ਭਰਵਾਂ ਆਲੂ

filled potato
ਸਮੱਗਰੀ- ਚਾਰ ਉਬਲੇ ਹੋਏ ਹਲਕੇ ਜਿਹੇ ਸਖਤ ਆਲੂ, ਪਨੀਰ 100 ਗਰਾਮ, ਸਟਫਿੰਗ ਲਈ, ਕਾਲੀ ਮਿਰਚ ਪਾਊਡਰ ਛੋਟੇ ਚਮਚ ਤੋਂ ਘੱਟ, 8-10 ਕਾਜੂ, ਦੋ ਵੱਡੇ ਚਮਚ ਮੈਦਾ, ਚਾਰ ਟਮਾਟਰ, ਦੋ ਹਰੀਆਂ ਮਿਰਚਾਂ, ਇੱਕ ਇੰਚ ਅਦਰਕ ਦਾ ਟੁਕੜਾ, ਅੱਧਾ ਕੱਪ ਕਰੀਮ, ਦੋ-ਤਿੰਨ ਵੱਡੇ ਚਮਚ ਹਰੀਆ ਧਨੀਆ ਬਰੀਕ ਕੱਟਿਆ ਹੋਇਆ, ਤਲਣ ਲਈ ਤੇਲ, ਅੱਧਾ ਛੋਟਾ ਚਮਚ ਜ਼ੀਰਾ, ਇੱਕ ਚੁਟਕੀ ਹਿੰਗ, ਹਲਦੀ ਪਾਊਡਰ ਇੱਕ ਚੌਥਾਈ ਛੋਟਾ ਚਮਚ, ਧਨੀਆ ਪਾਊਡਰ ਇੱਕ ਚੌਥਾਈ ਛੋਟਾ ਚਮਚ, ਇੱਕ ਚੌਥਾਈ ਛੋਟਾ ਚਮਚ ਗਰਮ ਮਸਾਲਾ।
ਵਿਧੀ: ਉਬਲੇ ਹੋਏ ਆਲੂ ਛਿੱਲ ਕੇ ਦੋ ਹਿੱਸਿਆਂ ਵਿੱਚ ਕੱਟ ਲਓ ਤੇ ਪੀਲਰ ਦੀ ਮਦਦ ਨਾਲ ਇਸ ਨੂੰ ਖੋਖਲਾ ਕਰੋ, ਤਾਂ ਕਿ ਇਨ੍ਹਾਂ ਵਿੱਚ ਮਸਾਲਾ ਭਰਿਆ ਜਾ ਸਕੇ। ਆਲੂਆਂ ਵਿੱਚੋਂ ਨਿਕਲੇ ਗੁੱਦੇ ਨੂੰ ਇੱਕ ਪਲੇਟ ਵਿੱਚ ਰੱਖ ਲਓ।
ਸਟਫਿੰਗ ਤਿਆਰ ਕਰੋ-ਪਨੀਰ ਨੂੰ ਕਰੱਸ਼ ਕਰ ਲਓ। ਹੁਣ ਇਸ ਵਿੱਚ ਕਾਲੀ ਮਿਰਚ, ਥੋੜ੍ਹਾ ਨਮਕ, ਥੋੜ੍ਹਾ ਜਿਹਾ ਹਰਾ ਧਨੀਆ ਅਤੇ ਕਾਜੂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਮਿਕਸ ਕਰ ਲਓ। ਸਟਫਿੰਗ ਬਣ ਕੇ ਤਿਆਰ ਹੈ। ਆਲੂ ਲਓ ਅਤੇ ਮਚ ਦੀ ਮਦਦ ਨਾਲ ਸਟਫਿੰਗ ਨੂੰ ਖੋਖਲੇ ਕੀਤੇ ਸਾਰੇ ਆਲੂਆਂ ਵਿੱਚ ਭਰ ਦਿਓ।
ਮੈਦੇ ਦਾ ਘੋਲ ਬਣਾਓ
ਕੜਾਹੀ ਵਿੱਚ ਤੇਲ ਪਾ ਕੇ ਗਰਮ ਕਰ ਲਓ ਅਤੇ ਮੈਦੇ ਦਾ ਪਤਲਾ ਘੋਲ ਬਣਾ ਲਓ। ਮੈਦੇ ਨਾਲ ਕੋਟ ਕਰ ਕੇ ਸਟੱਫਡ ਆਲੂ ਤਲੋ। ਹੁਣ ਸਟੱਫਡ ਆਲੂ ਨੂੰ ਮੈਦੇ ਦੇ ਘੋਲ ਵਿੱਚ ਇਸ ਤਰ੍ਹਾਂ ਡੁਬੋਵੋ ਕਿ ਘੋਲ ਦੀ ਹਲਕੀ ਜਿਹੀ ਪਰਤ ਸਟਫਿੰਗ ਉੱਤੇ ਆ ਜਾਵੇ। ਫਿਰ ਇਸ ਨੂੰ ਤਲਣ ਲਈ ਕੜਾਹੀ ਵਿੱਚ ਪਾ ਦਿਓ। ਇੱਕ ਵਾਰ ਵਿੱਚ ਜਿੰਨੇ ਆਲੂ ਕੜਾਹੀ ਵਿੱਚ ਆ ਜਾਣ, ਓਨੇ ਪਾ ਦਿਓ ਤੇ ਇਨ੍ਹਾਂ ਨੂੰ ਪਲਟ ਪਲਟ ਕੇ ਗੋਲਡਨ ਬਰਾਊਨ ਹੋਣ ਤੱਕ ਤਲ ਕੇ ਪਲੇਟ ਵਿੱਚ ਕੱਢ ਲਓ। ਆਲੂ ਨੂੰ ਹਲਕੇ ਅਤੇ ਤੇਜ਼ ਸੇਕ ‘ਤੇ ਹੀ ਤਲੋ।
ਦੂਸਰੀ ਕੜਾਹੀ ਲਓ ਅਤੇ ਉਸ ਵਿੱਚ ਦੋ ਵੱਡੇ ਚਮਚ ਤੇਲ ਗਰਮ ਕਰ ਕੇ ਜੀਰਾ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਹਿੰਗ, ਹਲਦੀ ਪਾਊਡਰ ਅਤੇ ਧਨੀਆ ਪਾਊਡਰ ਪਾ ਕੇ ਮਸਾਲੇ ਨੂੰ ਹਲਕੇ ਸੇਕ ਉੱਤੇ ਥੋੜ੍ਹਾ ਜਿਹਾ ਭੁੰਨ ਲਓ। ਟਮਾਟਰ, ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾਓ ਤੇ ਲਾਲ ਮਿਰਚ ਪਾਊਡਰ ਪਾ ਕੇ ਮਸਾਲੇ ਨੂੰ ਲਗਾਤਾਰ ਹਿਲਾ ਕੇ ਉਦੋਂ ਤੱਕ ਭੁੰਨੋ, ਜਦੋਂ ਤੱਕ ਕਿ ਉਸ ਦੇ ਉਪਰ ਤੇਲ ਨਾ ਤੈਰਨ ਲੱਗੇ। ਮਸਾਲਾ ਭੁੰਨ ਹੋ ਜਾਣ ‘ਤੇ ਇਸ ਵਿੱਚ ਕਰੀਮ ਪਾ ਦਿਓ ਅਤੇ ਲਗਾਤਾਰ ਹਿਲਾਉਂਦੇ ਹੋਏ ਉਦੋਂ ਤੱਕ ਭੁੰਨੋ, ਜਦੋਂ ਤੱਕ ਕਿ ਉਸ ਵਿੱਚ ਉਬਾਲਾ ਨਾ ਆ ਜਾਏ।
ਗ੍ਰੇਵੀ ਵਿੱਚ ਉਬਾਲਾ ਆਉਣ ‘ਤੇ ਇਸ ਵਿੱਚ ਥੋੜ੍ਹਾ ਪਾਣੀ ਪਾਓ ਤੇ ਗਰਮ ਮਸਾਲਾ, ਨਮਕ ਅਤੇ ਹਰਾ ਧਨੀਆ ਪਾ ਕੇ ਪਕਾ ਲਓ। ਹੁਣ ਤਲੇ ਹੋਏ ਭਰਵੇਂ ਆਲੂ ਗਰੇਵੀ ‘ਚ ਮਿਕਸ ਕਰੋ। ਭਰਵਾਂ ਆਲੂ ਸਬਜ਼ੀ ਬਣ ਕੇ ਤਿਆਰ ਹੈ ਇਸ ਨੂੰ ਕਿਸੇ ਬਰਤਨ ਵਿੱਚ ਕੱਢ ਲਓ ਅਤੇ ਹਰਾ ਧਨੀਆ ਉਪਰੋਂ ਪਾ ਕੇ ਸਜਾਓ। ਗਰਮਾ-ਗਰਮ ਭਰਵੇਂ ਆਲੂਆਂ ਦੀ ਸਬਜ਼ੀ ਨੂੰ ਰੋਟੀ, ਪਰੌਂਠੇ, ਨਾਨ ਜਾਂ ਰੋਟੀ ਨਾਲ ਪਰੋਸੋ।