ਭਗਵੰਤ ਮਾਨ ਨੇ ਸਾਊਦੀ ਅਰਬ ਵਿੱਚ ਫਸੀ ਲੜਕੀ ਦਾ ਵੇਰਵਾ ਵਿਦੇਸ਼ ਮੰਤਰਾਲੇ ਨੂੰ ਭੇਜਿਆ

bhagwant maan
ਸੰਗਰੂਰ, 12 ਅਕਤੂਬਰ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਊਦੀ ਅਰਬ ਵਿੱਚ ਫਸੀ ਹੋਈ ਪੰਜਾਬ ਦੀ ਲੜਕੀ ਨੂੰ ਛੇਤੀ ਵਾਪਸ ਲਿਆਂਦਾ ਜਾਵੇਗਾ, ਜਿਸ ਦਾ ਪਤਾ ਅਤੇ ਪਾਸਪੋਰਟ ਨੰਬਰ ਅਤੇ ਹੋਰ ਜਾਣਕਾਰੀ ਉਨ੍ਹਾਂ ਕੋਲ ਆ ਚੁੱਕੀ ਹੈ।
ਇਥੇ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਦੱਸਿਆ ਕਿ ਪਹਿਲਾਂ ਵੀ ਜ਼ਿਲਾ ਹੁਸ਼ਿਆਰਪੁਰ ਦੀ ਇਕ ਲੜਕੀ ਨੇ ਉਸ ਨੂੰ ਮਦਦ ਦੀ ਗੁਹਾਰ ਲਾਈ ਸੀ, ਜਿਸ ਉਪਰ ਉਨ੍ਹਾਂ ਕਾਰਵਾਈ ਕਰ ਕੇ ਉਸ ਨੂੰ ਵਾਪਸ ਲਿਆਉਣ ਲਈ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਸਾਊਦੀ ਅਰਬ ਤੋਂ ਇਕ ਕੁੜੀ ਨੇ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ ਹੈ, ਜਿਸ ਦਾ ਕੋਈ ਅਡਰੈੱਸ ਆਦਿ ਪਤਾ ਨਹੀਂ ਸੀ। ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਉਪਰ ਉਸ ਦਾ ਵੀਡੀਓ ਅਪਲੋਡ ਕਰਕੇ ਉਸ ਦਾ ਪਤਾ ਪੁੱਛਿਆ ਸੀ। ਉਸ ਲੜਕੀ ਦਾ ਪਾਸਪੋਰਟ ਨੰਬਰ ਅਤੇ ਪਤਾ ਮਿਲ ਚੁੱਕਿਆ ਹੈ। ਸਾਊਦੀ ਅਰਬ ਵਿੱਚ ਫਸੀ ਇਸ ਲੜਕੀ ਬਾਰੇ ਉਨ੍ਹਾਂ ਸਾਰੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਹੈ। ਹੁਣ ਵਿਦੇਸ਼ ਮੰਤਰਾਲਾ ਉਸ ਦਾ ਪਤਾ ਲਾਵੇਗਾ ਅਤੇ ਜਲਦੀ ਇਸ ਲੜਕੀ ਨੂੰ ਵਾਪਸ ਲਿਆਂਦਾ ਜਾਵੇਗਾ। ਮਾਨ ਨੇ ਦੋਸ਼ ਲਾਇਆ ਕਿ ਅਣ-ਅਧਿਕਾਰਤ ਟਰੈਵਲ ਏਜੰਟਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ।