ਬੰਦ ਹੋਵੇ ਮੁਅੱਤਲ ਪੁਲੀਸ ਅਫ਼ਸਰਾਂ ਉੱਤੇ ਡਾਲਰਾਂ ਦੀ ਸੁਨਹਿਰੀ ਬੁਛਾੜ

zzzzzzzz-300x11112
ਕੌਣ ਨਹੀਂ ਕਰਨਾ ਚਾਹੇਗਾ ਅਜਿਹੀ ਨੌਕਰੀ ਜਿਸ ਵਿੱਚ ਤੁਸੀਂ ਕਿਸੇ ਮਜ਼ਲ਼ੂਮ ਔਰਤ ਨੂੰ ਸਰਕਾਰੀ ਕਾਰ ਵਿੱਚ ਬਿਠਾਓ, ਉਸ ਨਾਲ ਸੈਕਸੂਅਲ ਬਦਸਲੂਕੀ ਕਰੋ ਅਤੇ ਫੜੇ ਜਾਣ ਉੱਤੇ ਮੁਅੱਤਲ ਹੋਣ ਦੇ ਬਾਵਜੂਦ ਸਾਲ ਦੀ 1 ਲੱਖ 20 ਹਜ਼ਾਰ ਤਨਖਾਹ ਹਾਸਲ ਕਰੋ! ਇਹ ਕਿੱਸਾ ਟੋਰਾਂਟੋ ਪੁਲੀਸ ਦੇ ਸਾਰਜੈਂਟ ਕ੍ਰਿਸਟੋਫਰ ਹਰਡ (Sgt. Christopher Heard) ਦਾ ਹੈ। ਉਸਦੇ ਇੱਕ ਹੋਰ ਸਾਥੀ ਸਾਰਜੈਂਟ ਰੌਬਰਟ ਗੂਡੀ ਨੇ ਸਕਾਰਬਰੋ ਦੇ ਇੱਕ ਪਾਰਕਿੰਗ ਲਾਟ ਵਿੱਚ ਇੱਕ ਵਿਅਕਤੀ ਨਾਲ ਝਗੜਾ ਕਰਕੇ ਜਖ਼ਮੀ ਕਰ ਦਿੱਤਾ। ਪਰ ਉਸਦੀ ਜਾਵੇ ਬਲਾਅ ਜਿਸਨੂੰ ਉਸਨੂੰ ਘਰ ਬੈਠ ਬਿਠਾਏ 1 ਲੱਖ 16 ਹਜ਼ਾਰ ਡਾਲਰਾਂ ਤੋਂ ਵੱਧ ਤਨਖਾਹ ਮਿਲਦੀ ਹੈ। ਆਖਦੇ ਹਨ ਕਿ ਹਾਥੀ ਜਿਉਂਦਾ ਲੱਖ ਦਾ ਅਤੇ ਮਰਿਆ ਸਵਾ ਲੱਖ ਦਾ। ਬੇਸ਼ੱਕ ਸਾਰੀ ਪੁਲੀਸ ਫੋਰਸ ਨੂੰ ਦੋਸ਼ ਨਹੀਂ ਲਾਇਆ ਜਾ ਸਕਦਾ ਲੇਕਿਨ ਇਹੀ ਹਾਲ ਭੈੜੇ ਪੁਲੀਸ ਅਫ਼ਸਰਾਂ ਦਾ ਹੈ। ਬੀਤੇ ਹਫਤਿਆਂ ਵਿੱਚ ਜਦੋਂ ਉਂਟੇਰੀਓ ਦੀ ਸਨਸ਼ਾਈਨ ਲਿਸਟ ਜਾਰੀ ਕੀਤੀ ਗਈ ਤਾਂ ਉਸ ਵਿੱਚ ਵੱਡੇ ਵੱਡੇ ਖੁਲਾਸੇ ਹੋਏ ਸਨ ਕਿ ਕਿਸ ਮਹਿਕਮੇ ਦਾ ਕਿਹੜਾ ਅਧਿਕਾਰੀ ਸਾਲ ਵਿੱਚ 1 ਲੱਖ ਤੋਂ ਵੱਧ ਡਾਲਰ ਤਨਖਾਹ ਲੈਂਦਾ ਹੈ। ਇਸ ਸਾਰੇ ਮੁਆਸ਼ਰੇ ਵਿੱਚ ਸੱਭ ਤੋਂ ਵੱਧ ਦਿਲਚਸਪ ਕਿੱਸਾ ਪੁਲੀਸ ਅਫ਼ਸਰਾਂ ਦਾ ਹੈ ਜਿਹਨਾਂ ਨੂੰ ਸਸਪੈਂਡ ਹੋਣ ਦੇ ਬਾਵਜੂਦ ਲੱਖਾਂ ਡਾਲਰਾਂ ਵਿੱਚ ਤਨਖਾਹ ਮਿਲਣੀ ਜਾਰੀ ਰਹਿੰਦੀ ਹੈ।

1 ਲੱਖ ਡਾਲਰ ਤਨਖਾਹ ਲੈਣ ਵਾਲਿਆਂ ਵਿੱਚ 2013 ਵਿੱਚ 16 ਸਾਲਾਂ ਦੇ ਸੈਮੀ ਯਤੀਮ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਦਾ ਦੋਸ਼ੀ ਕਾਂਸਟੇਬਲ ਜੇਮਜ਼ ਫੋਰਸੀਲੋ ਵੀ ਸ਼ਾਮਲ ਹੈ। ਪੂਰੇ ਕੈਨੇਡਾ ਭਰ ਵਿੱਚ ਸਿਰਫ ਉਂਟੇਰੀਓ ਹੀ ਇੱਕ ਅਜਿਹਾ ਪ੍ਰੋਵਿੰਸ ਹੈ ਜਿੱਥੇ ਮੁਅੱਤਲ ਕੀਤੇ ਗਏ ਪੁਲੀਸ ਅਫ਼ਸਰਾਂ ਨੂੰ ਮਾਣ ਸਨਮਾਨ ਨਾਲ ਤਨਖਾਹ ਦਿੱਤਾ ਜਾਣਾ ਲਾਜ਼ਮੀ ਹੈ। ਤਨਖਾਹ ਉਸ ਵੇਲੇ ਤੱਕ ਮਿਲਦੀ ਰਹਿੰਦੀ ਹੈ ਜਦੋਂ ਤੱਕ ਉਹਨਾਂ ਨੂੰ ਅਦਾਲਤ ਜੇਲ੍ਹ ਵਿੱਚ ਨਹੀਂ ਭੇਜ ਦੇਂਦੀ। ਸਾਡਾ ਨਿਆਂ ਸਿਸਟਮ ਅਜਿਹਾ ਹੈ ਕਿ ਕਨੂੰਨ ਦੀ ਵਾਗਡੋਰ ਹੱਥ ਵਿੱਚ ਫੜ ਕੇ ਸੜਕਾਂ ਉੱਤੇ ਦਹਿਸ਼ਤ ਪੈਦਾ ਕਰਨ ਵਾਲੇ ਪੁਲੀਸ ਅਫ਼ਸਰਾਂ ਨੂੰ ਜੇਲ੍ਹ ਭੇਜਣ ਦੀਆਂ ਮਿਸਾਲਾਂ ਘੱਟ ਹੀ ਮਿਲਦੀਆਂ ਹਨ। ਸਮਝਿਆ ਜਾਂਦਾ ਹੈ ਉਂਟੇਰੀਓ ਵਿੱਚ ਤਕਰੀਬਨ 100 ਪੁਲੀਸ ਅਫ਼ਸਰ ਹਨ ਜਿਹਨਾਂ ਨੂੰ ਸਸਪੈਂਡ ਹੋਣ ਦੇ ਬਾਵਜੂਦ ਤਨਖਾਹਾਂ ਦੇ ਗੱਫੇ ਮਿਲਦੇ ਹਨ। ਇਹਨਾਂ ਵਿੱਚੋਂ ਕਈ ਮਿਹਨਤੀ ਕਿਸਮ ਦੇ ਹਨ ਜੋ ਰੀਅਲ ਐਸਟੇਟ/ਮਾਰਗੇਜ ਤੋਂ ਲੈ ਕੇ ਹੋਰ ਬਿਜਨਸ ਉੱਦਮਾਂ ਵਿੱਚ ਰੁੱਝ ਜਾਂਦੇ ਹਨ ਅਤੇ ਕਈ ਵਾਟਰਲੂ ਪੁਲੀਸ ਦੇ ਅਫਸਰ ਕਰੈਗ ਮਾਰਖਮ ਵਰਗੇ ਹੁੰਦੇ ਹਨ ਜਿਹੜੇ ਮੁਅੱਤਲ ਹੋ ਕੇ ਗੋਲਫ ਖੇਡਣ ਦਾ ਸ਼ੌਕ ਪਾਲ ਲੈਂਦੇ ਹਨ।

ਇਹ ਨਹੀਂ ਕਿ ਪਿਛਲੇ 11-12 ਸਾਲਾਂ ਤੋਂ ਸੱਤਾ ਵਿੱਚ ਬੈਠੀ ਲਿਬਰਲ ਸਰਕਾਰ ਨੂੰ ਇਹਨਾਂ ਗੱਲਾਂ ਦਾ ਫਿਕਰ ਨਹੀਂ ਹੈ। ਮੁਅੱਤਲ ਹੋਏ ਪੁਲੀਸ ਅਫ਼ਸਰਾਂ ਨੂੰ ਤਨਖਾਹ ਤਾਂ ਇੱਕ ਪਾਸੇ, ਸਰਕਾਰ ਨੂੰ ਤਾਂ ਨੌਕਰੀਸ਼ੁਦਾ 1 ਲੱਖ ਡਾਲਰ ਤਨਖਾਹ ਲੈਣ ਵਾਲਿਆਂ ਤੋਂ ਵੀ ਚਿੰਤਾ ਹੈ। ਬਕੌਲ ਉਂਟੇਰੀਓ ਦੇ ਖਜਾਨਾ ਬੋਰਡ ਦੇ ਚੇਅਰਮੈਨ ਬੀਬੀ ਲਿਜ਼ ਸੈਂਡਲਜ਼, “ਅਸੀਂ ਜਾਣਦੇ ਹਾਂ ਕਿ 1 ਲੱਖ ਡਾਲਰ ਤਨਖਾਹ ਬਹੁਤ ਜਿ਼ਆਦਾ ਪੈਸੇ ਹੁੰਦੇ ਹਨ ਅਤੇ ਅਸੀਂ ਇਹ ਵੀ ਸਮਝਦੇ ਹਾਂ ਕਿ ਉਂਟੇਰੀਓ ਵਾਸੀਆਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਹਨਾਂ ਦੇ ਟੈਕਸਾਂ ਨੂੰ ਤਨਖਾਹਾਂ ਦੇ ਰੂਪ ਵਿੱਚ ਕਿਸ ਢੰਗ ਨਾਲ ਵਰਤਿਆ ਜਾਂਦਾ ਹੈ” ਪਰ ਸਰਕਾਰ ਦਾ ਵਤੀਰਾ ‘ਪੰਚਾਂ ਦਾ ਕਿਹਾ ਸਿਰਮੱਥੇ ਪਰਨਾਲਾ ਉੱਥੇ ਦਾ ਉੱਥੇ’ ਵਾਲਾ ਹੈ। ਸਤੰਬਰ 2016 ਵਿੱਚ ਉਂਟੇਰੀਓ ਐਸੋਸੀਏਸ਼ਨ ਆਫ ਪੁਲੀਸ ਸਰਵਿਸਜ਼ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ ਉਂਟੇਰੀਓ ਦੇ 100 ਤੋਂ ਵੱਧ ਪੁਲੀਸ ਸਰਵਿਸਜ਼ ਬੋਰਡਾਂ ਨੇ ਹਿੱਸਾ ਲਿਆ। ਸਰਵੇਖਣ ਵਿੱਚ ਪਾਇਆ ਗਿਆ ਕਿ ਪੁਲੀਸ ਬੋਰਡ ਚਾਹੁੰਦੇ ਹਨ ਕਿ ਸਰਕਾਰ ਗੰਭੀਰ ਦੁਰਵਿਹਾਰ ਦੇ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਬਿਨਾ ਤਨਖਾਹ ਤੋਂ ਮੁਅੱਤਲ ਕਰਨ ਬਾਬਤ ਨੇਮ ਬਣਾਵੇ।

ਪ੍ਰੀਮੀਅਰ ਕੈਥਲਿਨ ਵਿੱਨ ਖੁਦ ਵੀ ਇਸ ਬਾਰੇ ਬਹੁਤ ਕੁੱਝ ਆਖ ਚੁੱਕੀ ਹੈ ਲੇਕਿਨ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਜਿਸਦੀ ਵਜਹ ਕਰਕੇ ਪਬਲਿਕ ਦਾ ਪੁਲੀਸ ਫੋਰਸ ਵਿੱਚ ਭਰੋਸਾ ਨਿੱਤ ਦਿਨ ਘੱਟ ਹੁੰਦਾ ਜਾ ਰਿਹਾ ਹੈ। ਪੁਲੀਸ ਸਿਸਟਮ ਵਿੱਚ ਜਵਾਬਦੇਹੀ ਬਹੁਤ ਲਾਜ਼ਮੀ ਤੱਤ ਹੁੰਦਾ ਹੈ ਤਾਂ ਕਿ ਆਮ ਆਦਮੀ ਪੁਲੀਸ ਦੀ ਕਾਬਲੀਅਤ ਵਿੱਚ ਯਕੀਨ ਕਰੇ ਅਤੇ ਲੋੜ ਪੈਣ ਉੱਤੇ ਆਪਣੀ ਸਿ਼ਕਾਇਤ ਨੂੰ ਉੱਚ ਅਧਿਕਾਰੀਆਂ ਕੋਲ ਰੱਖ ਸਕੇ। ਜੇਕਰ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨਾਲ ਬਲਾਤਕਾਰ, ਠੱਗੀਆਂ ਅਤੇ ਹੋਰ ਜਬਰਦਸਤੀਆਂ ਕਰਨ ਵਾਲੇ ਅਫ਼ਸਰ ਦੀ ਸਿ਼ਕਾਇਤ ਦਾ ਮੁੱਲ ਸਿਰਫ਼ ਬਿਨਾ ਕੰਮ ਤੋਂ ਲੱਖਾਂ ਡਾਲਰਾਂ ਦੀ ਤਨਖਾਹ ਮਿਲਣਾ ਹੈ ਤਾਂ ਕੌਣ ਕਿਸਨੂੰ ਜਵਾਬਦੇਹ ਬਣਾ ਸਕੇਗਾ। ਸੁਆਲ ਸਿਰਫ ਲੋਕਾਂ ਦੇ ਟੈਕਸਾਂ ਦੀ ਸਹੀ ਵਰਤੋਂ ਦਾ ਨਹੀਂ ਸਗੋਂ ਸਮੁੱਚੇ ਸਿਸਟਮ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਦਾ ਹੈ।