ਭਗੌੜੇ ਨੂੰ ਕਾਬੂ ਕਰਨ ਗਈ ਪੁਲਸ ਉੱਤੇ ਗੋਲੀ ਚਲਾ ਦਿੱਤੀ ਗਈ

firing
ਕੋਟ ਈਸੇ ਖਾਂ, 3 ਸਤੰਬਰ (ਪੋਸਟ ਬਿਊਰੋ)- ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਦੇਸ਼ ਭਰ ਵਿੱਚ ਬਦਨਾਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਮਾਇਰ ਵਿੱਚ ਇੱਕ ਭਗੌੜੇ ਨੂੰ ਫੜਨ ਗਈ ਪੁਲਸ ਪਾਰਟੀ ‘ਤੇ ਭਗੌੜੇ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਪੁਲਸ ਮੁਲਾਜ਼ਮ ਅਤੇ ਇੱਕ ਹੋਰ ਨੌਜਵਾਨ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਚੌਕੀ ਦੌਲੇਵਾਲਾ ਮਾਇਰ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਦਾ ਨੌਜਵਾਨ ਬਿੱਕਰ ਸਿੰਘ, ਜੋ ਸਿਟੀ ਸਾਊਥ ਮੋਗਾ ਥਾਣੇ ਦੇ ਇੱਕ ਕੇਸ ਵਿੱਚ ਭਗੌੜਾ ਹੈ, ਇਸ ਸਮੇਂ ਇਲਾਕੇ ਵਿੱਚ ਘੁੰਮ ਰਿਹਾ ਹੈ। ਇਸ ਉੱਤੇ ਚੌਕੀ ਇੰਚਾਰਜ ਜਸਵਿੰਦਰ ਸਿੰਘ ਅਤੇ ਦੋ ਹੋਰ ਮੁਲਾਜ਼ਮਾਂ ਨੇ ਕੋਟ ਈਸੇ ਖਾਂ ਨੇੜਲੇ ਪਿੰਡ ਗਹਿਲੀਵਾਲਾ ਦੇ ਨਜ਼ਦੀਕ ਛਾਪਾ ਮਾਰ ਕੇ ਬਿੱਕਰ ਸਿੰਘ ਨੂੰ ਕਾਬੂ ਕਰ ਲਿਆ ਤਾਂ ਐਨ ਮੌਕੇ ਉੱਤੇ ਪਹੁੰਚੇ ਉਸ ਦੇ 10-12 ਸਮਰਥਕਾਂ ਨੇ ਪੁਲਸ ਪਾਰਟੀ ‘ਤੇ ਹਮਲਾ ਕਰ ਕੇ ਉਸ ਨੂੰ ਛੁਡਵਾ ਲਿਆ। ਪਤਾ ਲੱਗਾ ਹੈ ਕਿ ਇਸ ਝੜਪ ‘ਚ ਭਗੌੜੇ ਦੇ ਸਮਰਥਕਾਂ ਨੇ ਪੁਲਸ ਉੱਤੇ ਇੱਟਾਂ, ਰੋੜਿਆਂ ਅਤੇ ਬੇਸਬੈਟ ਨਾਲ ਹਮਲਾ ਕਰਨ ਤੋਂ ਬਿਨਾ ਫਾਇਰ ਵੀ ਕੀਤੇ। ਪੁਲਸ ਨੇ ਆਪਣੇ ਬਚਾਅ ਫਾਇਰ ਲਈ ਕੀਤੇ ਤਾਂ ਇੱਕ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਦੌਲੇਵਾਲਾ ਮਾਇਰ ਜ਼ਖਮੀ ਹੋ ਗਿਆ, ਜਿਸ ਨੂੰ ਉਸ ਦੇ ਪਰਵਾਰ ਨੇ ਕੋਟ ਈਸੇ ਖਾਂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਾਇਆ ਹੈ। ਇਸ ਝੜਪ ਦੌਰਾਨ ਇੱਕ ਪੁਲਸ ਮੁਲਾਜ਼ਮ ਹੌਲਦਾਰ ਗੁਰਦੀਪ ਸਿੰਘ ਵੀ ਜ਼ਖਮੀ ਹੋ ਗਿਆ, ਜਿਸ ਨੂੰ ਉਸ ਦੇ ਸਾਥੀ ਮੁਲਾਜ਼ਮਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਹੈ।