ਭਾਜਪਾ ਦੇ ਦਲਿਤ ਐੱਮ ਪੀ ਨੇ ਕਿਹਾ: ਮੁੱਖ ਮੰਤਰੀ ਯੋਗੀ ਮੈਨੂੰ ਝਿੜਕ ਕੇ ਭਜਾ ਦਿੰਦੈ


ਲਖਨਊ, 6 ਅਪ੍ਰੈਲ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵਿਹਾਰ ਵਿਰੁੱਧ ਭਾਜਪਾ ਦੇ ਹੀ ਦਲਿਤ ਪਾਰਲੀਮੈਂਟ ਮੈਂਬਰ ਛੋਟੇ ਲਾਲ ਖਰਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਆਪਣਾ ਦਰਦ ਬਿਆਨ ਕੀਤਾ ਹੈ। ਖਰਵਾਰ ਦੀ ਚਿੱਠੀ ਵਿੱਚ ਯੂ ਪੀ ਪ੍ਰਸ਼ਾਸਨ ਵੱਲੋਂ ਉਸ ਦੇ ਘਰ ਉੱਤੇ ਜਬਰਨ ਕਬਜ਼ਾ ਕਰਵਾਏ ਜਾਣ ਦੀ ਗੱਲ ਲਿਖੀ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਇਸ ਚਿੱਠੀ ਵਿੱਚ ਪਾਰਲੀਮੈਂਟ ਮੈਂਬਰ ਛੋਟੇ ਲਾਲ ਖਰਵਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਉਸ ਵਿਰੁੱਧ ਅਤਿਆਚਾਰ ਕਰ ਰਹੇ ਹਨ। ਉਸ ਨੇ ਕਿਹਾ ਕਿ ਉਸ ਨੇ ਦੋ ਵਾਰ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਮੁਲਾਕਾਤ ਕੀਤੀ, ਪਰ ਮੁੱਖ ਮੰਤਰੀ ਉਸ ਨੂੰ ਝਿੜਕ ਕੇ ਭਜਾ ਦਿੰਦਾ ਹੈ। ਉਸ ਨੇ ਇਸ ਚਿੱਠੀ ਵਿੱਚ ਇਨਸਾਫ ਮੰਗਿਆ ਅਤੇ ਦੱਸਿਆ ਹੈ ਕਿ ਉਸ ਨੇ ਮੁੱਖ ਮੰਤਰੀ, ਪ੍ਰਦੇਸ਼ ਪ੍ਰਧਾਨ ਮਹਿੰਦਰ ਪਾਂਡੇ ਤੇ ਹੋਰਾਂ ਵਿਰੁੱਧ ਸ਼ਿਕਾਇਤ ਕੀਤੀ ਹੈ। ਪਾਰਲੀਮੈਂਟ ਮੈਂਬਰ ਛੋਟੇ ਲਾਲ ਖਰਵਾਰ ਨੇ ਦੋ ਸ਼ਿਕਾਇਤਾਂ ਕੀਤੀਆਂ ਹਨ। ਪਹਿਲੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਦ ਪਿਛਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ, ਓਦੋਂ 2015 ਵਿੱਚ ਨੌਗੜ੍ਹ ਜੰਗਲ ਖੇਤਰ ਦੇ ਨਾਜਾਇਜ਼ ਕਬਜ਼ੇ ਦੀ ਸ਼ਿਕਾਇਤ ਮੁੱਖ ਮੰਤਰੀ ਸਮੇਤ ਕਈ ਲੋਕਾਂ ਨੂੰ ਕੀਤੀ, ਪਰ ਕਾਰਵਾਈ ਕਰਨ ਦੀ ਥਾਂ ਅਧਿਕਾਰੀਆਂ ਨੇ ਉਸ ਦਾ ਘਰ ਹੀ ਵਣ ਖੇਤਰ ਵਿੱਚ ਸ਼ਾਮਲ ਕਰਵਾ ਦਿੱਤਾ ਸੀ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮ ਉਤੇ ਦੁਬਾਰਾ ਕਰਵਾਈ ਪੈਮਾਇਸ਼ ਵਿੱਚ ਸਾਹਮਣੇ ਆਇਆ ਕਿ ਉਸ ਦਾ ਘਰ ਜੰਗਲ ਖੇਤਰ ਦਾ ਹਿੱਸਾ ਨਹੀਂ ਹੈ। ਦੂਜਾ ਮਾਮਲਾ ਉਸ ਵਿਰੁੱਧ ਵਰਤੇ ਗਏ ਜਾਤੀ ਸੂਚਕ ਸ਼ਬਦਾਂ ਦਾ ਹੈ।