ਬੰਦ ਬੂਹਾ

-ਅੰਮ੍ਰਿਤ
ਭੋਗ ਪੈਣ ਪਿੱਛੋਂ ਬੀਜੀ ਘਰ ਦੇ ਬਾਹਰ ਗੇਟ ਕੋਲ ਜਾ ਕੇ ਖੜੇ ਹੋ ਗਏ। ਉਹ ਹਰ ਆਏ ਗਏ ਦੀ ਖੈਰ ਸੁੱਖ ਪੁੱਛਣ ਸਮੇਤ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਕਰਦਿਆਂ ਸਾਰਿਆਂ ਨੂੰ ਅਸੀਸਾਂ ਦੇ ਕੇ ਵਿਦਾ ਕਰ ਰਹੇ ਸਨ। ਪਾਠ ਉਨ੍ਹਾਂ ਸਰਬੱਤ ਦੇ ਭਲੇ ਵਾਸਤੇ ਹੀ ਕਰਾਇਆ ਸੀ। ਉਹ ਸਦਾ ਸਭ ਦੀ ਸੁੱਖ ਮੰਗਦੇ ਸਨ। ਆਂਢ ਗੁਆਂਢ ਤੋਂ ਮੱਥਾ ਟੇਕਣ ਆਏ ਲੋਕਾਂ ਵਿੱਚ ਜ਼ੈਲਦਾਰਨੀ ਵੀ ਸੀ। ਵਾਪਸੀ ਵੇਲੇ ਬੀਜੀ ਦੇ ਗੋਡੀਂ ਹੱਥ ਲਾਉਂਦਿਆਂ ਜ਼ੈਲਦਾਰਨੀ ਦੀਆਂ ਅੱਖਾਂ ਭਰ ਆਈਆਂ ਤਾਂ ਬੀਜੀ ਨੇ ਉਸ ਨੂੰ ਗਲ ਨਾਲ ਲਾ ਲਿਆ।
ਬੀਜੀ ਸਕੂਲ ਅਧਿਆਪਕਾ ਸਨ। ਉਨ੍ਹਾਂ ਦਾ ਵੱਡਾ ਪਰਵਾਰ ਸੀ। ਸਹੁਰੇ ਬਠਿੰਡਾ ਨੇੜਲੇ ਕਿਸੇ ਪਿੰਡ ਸਨ। ਜ਼ਮੀਨਾਂ ਭਾਵੇਂ ਖੁੱਲ੍ਹੀਆਂ ਸਨ, ਪਰ ਰੇਤਲੀਆਂ ਹੋਣ ਕਾਰਨ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਸੀ। ਬੱਝਵੀਂ ਆਮਦਨ ਦਾ ਸਾਧਨ ਬੀਜੀ ਨੂੰ ਮਿਲਦੀ ਨਿਗੂਣੀ ਤਨਖਾਹ ਹੀ ਸੀ। ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਉਣ ਵਾਸਤੇ ਉਹ ਇਸ ਕਬਸੇ ਵਿੱਚ ਆ ਕੇ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਗਏ ਤੇ ਇਥੋਂ ਦੀ ਬਦਲੀ ਕਰਵਾ ਲਈ। ਖਿੱਚ ਧੂਹ ਕਰਦਿਆਂ ਜ਼ਿੰਦਗੀ ਦੀ ਗੱਡੀ ਲੀਹ ‘ਤੇ ਆਉਣ ਲੱਗੀ ਕਿ ਬੀਜੀ ਦੇ ਸਿਰ ਦਾ ਸਾਈਂ ਚੱਲ ਵਸਿਆ। ਪਹਾੜ ਜਿੱਡੀ ਕਬੀਲਦਾਰੀ ਬੀਜੀ ਦੇ ਮੋਢਿਆਂ ‘ਤੇ ਆ ਪਈ। ਕੋਈ ਰਾਹ ਨਾ ਲੱਭਦਿਆਂ ਵੇਖ ਉਨ੍ਹਾਂ ਜ਼ਮੀਨ ਦਾ ਵੱਡਾ ਹਿੱਸਾ ਸ਼ਰੀਕਾਂ ਨੂੰ ਵੇਚ ਦਿੱਤਾ ਤੇ ਕਸਬੇ ਵਿੱਚ ਪਲਾਟ ਖਰੀਦ ਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ।
ਬੀਜੀ ਦੇ ਘਰ ਅੱਗੇ ਚੌੜੀ ਗਲੀ ਲੰਘਦੀ ਸੀ। ਗਲੀ ਦੇ ਦੂਜੇ ਪਾਸੇ ਜ਼ੈਲਦਾਰਾਂ ਦੀ ਹਵੇਲੀ ਸੀ। ਹਵੇਲੀ ਦੀ ਵਲਗਣ ਗਲੀ ਦੀ ਉਸ ਨੁੱਕਰ ਤੱਕ ਜਾਂਦੀ ਸੀ, ਜਿਥੇ ਕਦੇ ਇਕ ਛੋਟਾ ਜਿਹਾ ਮਕਾਨ ਹੁੰਦਾ ਸੀ। ਹਵੇਲੀ ਦਾ ਪਿਛਲਾ ਬੂਹਾ ਬੀਜੀ ਦੇ ਘਰ ਵੱਲ ਖੁੱਲ੍ਹਦਾ ਸੀ। ਕਦੇ-ਕਦਾਈ ਜ਼ੈਲਦਾਰਨੀ ਆਪਣੇ ਬੱਚਿਆਂ ਨਾਲ ਬੀਜੀ ਨੂੰ ਮਿਲਣ ਆ ਜਾਂਦੀ ਸੀ। ਉਸ ਦੇ ਬੱਚੇ ਬੀਜੀ ਵਾਲੇ ਸਕੂਲ ਵਿੱਚ ਪੜ੍ਹਦੇ ਸਨ। ਜ਼ੈਲਦਾਰਾਂ ਦੀ ਜ਼ਮੀਨ ਕਸਬੇ ਦੇ ਨੇੜੇ ਹੀ ਸੀ ਜਿਹੜੀ ਉਹ ਠੇਕੇ ‘ਤੇ ਦਿੰਦੇ ਸਨ। ਜ਼ੈਲਦਾਰ ਨੇ ਆਪ ਟਰੱਕ ਪਾਏ ਹੋਏ ਸਨ। ਹਵੇਲੀ ਦਾ ਪਿਛਲਾ ਬੂਹਾ ਆਮ ਤੌਰ ਉਤੇ ਬੰਦ ਰਹਿੰਦਾ ਸੀ, ਪਰ ਭੋਗ ਵਾਲੇ ਦਿਨ ਇਹ ਮੁੜ ਖੁੱਲ੍ਹ ਗਿਆ ਸੀ।
ਜ਼ੈਲਦਾਰ ਤਾਂ ਹੁਣ ਨਹੀ ਰਿਹਾ। ਸਾਰਾ ਕੰਮ ਕਾਰ ਉਸ ਦੀ ਨੂੰਹ ਹੀ ਆਪਣੇ ਭਰਾਵਾਂ ਦੀ ਮਦਦ ਨਾਲ ਸੰਭਾਲਦੀ ਸੀ। ਆਪਣੇ ਜਿਊਂਦੇ ਜੀਅ ਜ਼ੈਲਦਾਰ ਨੇ ਘਰ ਪੈਸਿਆਂ ਨਾਲ ਭਰ ਦਿੱਤਾ ਸੀ। ਉਹ ਜਾਇਜ਼ ਨਜਾਇਜ਼ ਹਰ ਕੰਮ ਕਰਦਾ ਸੀ। ਇਲਾਕੇ ਦੇ ਸਿਆਸੀ ਆਗੂਆਂ ਨਾਲ ਉਸ ਦੀ ਨੇੜਤਾ ਸੀ। ਥਾਣੇ ਤੇ ਕਚਹਿਰੀਆਂ ਵਿੱਚ ਵੀ ਉਸ ਦਾ ਗੇੜਾ ਲੱਗਦਾ ਰਹਿੰਦਾ ਸੀ। ਉਹ ਟਰੱਕ ਲੈ ਕੇ ਮੱਧ ਪ੍ਰਦੇਸ਼ ਵੱਲ ਜਾਂਦਾ ਤਾਂ ਉਥੋਂ ਅਫੀਮ ਲੈ ਆਉਂਦਾ। ਅਫੀਮ ਦੀ ਪ੍ਰਚੂਨ ਵਿਕਰੀ ਵਾਸਤੇ ਉਸ ਨੇ ਬੰਦੇ ਰੱਖੇ ਹੋਏ ਸਨ। ਕਸਬੇ ਵਿੱਚ ਨਵੇਂ ਆਉਣ ਵਾਲੇ ਹਰ ਥਾਣੇਦਾਰ ਨੂੰ ਜ਼ੈਲਦਾਰ ਆਪਣੀ ਹਵੇਲੀ ਸੱਦਦਾ। ਕੋਈ ਵੱਡਾ ਸਿਆਸੀ ਆਗੂ ਆਉਂਦਾ ਤਾਂ ਹਵੇਲੀ ਵਿੱਚ ਦੇਰ ਰਾਤ ਤੱਕ ਆਵਾਜਾਈ ਲੱਗੀ ਰਹਿੰਦੀ। ਅਜਿਹੇ ਕਈ ਮੌਕਿਆਂ ‘ਤੇ ਫਾਇਰ ਵੀ ਕੀਤੇ ਜਾਂਦੇ। ਜ਼ੈਲਦਾਰ ਦੇ ਟੁੱਕੜਬੋਚ ਦੇਰ ਰਾਤ ਤੱਕ ਲਲਕਾਰੇ ਮਾਰਦੇ। ਇਹੋ ਜਿਹੀ ਹੀ ਇਕ ਰਾਤ ਨੁੱਕਰ ਵਾਲੇ ਛੋਟੇ ਜਿਹੇ ਮਕਾਨ ਨੂੰ ਹਵੇਲੀ ਦੀ ਵਲਗਣ ਨੇ ਨਿਗਲ ਲਿਆ ਸੀ।
ਉਸ ਮਕਾਨ ਵਿੱਚ ਸੀਤੋ ਭੂਆ ਆਪਣੇ ਪੁੱਤਰ ਨਾਲ ਰਹਿੰਦੀ ਸੀ। ਉਹ ਲੋਕਾਂ ਦੇ ਘਰੀਂ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੀ ਤੇ ਵਿਹਲ ਮਿਲਣ ‘ਤੇ ਬੀਜੀ ਕੋਲ ਜਾ ਕੇ ਦੁੱਖ ਸੁੱਖ ਫਰੋਲਦੀ। ਬੀਜੀ ਉਸ ਨੂੰ ਆਪਣੀਆਂ ਧੀਆਂ ਵਾਂਗ ਪਿਆਰ ਦਿੰਦੇ ਤੇ ਹਰ ਵੇਲੇ ਉਸ ਦੀ ਮਦਦ ਲਈ ਤਿਆਰ ਰਹਿੰਦੇ। ਉਸ ਰਾਤ ਵੀ ਬੀਜੀ ਨੇ ਉਸ ਦੀ ਬਾਂਹ ਫੜੀ ਸੀ, ਜਦੋਂ ਮੁਹੱਲੇ ਦੇ ਬੂਹੇ ਬੰਦ ਹੋ ਗਏ ਸਨ। ਜ਼ੈਲਦਾਰ ਦੇ ਬੁਰਛਾ ਗਰਦਾਂ ਨੇ ਉਸ ਦਾ ਸਾਮਾਨ ਰੂੜੀਆਂ ‘ਤੇ ਸੁੱਟ ਦਿੱਤਾ ਅਤੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਸਨ। ਉਨ੍ਹਾਂ ਨੇ ਮਾਂ ਪੁੱਤ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਰੋਂਦੀ ਕੁਰਲਾਉਂਦੀ ਸੀਤੋ ਨੇ ਬੀਜੀ ਦਾ ਦਰ ਖੜਕਾਇਆ ਸੀ। ਬੀਜੀ ਨੇ ਉਸ ਨੂੰ ਸੰਭਾਲਿਆ ਤੇ ਉਸ ਦੀ ਮੰਜੀ ਆਪਣੇ ਕੋਲ ਡੁਹਾ ਲਈ। ਸਾਰੀ ਰਾਤ ਬੀਜੀ ਉਸ ਨੂੰ ਦਿਲਾਸਾ ਦਿੰਦੇ ਰਹੇ ਕਿ ਸਵੇਰੇ ਉਹ ਜ਼ੈਲਦਾਰਨੀ ਨਾਲ ਗੱਲ ਕਰਕੇ ਕੋਈ ਰਾਹ ਕੱਢਣਗੇ, ਪਰ ਜ਼ੈਲਦਾਰਨੀ ਨੇ ਕੋਈ ਰਾਹ ਨਾ ਦਿੱਤਾ, ਸਗੋਂ ਉਹ ਬੀਜੀ ਨੂੰ ਚੰਗਾ ਮੰਦਾ ਬੋਲੀ ਸੀ। ਬੀਜੀ ਭਰੇ ਮਨ ਨਾਲ ਘਰ ਪਰਤੇ ਸਨ। ਉਨ੍ਹਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਕੋਈ ਏਨੀ ਧੱਕੇਸ਼ਾਹੀ ਕਿਵੇਂ ਕਰ ਸਕਦਾ ਹੈ। ਜ਼ੈਲਦਾਰਾਂ ਕੋਲ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਫਿਰ ਵੀ ਉਹ ਕਿਸੇ ਮਜ਼ਲੂਮ ਨੂੰ ਕਿਵੇਂ ਬੇਘਰ ਕਰ ਸਕਦੇ ਹਨ। ਉਹ ਇਸ ਗੱਲੋਂ ਪਰੇਸ਼ਾਨ ਸਨ ਕਿ ਮੁਹੱਲੇ ਦੇ ਸਾਰੇ ਲੋਕ ਕਿਵੇਂ ਦੜ ਵੱਟ ਗਏ ਸਨ। ਇਸ ਗੱਲ ਨੂੰ ਕਈ ਵਰ੍ਹੇ ਹੋ ਚੱਲੇ ਸਨ। ਉਦੋਂ ਤੋਂ ਹਵੇਲੀ ਦਾ ਪਿਛਲਾ ਬੂਹਾ ਕਦੇ ਨਹੀਂ ਸੀ ਖੁੱਲ੍ਹਿਆ। ਬੀਜੀ ਨੇ ਆਪਣੀ ਕਬੀਲਦਾਰੀ ਕਿਊਂਟ ਲਈ। ਦੋਵੇਂ ਧੀਆਂ ਵਿਆਹ ਦਿੱਤੀਆਂ। ਦੋ ਪੁੱਤ ਵਿਦੇਸ਼ ਚਲੇ ਗਏ ਸਨ। ਬੀਜੀ ਕੋਲ ਛੋਟਾ ਪੁੱਤ ਤੇ ਨੂੰਹ ਰਹਿੰਦੇ ਸਨ। ਉਧਰ ਜ਼ੈਲਦਾਰ ਦੇ ਧੀ ਤੇ ਪੁੱਤ ਵਿਆਹੇ ਗਏ। ਜ਼ੈਲਦਾਰ ਇਲਾਕੇ ਦਾ ਵੱਡਾ ਆਗੂ ਬਣ ਚੁੱਕਿਆ ਸੀ। ਪਿਛਲੀਆਂ ਚੋਣਾਂ ਵਿੱਚ ਉਹ ਵਿਧਾਇਕ ਵੀ ਚੁਣਿਆ ਗਿਆ, ਪਰ ਇਸ ਵਾਰ ਪਾਰਟੀ ਤੋਂ ਬਾਗੀ ਹੋ ਕੇ ਖੜੇ ਉਮੀਦਵਾਰ ਨੇ ਉਸ ਨੂੰ ਹਰਾ ਦਿੱਤਾ ਸੀ। ਹਵੇਲੀ ਦਾ ਸੂਰਜ ਢਲਣ ਲੱਗਾ ਸੀ। ਜ਼ੈਲਦਾਰ ਹਾਰ ਦਾ ਸਦਮਾ ਨਾ ਝੱਲ ਸਕਿਆ ਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।
ਜ਼ੈਲਦਾਰ ਜਦੋਂ ਆਪਣੇ ਟਰੱਕਾਂ ਰਾਹੀਂ ਅਫੀਮ ਲਿਆਉਂਦਾ ਸੀ ਤਾਂ ਉਸ ਦਾ ਪੁੱਤ ਵੀ ਨਸ਼ਾ ਕਰਨ ਲੱਗ ਪਿਆ। ਹੁਣ ਤਾਂ ਅਫੀਮ ਖਾਦੇ ਬਿਨਾਂ ਉਹ ਮੰਜੇ ਤੋਂ ਵੀ ਨਹੀਂ ਸੀ ਉਠ ਸਕਦਾ। ਜ਼ੈਲਦਾਰ ਦੀ ਨੂੰਹ ਨੂੰ ਆਪਣੇ ਵਿਆਹ ਤੋਂ ਛੇਤੀ ਬਾਅਦ ਹੀ ਪਤਾ ਲੱਗ ਗਿਆ ਕਿ ਉਸ ਨਾਲ ਧੋਖਾ ਹੋਇਆ ਹੈ। ਖਿਝੀ ਖਪੀ ਕਦੇ ਉਹ ਆਪਣੇ ਪਤੀ ਨੂੰ ਮਿਹਣੇ ਮਾਰਦੀ ਤੇ ਕਦੇ ਸੱਸ ਨਾਲ ਲੜਦੀ। ਜ਼ੈਲਦਾਰ ਦੇ ਚਲਾਣੇ ਪਿੱਛੋਂ ਹਵੇਲੀ ਦੇ ਹਾਲਾਤ ਹੋਰ ਵੀ ਖਰਾਬ ਹੋਣ ਲੱਗੇ, ਕਿਉਂਕਿ ਜ਼ੈਲਦਾਰ ਦਾ ਮੁੰਡਾ ਤਾਂ ਡੱਕਾ ਤੋੜਦਾ ਨਹੀਂ ਸੀ। ਉਸ ਦਾ ਸਾਰਾ ਧਿਆਨ ਨਸ਼ਿਆਂ ਵਿੱਚ ਹੀ ਰਹਿੰਦਾ ਸੀ। ਉਸ ਨੂੰ ਅਫੀਮ ਨਾ ਮਿਲਦੀ ਤਾਂ ਉਹ ਨਸ਼ੇ ਦੀਆਂ ਗੋਲੀਆਂ ਖਾ ਲੈਂਦਾ। ਗੋਲੀਆਂ ਖਾ ਕੇ ਵੀ ਤੋਟ ਲੱਗਦੀ ਤਾਂ ਨਸ਼ੇ ਦਾ ਟੀਕਾ ਲਾ ਲੈਂਦਾ। ਉਹ ਕਿਸੇ ਦੀ ਗੱਲ ਨਾ ਸੁਣਦਾ ਤੇ ਨਸ਼ੇ ਦੀ ਲੋਰ ਵਿੱਚ ਫਿਰਦਾ ਰਹਿੰਦਾ। ਉਸ ਕੋਲ ਹੋਰ ਨਸ਼ੇੜੀ ਵੀ ਆਉਣ ਲੱਗੇ ਸਨ। ਜ਼ੈਲਦਾਰਨੀ ਆਪਣੇ ਪੁੱਤ ਨੂੰ ਕੁਝ ਨਹੀਂ ਕਹਿੰਦੀ ਸੀ, ਪਰ ਨੂੰਹ ਨੇ ਆਪਣੇ ਨਾਲ ਹੋਏ ਧੋਖੇ ਦਾ ਮੁੱਲ ਵਸੂਲਣ ਦਾ ਫੈਸਲਾ ਕਰ ਲਿਆ। ਉਹ ਆਪਣੇ ਭਰਾਵਾਂ ਦੀ ਮਦਦ ਨਾਲ ਜ਼ੈਲਦਾਰ ਦੀ ਕਰੋੜਾਂ ਦੀ ਜਾਇਦਾਦ ਸੰਭਾਲਣ ਦੇ ਆਹਰ ਵਿੱਚ ਲੱਗ ਗਈ ਸੀ। ਹਵੇਲੀ ਦਾ ਸਾਰਾ ਕਾਰ ਵਿਹਾਰ ਹੁਣ ਉਹੀ ਸੰਭਾਲਦੀ ਸੀ ਤੇ ਇਹ ਵੀ ਧਿਆਨ ਰੱਖਦੀ ਕਿ ਉਸ ਦੇ ਪਤੀ ਨੂੰ ਨਸ਼ੇ ਦੀ ਤੋਟ ਨਾ ਆਵੇ। ਨਸ਼ੇੜੀ ਪਤੀ ਹੁਣ ਉਸ ਦੀ ਹਰ ਗੱਲ ਮੰਨਦਾ ਸੀ। ਜ਼ੈਲਦਾਰਨੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਰਹਿ ਗਈ।
ਜਾਇਦਾਦ ‘ਤੇ ਕਬਜ਼ਾ ਹੁੰਦਾ ਵੇਖ ਕੇ ਜ਼ੈਲਦਾਰ ਦੀ ਧੀ ਆਪਣਾ ਹਿੱਸਾ ਮੰਗਣ ਲੱਗ ਪਈ। ਜ਼ੈਲਦਾਰਨੀ ਆਪਣੀ ਧੀ ਦੇ ਹੱਕ ਵਿੱਚ ਡੱਕਾ ਸੁੱਟਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਬੇਗਾਨੀ ਧੀ ਆਪਣੇ ਭਰਾਵਾਂ ਨੂੰ ਸਭ ਲੁਟਾ ਦੇਵੇ। ਹਵੇਲੀ ਵਿੱਚ ਖਿੱਚੋਤਾਣ ਵਧਣ ਲੱਗ ਪਈ। ਜ਼ੈਲਦਾਰਨੀ ਨੂੰ ਉਸ ਦੀ ਧੀ ਤੇ ਜਵਾਈ ਸ਼ਹਿ ਦਿੰਦੇ ਸਨ, ਪਰ ਜ਼ੈਲਦਾਰਨੀ ਦੇ ਪੁੱਤ ਨੂੰ ਉਸ ਦੀ ਪਤਨੀ ਨੇ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਸੀ। ਹਵੇਲੀ ਅੰਦਰ ਕਈ ਮਹੀਨਿਆਂ ਤੋਂ ਸੁਲਗਦੀ ਇਸ ਅੱਗ ਬਾਰੇ ਮੁਹੱਲੇ ਵਾਲਿਆਂ ਨੂੰ ਉਸ ਰਾਤ ਹੀ ਪਤਾ ਲੱਗਾ, ਜਦੋਂ ਨੂੰਹ ਪੁੱਤ ਨੇ ਕੁੱਟ ਮਾਰ ਕੇ ਜ਼ੈਲਦਾਰਨੀ ਨੂੰ ਹਵੇਲੀ ਦੇ ਪਿਛਲੇ ਬੂਹਿਓਂ ਬਾਹਰ ਕੱਢ ਦਿੱਤਾ ਸੀ। ਜ਼ੈਲਦਾਰਨੀ ਤਰਲੇ ਪਾਉਂਦੀ ਰਹੀ, ਪਰ ਉਨ੍ਹਾਂ ਬੂਹਾ ਬੰਦ ਕਰ ਲਿਆ। ਇਸ ਦੇ ਨਾਲ ਹੀ ਸਾਰਾ ਮੁੱਹਲਾ ਜਿਵੇਂ ਸੁਸਰੀ ਵਾਂਗ ਸੌਂ ਗਿਆ। ਉਸ ਦੇ ਤਰਲਿਆਂ ਦੇ ਬਾਵਜੂਦ ਕਿਸੇ ਨੇ ਦਰ ਖੋਲ੍ਹਣ ਦੀ ਹਿੰਮਤ ਨਾ ਕੀਤੀ। ਅੱਧੀ ਰਾਤ ਨੂੰ ਰੋਂਦੀ ਕੁਰਲਾਉਂਦੀ ਜ਼ੈਲਦਾਰਨੀ ਨੇ ਅਖੀਰ ਬੀਜੀ ਦਾ ਦਰ ਖੜਕਾਇਆ।
ਬੀਜੀ ਨੇ ਜਦੋਂ ਬੂਹੇ ਦੀ ਝੀਥ ‘ਚੋਂ ਦੇਖਿਆ ਤਾਂ ਸਾਹਮਣੇ ਜ਼ੈਲਦਾਰਨੀ ਖੜੀ ਸੀ। ਕੁਝ ਪਲਾਂ ਲਈ ਬੀਜੀ ਬੁੱਤ ਹੋ ਗਏ। ਉਨ੍ਹਾਂ ਨੂੰ ਉਹ ਰਾਤ ਯਾਦ ਆਉਣ ਲੱਗੀ, ਜਦੋਂ ਸੀਤੋ ਭੂਆ ਇਸੇ ਤਰ੍ਹਾਂ ਬੇਵੱਸ ਹੋਈ ਉਨ੍ਹਾਂ ਦੇ ਦਰ ਉਤੇ ਖੜੀ ਸੀ। ਉਦੋਂ ਇਸੇ ਜ਼ੈਲਦਾਰਨੀ ਅੱਗੇ ਉਨ੍ਹਾਂ ਨੇ ਝੋਲੀ ਅੱਡੀ ਸੀ, ਪਰ ਇਸ ਨੇ ਖੈਰ ਨਹੀਂ ਸੀ ਪਾਈ। ਅੱਜ ਉਹੀ ਉਨ੍ਹਾਂ ਅੱਗੇ ਝੋਲੀ ਅੱਡੀ ਖੜੀ ਸੀ। ਉਨ੍ਹਾਂ ਦੀਆਂ ਅੱਖਾਂ ਮੂਹਰੇ ਕਦੇ ਸੀਤੋ ਦੀ ਚਿਹਰਾ ਉਭਰਦਾ ਅਤੇ ਕਦੇ ਜ਼ੈਲਦਾਰਨੀ ਦਾ..। ਪਲਾਂ ਵਿੱਚ ਵਰ੍ਹਿਆਂ ਦਾ ਫਾਸਲਾ ਤੈਅ ਕਰਦਿਆਂ ਬੀਜੀ ਨੇ ਹਵੇਲੀ ਵਾਲੇ ਪਾਸੇ ਘਰ ਦਾ ਬੰਦ ਬੂਹਾ ਖੋਲ੍ਹ ਦਿੱਤਾ ਸੀ।