ਬੰਦ ਹੋਣ ਦੇ ਖਤਰੇ ਕਾਰਨ ਖਾਲਸਾ ਯੂਨੀਵਰਸਿਟੀ ਦੇ ਦਾਖਲੇ ਅਗਲੇ ਹੁਕਮ ਤੱਕ ਬੰਦ!

khalsa university
ਅੰਮ੍ਰਿਤਸਰ, 7 ਅਪ੍ਰੈਲ (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਵੇਲੇ ਬਣੀ ਖਾਲਸਾ ਯੂਨੀਵਰਸਿਟੀ ਦਾ ਵਿਵਾਦ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਨੀਵਰਸਿਟੀ ਦੀ ਫਾਈਲ ਦਾ ਰੀਵਿਊ ਕਰਨ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਗੰਭੀਰ ਦੋਸ਼ ਲਾਉਣ ਪਿੱਛੋਂ ਕਨਸੋਆਂ ਆ ਰਹੀਆਂ ਹਨ ਕਿ ਸਰਕਾਰ ਨੇ ਅਗਲੇ ਹੁਕਮਾਂ ਤੱਕ ਦਾਖਲੇ ਬੰਦ ਕਰ ਦਿੱਤੇ ਹਨ। ਖਾਲਸਾ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਅਜਿਹੀ ਕੋਈ ਜਾਣਕਾਰੀ ਨਹੀਂ ਅਤੇ ਨਾ ਉਨ੍ਹਾਂ ਕੋਲ ਨੋਟੀਫਿਕੇਸ਼ਨ ਪੁੱਜਾ ਹੈ।
ਵਰਨਣ ਯੋਗ ਹੈ ਕਿ ਹਾਲ ਹੀ ਵਿੱਚ ਖਾਲਸਾ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇੱਕ ਸਪੱਸ਼ਟੀਕਰਨ ਦਿੱਤਾ ਸੀ ਕਿ ਕਾਨੂੰਨ ਦੇ ਅਨੁਸਾਰ ਖਾਲਸਾ ਯੂਨੀਵਰਸਿਟੀ ਦਾ ਐਕਟ ਪਾਸ ਹੋਇਆ ਤੇ ਪਿਛਲੇ ਸਾਲ ਤੋਂ ਵਿਦਿਆਰਥੀਆਂ ਦੇ ਦਾਖਲੇ ਹੋਏ ਤੇ ਉਹ ਪੜ੍ਹ ਰਹੇ ਹਨ। ਅਗਸਤ 2016 ਵਿੱਚ ਖਾਲਸਾ ਯੂਨੀਵਰਸਿਟੀ ਦਾ ਨੋਟੀਫਿਕੇਸ਼ਨ ਹੋਇਆ ਸੀ ਅਤੇ ਸਤੰਬਰ 2016 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਐਕਟ ਪਾਸ ਕਰ ਦਿੱਤਾ ਗਿਆ ਸੀ। ਯੂਨੀਵਰਸਿਟੀ ਦੇ ਅਗਲੇ ਦਾਖਲੇ ਗ੍ਰੈਜੂਏਸ਼ਨ ਦੇ ਨਤੀਜਿਆਂ ਪਿੱਛੋਂ ਅਪ੍ਰੈਲ-ਮਈ ਵਿੱਚ ਹੋਣਗੇ, ਜਿਸ ਦੇ ਲਈ ਯੂਨੀਵਰਸਿਟੀ ਵੱਲੋਂ ਆਪਣੀਆਂ ਤਿਆਰੀਆਂ ਆਰੰਭੀਆਂ ਗਈਆਂ ਹਨ। ਮਿਲੀਆਂ ਕਨਸੋਆਂ ਅਨੁਸਾਰ ਜੇ ਸਰਕਾਰ ਨੇ ਦਾਖਲੇ ਉੱਤੇ ਪਾਬੰਦੀ ਲਾ ਦਿੱਤੀ ਤਾਂ ਇਸ ਨਾਲ ਖਾਲਸਾ ਯੂਨੀਵਰਸਿਟੀ ਉੱਤੇ ਇੱਕ ਵਾਰ ਫਿਰ ਖਤਰੇ ਦੇ ਬੱਦਲ ਮੰਡਰਾ ਜਾਣਗੇ।
ਵਰਨਣ ਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਯੂਨੀਵਰਸਿਟੀ ਦੇ ਮੁੱਦੇ ਉੱਤੇ ਉਹ ਮੁੜ ਵਿਚਾਰ ਕਰਨਗੇ। ਖਾਲਸਾ ਕਾਲਜ ਸਥਾਪਤ ਕਰਨ ਵਾਲਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਡਿਆਂ ਦਾ ਅਹਿਮ ਯੋਗਦਾਨ ਸੀ। ਚੋਣਾਂ ਮੌਕੇ ਜਦੋਂ ਕੈਪਟਨ ਖਾਲਸਾ ਕਾਲਜ ਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਬਾਹਰ ਰੋਕ ਦਿੱਤਾ ਗਿਆ ਸੀ, ਪਰ ਫਿਰ ਵੀ ਉਹ ਜਾਣ ਵਿੱਚ ਸਫਲ ਹੋ ਗਏ ਸਨ।