ਭਾਜਪਾ ਆਗੂ ਕਵਿੰਦਰ ਗੁਪਤਾ ਜੰਮੂ-ਕਸ਼ਮੀਰ ਰਾਜ ਦੇ ਨਵੇਂ ਉਪ ਮੁੱਖ ਮੰਤਰੀ ਬਣਾਏ ਗਏ


* ਕਵਿੰਦਰ ਨੇ ਕਠੂਆ ਕਾਂਡ ਨੂੰ ਮਾਮੂਲੀ ਗੱਲ ਕਹਿ ਕੇ ਵਿਵਾਦ ਛੇੜਿਆ
ਜੰਮੂ, 30 ਅਪਰੈਲ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ ਡੀ ਪੀ ਅਤੇ ਭਾਜਪਾ ਦੀ ਸਾਂਝੀ ਸਰਕਾਰ ਵਿੱਚ ਅੱਜ ਅਦਲਾ-ਬਦਲੀ ਕੀਤੀ ਗਈ ਅਤੇ ਇਸ ਮੌਕੇ 8 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ, ਜਿਨ੍ਹਾਂ ਵਿੱਚ ਭਾਜਪਾ ਦੇ ਛੇ ਅਤੇ ਭਾਜਪਾ ਦੇ ਦੋ ਆਗੂ ਸ਼ਾਮਲ ਹਨ। ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਕਵਿੰਦਰ ਗੁਪਤਾ, ਪ੍ਰਦੇਸ਼ ਭਾਜਪਾ ਦੇ ਮੁਖੀ ਸਤਪਾਲ ਸ਼ਰਮਾ ਅਤੇ ਛੇ ਹੋਰਨਾਂ ਨੂੰ ਇਥੋਂ ਦੇ ਕਨਵੈਨਸ਼ਨ ਸੈਂਟਰ ਵਿੱਚ ਗਵਰਨਰ ਐਨ ਐਨ ਵੋਹਰਾ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ।
ਵਰਨਣ ਯੋਗ ਹੈ ਕਿ ਕਠੂਆ ਕਾਂਡ ਦੇ ਦੋਸ਼ੀਆਂ ਦੀ ਹਮਾਇਤ ਕਰਨ ਉੱਤੇ ਭਾਜਪਾ ਦੇ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ੇ ਦੇਣੇ ਪਏ ਸਨ। ਕੱਲ੍ਹ ਨਿਰਮਲ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਮਗਰੋਂ ਅੱਜ ਕਵਿੰਦਰ ਗੁਪਤਾ ਨੇ ਰਾਜ ਦੇ ਨਵੇਂ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਸਮਾਗਮ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਵੀ ਹਾਜ਼ਰ ਸਨ ਅਤੇ ਉਨ੍ਹਾ ਨੇ ਕਿਹਾ ਕਿ ਅੱਜ ਦੇ ਬਦਲਾਅ ਦਾ ਕਠੂਆ ਕੇਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਨੇ ਸੱਤਾ ਵਿੱਚ ਤਿੰਨ ਸਾਲ ਮੁਕੰਮਲ ਕਰ ਲਏ ਹਨ। ਇਸ ਕਰ ਕੇ ਅਸੀਂ ਕੈਬਨਿਟ ਵਿੱਚ ਅਦਲਾ-ਬਦਲੀ ਦਾ ਫ਼ੈਸਲਾ ਲੈ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ।’
ਪੀ ਡੀ ਪੀ ਆਗੂ ਅਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਸਰਕਾਰ ਵਿੱਚ ਸ਼ਾਮਲ ਕੀਤੇ ਨਵੇਂ ਮੰਤਰੀਆਂ ਵਿੱਚ ਕਠੂਆ ਤੋਂ ਭਾਜਪਾ ਵਿਧਾਇਕ ਰਾਜੀਵ ਜਸਰੋਟੀਆ ਅਤੇ ਸਾਂਬਾ ਤੋਂ ਦਵਿੰਦਰ ਕੁਮਾਰ ਮਨਿਆਲ ਵੀ ਸ਼ਾਮਲ ਹਨ। ਭਾਜਪਾ ਨੇ ਰਾਜ ਮੰਤਰੀ ਸੁਨੀਲ ਸ਼ਰਮਾ ਦਾ ਦਰਜਾ ਵਧਾ ਕੇ ਕੈਬਨਿਟ ਰੈਂਕ ਕਰ ਦਿੱਤਾ ਤੇ ਸ਼ਕਤੀ ਰਾਜ ਨੇ ਨਵੇਂ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੁਲਵਾਮਾ ਹਲਕੇ ਤੋਂ ਪੀ ਡੀ ਪੀ ਵਿਧਾਇਕ ਮੁਹੰਮਦ ਖਲੀਲ ਤੇ ਸੋਨਾਵਾਰ ਤੋਂ ਵਿਧਾਇਕ ਮੁਹੰਮਦ ਅਸ਼ਰਫ਼ ਮੀਰ ਨੂੰ ਮੰਤਰੀ ਬਣਾਇਆ ਗਿਆ ਹੈ। ਜੰਮੂ ਕਸ਼ਮੀਰ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ (58) 13 ਸਾਲ ਦੀ ਉਮਰ ਵਿੱਚ ਆਰ ਐਸ ਐਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਐਮਰਜੈਂਸੀ ਦੌਰਾਨ ਉਹ 13 ਮਹੀਨੇ ਜੇਲ੍ਹ ਵਿੱਚ ਰਹੇ ਸਨ। ਉਹ 1978-79 ਦੇ ਦੌਰਾਨ ਪੰਜਾਬ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਵੀ ਰਹੇ ਸਨ।
ਹੈਰਾਨੀ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਕਵਿੰਦਰ ਗੁਪਤਾ ਨੇ ਵੀ ਕਠੂਆ ਬਲਾਤਕਾਰ ਤੇ ਕਤਲ ਕੇਸ ਨੂੰ ਛੋਟੀ ਜਿਹੀ ਘਟਨਾ ਕਹਿ ਕੇ ਵਿਵਾਦ ਖੜਾ ਕਰ ਲਿਆ। ਉਨ੍ਹਾਂ ਕਿਹਾ ਕਿ ‘ਇਹ ਬਹੁਤ ਛੋਟੀ ਜਿਹੀ ਘਟਨਾ ਸੀ। ਸਾਨੂੰ ਇਸ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ।’ ਉਨ੍ਹਾਂ ਕਿਹਾ, ‘ਲੜਕੀ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ। ਸਰਕਾਰ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ ਤੇ ਮੈਨੂੰ ਲਗਦਾ ਹੈ ਕਿ ਇਸ ਕੇਸ ਨੂੰ ਬੇਵਜ੍ਹਾ ਅਹਿਮੀਅਤ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬਿਨਾਂ ਗੱਲ ਤੋਂ ਉਛਾਲਿਆ ਗਿਆ ਹੈ।’
ਉੱਪ ਮੁੱਖ ਮੰਤਰੀ ਕਵਿੰਦਰ ਗੁਪਤਾ ਦੇ ਇਸ ਬਿਆਨ ਦੀ ਕਾਂਗਰਸ ਪਾਰਟੀ ਨੇ ਸਖ਼ਤ ਨਿੰਦਾ ਕੀਤੀ ਹੈ। ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਸੂਬੇ ਦੇ ਨਵੇਂ ਉੱਪ ਮੁੱਖ ਮੰਤਰੀ ਦੇ ਕਠੂਆ ਕਾਂਡ ਬਾਰੇ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਭਾਜਪਾ ਵੱਲੋਂ ‘ਬੇਟੀ ਬਚਾਓ’ ਦਾ ਨਾਅਰਾ ਨਹੀਂ, ਚਿਤਾਵਨੀ ਹੈ। ਜੰਮੂ ਕਸ਼ਮੀਰ ਵਿੱਚ ਮੁੱਖ ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਨੇ ਭਾਜਪਾ ਵਿਧਾਇਕ ਰਾਜੀਵ ਜਸਰੋਟੀਆ ਨੂੰ ਮੰਤਰੀ ਬਣਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਠੂਆ ਕਾਂਡ ਦੇ ਦੋਸ਼ੀਆਂ ਦੇ ਹੱਕ ਵਿੱਚ ਕੀਤੀ ਰੈਲੀ ਵਿੱਚ ਸ਼ਾਮਲ ਸੀ। ਪਾਰਟੀ ਦੇ ਬੁਲਾਰੇ ਨੇ ਜਸਰੋਟੀਆ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਨੂੰ ਵੀ ਸ਼ਰਮਨਾਕ ਕਰਾਰ ਕਿਹਾ ਹੈ।