ਭਗਤ ਸਿੰਘ ਦਾ ਪਿਸਤੌਲ ਇੰਦੌਰ ਦੇ ਬੀ ਐੱਸ ਐੱਫ ਮਿਊਜ਼ੀਅਮ ਤੋਂ ਛੇਤੀ ਪੰਜਾਬ ਲਿਆਂਦਾ ਜਾ ਸਕਦੈ

gun of bhagat singh
ਚੰਡੀਗੜ੍ਹ, 20 ਅਪ੍ਰੈਲ (ਪੋਸਟ ਬਿਊਰੋ)- ਜਿਸ ਪਿਸਤੌਲ ਨਾਲ ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ ਪੁਲਸ ਦੇ ਐੱਸ ਪੀ ਜਾਨ ਸਾਂਡਰਸ ਉੱਤੇ ਗੋਲੀ ਚਲਾਈ ਸੀ, ਉਹ ਹਾਲੇ ਤੱਕ ਇੰਦੌਰ ਦੇ ਬੀ ਐੱਸ ਐੱਫ ਮਿਊਜ਼ੀਅਮ ਵਿੱਚ ਹੈ। ਉਸ ਨੂੰ ਉਥੋਂ ਪੰਜਾਬ ਲਿਆਂਦੇ ਜਾਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਕੱਲ੍ਹ ਹਾਈ ਕੋਰਟ ਨੂੰ ਦੱਸਿਆ ਕਿ ਇਸ ਬਾਰੇ ਕੇਂਦਰ ਸਰਕਾਰ ਅਤੇ ਬੀ ਐੱਸ ਐੱਫ ਵਿਚਾਰ ਕਰ ਰਹੀ ਹੈ। ਕੇਂਦਰ ਦੇ ਇਸ ਜਵਾਬ ਉੱਤੇ ਹਾਈ ਕੋਰਟ ਨੇ ਕੇਸ ਦੀ ਸੁਣਵਾਈ 22 ਮਈ ਤੱਕ ਮੁਲਤਵੀ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਐਡਵੋਕੇਟ ਹਰੀ ਚੰਦ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਇਸ ਪਿਸਤੌਲ ਨੂੰ ਇੰਦੌਰ ਦੇ ਬੀ ਐੱਸ ਐੱਫ ਮਿਊਜ਼ੀਅਮ ਤੋਂ ਲਿਆ ਕੇ ਪੰਜਾਬ ਦੇ ਖਟਕੜ ਕਲਾਂ ਮਿਊਜ਼ੀਅਮ ਵਿੱਚ ਰੱਖਣ ਦੀ ਮੰਗ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਕਿਹਾ ਸੀ ਕਿ ਸਾਲ 1944 ਵਿੱਚ ਲਾਹੌਰ ਦੇ ਐੱਸ ਐੱਸ ਪੀ ਨੇ ਇਹ ਪਿਸਤੌਲ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਨੂੰ ਭੇਜਿਆ ਸੀ। ਸਾਲ 1969 ਵਿੱਚ ਇਹ ਪਿਸਤੌਲ ਅਕੈਡਮੀ ਤੋਂ ਬੀ ਐੱਸ ਐੱਫ ਦੇ ਕੋਲ ਪਹੁੰਚ ਗਿਆ। ਪਟੀਸ਼ਨਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਸਾਲ ਨਵੰਬਰ ਵਿੱਚ ਪਤਾ ਲੱਗਾ ਕਿ ਭਗਤ ਸਿੰਘ ਦਾ ਇਹ ਪਿਸਤੌਲ ਹੁਣ ਇੰਦੌਰ ਵਿੱਚ ਬੀ ਐੱਸ ਐੱਫ ਦੇ ਮਿਊਜ਼ੀਅਮ ਵਿੱਚ ਹੈ।