ਬੱਸ ਅੱਡੇ ਨੇੜੇ ਬੱਸ ਦੀ ਲਪੇਟ ‘ਚ ਆ ਕੇ ਪਤੀ ਨਾਲ ਜਾਂਦੀ ਪਤਨੀ ਦੀ ਮੌਤ


ਜਲੰਧਰ, 30 ਜੂਨ (ਪੋਸਟ ਬਿਊਰੋ)- ਬੱਸ ਅੱਡਾ ਨੇੜੇ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਭਿੰਡਰ ਬੱਸ ਨੇ ਇੱਕ ਐਕਟਿਵਾ ਉੱਤੇ ਸਵਾਰ ਨਿਸ਼ੂ ਬੇਬੀ (28) ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਸਮੇਂ ਬੱਸ ਦੀ ਰਫਤਾਰ ਇੰਨੀ ਤੇਜ਼ ਸੀ ਕਿ ਐਕਟਿਵਾ ਨੂੰ ਟੱਕਰ ਮਾਰਨ ਪਿੱਛੋਂ ਜਦੋਂ ਨਿਸ਼ੂ ਪਹੀਏ ਹੇਠਾਂ ਆਈ ਤਾਂ ਚਾਲਕ ਨੇ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਕਾਫੀ ਅੱਗੇ ਜਾ ਕੇ ਰੁਕੀ। ਬੱਸ ਰੁਕਦੇ ਸਾਰ ਚਾਲਕ ਕੁਲਵਿੰਦਰ ਸਿੰਘ ਬੱਸ ਛੱਡ ਕੇ ਭੱਜ ਨਿਕਲਿਆ।
ਇਸ ਸੰਬੰਧ ਵਿੱਚ ਬੱਸ ਅੱਡਾ ਚੌਕੀ ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਸਾਲ 2016 ਵਿੱਚ ਨਿਸ਼ੂ ਬੇਬੀ ਦਾ ਵਿਆਹ ਆਦਮਪੁਰ ਦੇ ਡਰੌਲੀ ਖਰੁਦ ਦੇ ਹਰਕਮਲ ਸਿੰਘ ਨਾਲ ਹੋਇਆ ਸੀ। ਹਰਕਮਲ ਸਿੰਘ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਨਿਸ਼ੂ ਵੀ ਬੱਸ ਅੱਡੇ ਨੇੜੇ ਸੈਂਟਰਲ ਮਾਰਕੀਟ ਵਿੱਚ ਯੂਨੀਕ ਕੰਸਲਟੈਂਸੀ ਟ੍ਰੈਵਲ ਏਜੰਸੀ ਵਿੱਚ ਕੰਮ ਕਰਦੀ ਸੀ। ਹਰਕਮਲ ਸਿੰਘ ਨੇ ਦੱਸਿਆ ਕਿ ਰੋਜ਼ ਨਿਸ਼ੂ ਖੁਦ ਘਰ ਆ ਜਾਂਦੀ ਸੀ, ਪਰ ਕੁਝ ਜ਼ਰੂਰੀ ਚੈਕਅਪ ਕਰਵਾਉਣ ਲਈ ਉਨ੍ਹਾਂ ਐਸ ਜੀ ਐਲ ਹਸਪਤਾਲ ਜਾਣਾ ਸੀ, ਇਸ ਲਈ ਉਹ ਐਕਟਿਵਾ ‘ਤੇ ਉਸ ਕੋਲ ਆਇਆ ਸੀ। ਦੁਪਹਿਰੇ ਵੇਲੇ ਐਕਟਿਵਾ ਉਤੇ ਉਹ ਹਸਪਤਾਲ ਜਾਣ ਲਈ ਨਿਕਲੇ ਸਨ ਕਿ ਬੱਸ ਅੱਡੇ ਕੋਲ ਜੈਨ ਕਲੀਨਿਕ ਨੇੜੇ ਤੇਜ਼ ਰਫਤਾਰ ਭਿੰਡਰ ਬੱਸ ਆਈ, ਜਿਸ ਨੂੰ ਵੇਖ ਕੇ ਉਹ ਇਕ ਸਾਈਡ ਉੱਤੇ ਹੋ ਗਿਆ। ਫਿਰ ਵੀ ਬੱਸ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਬੇਕਾਬੂ ਹੋਈ ਐਕਟਿਵਾ ਤੋਂ ਉਹ ਦੋਵੇਂ ਹੇਠਾਂ ਡਿੱਗ ਪਏ। ਉਹ ਸੜਕ ਦੇ ਦੂਜੇ ਪਾਸੇ ਡਿੱਗਾ, ਪਰ ਨਿਸ਼ੂ ਸੜਕ ਵਿਚਾਲੇ ਡਿੱਗ ਪਈ ਤੇ ਬੱਸ ਹੇਠਾਂ ਆ ਗਈ। ਪਹੀਆ ਚੜ੍ਹਨ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਪਿੱਛੋਂ ਬੱਸ ਚਾਲਕ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਰਫਤਾਰ ਤੇਜ਼ ਹੋਣ ਕਾਰਨ ਬੱਸ ਕਾਫੀ ਅੱਗੇ ਜਾ ਕੇ ਰੁਕੀ। ਬੱਸ ਨੂੰ ਪੁਲਸ ਨੇ ਕਬਜ਼ੇ ‘ਚ ਲੈ ਲਿਆ ਹੈ। ਪੁਲਸ ਮੁਤਾਬਕ ਜਲੰਧਰ ਦੇ ਸਿਕੰਦਰਪੁਰ ਪਿੰਡ ਦਾ ਚਾਲਕ ਕੁਲਵਿੰਦਰ ਸਿੰਘ ਬੱਸ ਛੱਡ ਦੌੜ ਗਿਆ ਹੈ।