ਬੰਬੇ ਭੇਲ ਹਾਦਸੇ ਦੇ ਟਾਲਣਯੋਗ ਪਹਿਲੂ

ਵੀਰਵਾਰ ਨੂੰ ਮਿਸੀਸਾਾਗਾ ਵਿੱਚ ਸਥਿਤ ਬੰਬੇ ਭੇਲ  (Bombay Bhel) ਰੈਸਟੋਰੈਂਟ ਵਿੱਚ ਹੋਏ ਘਿਨਾਉਣੇ ਬੰਬ ਕਾਂਡ ਵਿੱਚ 15 ਵਿਅਕਤੀਆਂ ਦਾ ਜਖ਼ਮੀ ਹੋਣਾ ਦਰਦਨਾਕ ਹੋਣ ਦੇ ਨਾਲ 2 ਇੱਕ ਅਜਿਹੀ ਘਟਨਾ ਹੈ ਜੋ ਕਈ ਟਾਲਣਯੋਗ ਪਹਿਲੂਆਂ ਨੂੰ ਜਨਮ ਦੇ ਰਹੀ ਹੈ। ਪੀਲ ਰੀਜਨਲ ਪੁਲੀਸ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਲਾਇਆ ਜਾ ਸਕਿਆ ਕਿ ਇਹ ਹਾਦਸੇ ਦੇ ਪਿੱਛੇ ਕਿਸ ਗਰੁੱਪ ਦਾ ਹੱਥ ਹੋ ਸਕਦਾ ਹੈ ਅਤੇ ਕੌਣ ਵਿਅਕਤੀ ਇਸ ਲਈ ਜੁੰਮੇਵਾਰ ਹਨ ਅਤੇ ਉਹਨਾਂ ਦਾ ਮੰਤਵ ਕੀ ਹੋ ਸਕਦਾ ਹੈ। ਜਿਸ ਕਿਸਮ ਦੇ ਹਾਲਾਤ ਅੱਜ ਵਿਸ਼ਵ ਵਿੱਚ ਬਣੇ ਹੋਏ ਹਨ, ਅਜਿਹੀਆਂ ਘਟਨਾਵਾਂ ਨੂੰ ਅਤਿਵਾਦ ਨਾਲ ਜੋੜ ਕੇ ਵੇਖਣਾ ਇੱਕ ਆਮ ਗੱਲ ਹੋ ਗਈ ਹੈ। ਪਰ ਇੱਕ ਜੁੰਮੇਵਾਰ ਪੁਲੀਸ ਫੋਰਸ ਹੋਣ ਦੇ ਨਾਤੇ ਪੀਲ ਪੁਲੀਸ ਲਈ ਲਾਜ਼ਮੀ ਹੈ ਕਿ ਉਹ ਮਾਮਲੇ ਦੀ ਡੁੰਘਾਈ ਨਾਲ ਤਫਤੀਸ਼ ਕਰਨ ਤੋਂ ਬਾਅਦ ਪੁੱਜੇ ਸਿੱਟੇ ਬਾਬਤ ਹੀ ਪਬਲਿਕ ਨਾਲ ਜਾਣਕਾਰੀ ਸਾਂਝੀ ਕਰੇ।

ਕੈਨੇਡਾ ਵਿੱਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਲਈ ਇਹ ਘਟਨਾ ਵਿਸ਼ੇਸ਼ ਕਰਕੇ ਚਿੰਤਾਜਨਕ ਹੈ ਕਿਉਂਕਿ ਇਸ ਬੰਬ ਕਾਂਡ ਵਿੱਚ ਜਖ਼ਮੀ ਹੋਣ ਵਾਲੇ ਜਿ਼ਆਦਾਤਰ ਲੋਕ ਭਾਰਤੀ ਮੂਲ ਦੇ ਸਨ। ਇਹ ਗੱਲ ਹੋਰ ਵੀ ਦੁਖਦਾਈ ਹੋ ਜਾਂਦੀ ਹੈ ਕਿਉਂਕਿ ਉਸ ਵੇਲੇ ਘਟਨਾ ਸਥਾਨ ਉੱਤੇ ਕਈ ਬੱਚੇ ਵੀ ਮੌਜੂਦ ਸਨ ਜਿਹਨਾਂ ਦੇ ਨਰਮ ਹਿਰਦਿਆਂ ਉੱਤੇ ਅਜਿਹੇ ਹਾਦਸੇ ਗਹਿਰਾ ਪ੍ਰਭਾਵ ਛੱਡ ਜਾਂਦੇ ਹਨ।

ਬੇਸ਼ੱਕ ਪੀਲ ਪੁਲੀਸ ਵੱਲੋਂ ਇਸ ਘਟਨਾ ਦੇ ਮੰਤਵ ਅਤੇ ਇਸ ਘਟਨਾ ਦੇ ਦੋਸ਼ੀਆਂ ਬਾਰੇ ਹਾਲੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇੰਡੋ ਕੈਨੇਡੀਅਨ ਕਮਿਉਨਿਟੀ ਵਿੱਚ ਇੱਕ ਚਰਚਾ ਛਿੜ ਪਈ ਹੈ ਜਿਸਦੇ ਵੱਖੋ ਵੱਖਰੇ ਅਰਥ ਕੱਢੇ ਜਾ ਰਹੇ ਹਨ। ਮਿਸਾਲ ਵਜੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਤੁਰੰਤ ਬਿਆਨ ਦੇ ਕੇ ਇਸ ਘਟਨਾ ਨੂੰ ਅਤਿਵਾਦ ਨਾਲ ਜੋੜਨਾ ਅਤੇ ਉਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਹੋਈ ਆਪਣੀ ਮੁਲਾਕਾਤ ਦੌਰਾਨ ਕੈਨੇਡਾ ਵਿੱਚ ਅਤਿਵਾਦ ਬਾਬਤ ਕੀਤੀ ਗੱਲਬਾਤ ਦਾ ਇਸ ਘਟਨਾ ਬਾਰੇ ਦਿੱਤੇ ਬਿਆਨ ਵਿੱਚ ਜਿ਼ਕਰ ਕਰਨਾ ਇਸ ਚਰਚਾ ਨੂੰ ਵੱਖਰੇ ਪਰੀਪੇਖ ਵਿੱਚ ਲਿਜਾ ਰਿਹਾ ਹੈ। ਅਜਿਹੇ ਬਿਆਨ ਇਸ ਗੱਲ ਦਾ ਵੀ ਮੁੱਢ ਬੰਨਦੇ ਹਨ ਕਿ ਇੰਡੋ ਕੈਨੇਡੀਅਨ ਭਾਈਚਾਰੇ ਦੀਆਂ ਅੰਦਰੂਨੀ ਸਫ਼ਾਂ ਵਿੱਚ ਤਰੇੜਾਂ ਹਨ।

ਇਵੇਂ ਹੀ ਭਾਰਤ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸ਼ੁਸ਼ਮਾ ਸਵਰਾਜ ਵੱਲੋਂ ਘਟਨਾ ਤੋਂ ਤੁਰੰਤ ਬਾਅਦ ਟਵੀਟ ਕਰਨਾ ਹੈਰਾਨੀਜਨਕ ਹੈ। ਸ਼ੁਸ਼ਮਾ ਸਵਰਾਜ ਵੱਲੋਂ ਟੋਰਾਂਟੋ ਵਿਖੇ ਭਾਰਤੀ ਕਾਨਸੁਲੇਟ ਜਨਰਲ ਵਿਖੇ ਇਸ ਘਟਨਾ ਦੇ ਪੀੜਤਾਂ ਲਈ ਹਾਟਲਾਈਨ ਖੋਲਣ ਦਾ ਹੁਕਮ ਦੇਣਾ ਵੀ ਕਾਹਲ ਵਿੱਚ ਚੁੱਕਿਆ ਕਦਮ ਕਿਹਾ ਜਾਵੇਗਾ। ਸੁਆਲ ਹੈ ਕਿ ਬੰਬੇ ਭੇਲ ਵਿੱਚ ਜਖ਼ਮੀ ਹੋਣ ਵਾਲੇ ਲੋਕ ਬੇਸ਼ੱਕ ਭਾਰਤੀ ਮੂਲ ਦੇ ਹਨ ਪਰ ਉਹ ਜਿ਼ਆਦਾਤਰ ਕੈਨੇਡੀਅਨ ਸਿਟੀਜ਼ਨ ਹਨ। ਉਹਨਾਂ ਦੀ ਹਿਫਾਜ਼ਤ ਅਤੇ ਸੁਰੱਖਿਆ ਦੀ ਜੁੰਮੇਵਾਰੀ ਕੈਨੇਡੀਅਨ ਸਰਕਾਰ ਦੀ ਹੈ। ਅਜਿਹੇ ਹਾਲਾਤਾਂ ਵਿੱਚ ਭਾਰਤੀ ਵਿਦੇਸ਼ ਮੰਤਰੀ ਲਈ ਚੰਗਾ ਹੁੰਦਾ ਕਿ ਉਸ ਵੱਲੋਂ ਮਹਿਕਮੇ ਦੇ ਅਧਿਕਾਰੀਆਂ ਰਾਹੀਂ ਕੈਨੇਡਾ ਨਾਲ ਡਿਪਲੋਮੈਟਿਕ ਪੱਧਰ ਉੱਤੇ ਸੰਪਰਕ ਬਣਾ ਕੇ ਸਥਿਤੀ ਦਾ ਜ਼ਾਇਜਾ ਲਿਆ ਜਾਂਦਾ। ਜੇ ਜਖ਼ਮੀ ਹੋਏ ਵਿਅਕਤੀਆਂ ਵਿੱਚ ਕਿਸੇ ਭਾਰਤੀ ਸ਼ਹਿਰੀ ਦੇ ਹੋਣ ਦਾ ਪਤਾ ਲੱਗਦਾ ਤਾਂ ਉਸ ਲਈ ਕਾਨਸੁਲਰ ਸੇਵਾਵਾਂ ਮੁਹਈਆ ਕਰਵਾਈਆਂ ਜਾਂਦੀਆਂ।

ਅਮਰਿੰਦਰ ਸਿੰਘ ਅਤੇ ਸੁਸ਼ਮਾ ਸਵਰਾਜ ਦਾ ਪ੍ਰਤੀਕਰਮ ਉਸ ਅਣਸੁਖਾਵੀਂ ਫੋਨ ਕਾਲ ਦਾ ਚੇਤਾ ਕਰਵਾਉਂਦਾ ਹੈ ਜੋ ਜੂਨ 1985 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਬਰਾਇਨ ਮੁਲਰੋਨੀ ਨੇ ਏਅਰ ਇੰਡੀਆ ਬੰਬ ਕਾਂਡ ਤੋਂ ਬਾਅਦ ਕੀਤੀ ਸੀ। ਉਸ ਅਤਿਵਾਦ ਕਾਂਡ ਵਿੱਚ 329 ਵਿਅਕਤੀਆਂ ਦੀ ਮੌਤ ਤੋਂ ਬਾਅਦ ਮੁਲਰੋਨੀ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਫੋਨ ਕਾਲ ਕਰਕੇ ਅਫਸੋਸ ਜਾਹਰ ਕਰਨਾ ਚਾਹਿਆ ਸੀ ਤਾਂ ਭਾਰਤੀ ਪ੍ਰਧਾਨ ਮੰਤਰੀ ਨੇ ਉਸਨੂੰ ਚੇਤੇ ਕਰਵਾਇਆ ਕਿ ਮਰਨ ਵਾਲੇ ਤਾਂ ਜਿਆਦਾਤਰ ਕੈਨੇਡੀਅਨ ਸਿਟੀਜ਼ਨ ਹਨ।

ਕੈਨੇਡਾ ਅਤੇ ਭਾਰਤ ਦੋਵੇਂ ਮੁਲਕਾਂ ਦੇ ਆਪਸ ਵਿੱਚ ਗਹਿਰੇ ਸਬੰਧ ਹਨ। ਇਹਨਾਂ ਸਬੰਧਾਂ ਨੂੰ ਮਜ਼ਬੂਤ ਬਣਾਈ ਰੱਖਣ ਵਿੱਚ ਸੰਜੀਦਗੀ ਭਰੇ ਡਿਪਲੋਮੈਟਿਕ ਸਬੰਧ ਬਣਾਈ ਰੱਖਣ ਦੀ ਲੋੜ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਜਸਪਾਲ ਅਟਵਾਲ ਦੀ ਮੌਜੂਦਗੀ ਨੂੰ ਲੈ ਕੇ ਕੈਨੇਡਾ ਵਿੱਚ ਛਿੜੀ ਭਾਰਤੀ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ਦੀ ਚਰਚਾ ਵੀ ਇਸ ਪਰੀਪੇਖ ਵਿੱਚ ਜਿ਼ਕਰ ਰੱਖਦੀ ਹੈ। ਇਹੋ ਜਿਹੀਆਂ ਸਾਰੀਆਂ ਚਰਚਾਵਾਂ ਤੋਂ ਬਚਣਾ ਹੀ ਕੈਨੇਡਾ, ਭਾਰਤ ਅਤੇ ਭਾਰਤੀ ਮੂਲ ਦੇ ਕੈਨੇਡੀਅਨਾਂ ਦੇ ਵੱਡੇ ਹਿੱਤਾਂ ਵਿੱਚ ਹੈ।