ ਪਾਣੀ ਭਰ ਜਾਣ ਦੀਆਂ ਘਟਨਾਵਾਂ ਅੰਤਰਰਾਸ਼ਟਰੀ ਸੁਰਖੀਆਂ ਬਣੀਆਂ ਹਨ। ਠੋਸ ਕੂੜੇ ਦੀ ਸੰਭਾਲ ਵੀ ਵੱਡਾ ਮਾਮਲਾ ਹੈ।