ਬੰਦੂਕਧਾਰੀ ਨੇ ਵੈਫਲ ਹਾਊਸ ਰੈਸਟੋਰੈਂਟ ਵਿੱਚ ਅੰਨ੍ਹੇਵਾਹ ਚਲਾਈਆਂ ਗੋਲੀਆਂ, 4 ਹਲਾਕ

 
ਨੈਸ਼ਵਿੱਲੇ, 22 ਅਪਰੈਲ (ਪੋਸਟ ਬਿਊਰੋ) : ਆਪਣੇ ਤਨ ਉੱਤੇ ਸਿਰਫ ਹਰੀ ਜੈਕੇਟ ਪਾ ਕੇ ਤੇ ਹੱਥ ਵਿੱਚ ਅਸਾਲਟ ਰਾਈਫਲ ਫੜ੍ਹ ਕੇ ਲਿਆਉਣ ਵਾਲੇ ਵਿਅਕਤੀ ਨੇ ਐਤਵਾਰ ਤੜ੍ਹਕੇ ਟੈਨੇਸੀ ਵਿੱਚ ਵੈਫਲ ਹਾਊਸ ਰੈਸਟੋਰੈਂਟ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਇੱਕ ਹੋਰ ਕਸਟਮਰ ਨੇ ਉਸ ਵਿਅਕਤੀ ਕੋਲੋਂ ਰਾਈਫਲ ਖੋਹ ਕੇ ਕਈ ਹੋਰਨਾਂ ਦੀ ਜਾਨ ਬਚਾਈ।
ਨੈਸ਼ਵਿੱਲੇ ਪੁਲਿਸ ਦੇ ਬੁਲਾਰੇ ਡੌਨ ਐਰਨ ਨੇ ਦੱਸਿਆ ਕਿ ਬੰਦੂਕਧਾਰੀ ਨੇ ਰੈਸਟੋਰੈਂਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਪਾਰਕਿੰਗ ਵਾਲੀ ਥਾਂ ਉੱਤੇ ਲੋਕਾਂ ਉੱਤੇ ਗੋਲੀਆਂ ਚਲਾਈਆਂ। ਫਿਰ ਉਸ ਨੇ ਉਦੋਂ ਤੱਕ ਗੋਲੀਆਂ ਚਲਾਈਆਂ ਜਿੰਨਾਂ ਚਿਰ ਇੱਕ ਹੋਰ ਵਿਅਕਤੀ ਨੇ ਉਸ ਕੋਲੋਂ ਗੰਨ ਨਹੀਂ ਖੋਹ ਲਈ। ਇਸ ਦੌਰਾਨ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ।
ਪੁਲਿਸ ਡਿਪਾਰਟਮੈਟ ਨੇ ਟਵੀਟ ਕਰਕੇ ਆਖਿਆ ਕਿ ਉਹ 29 ਸਾਲਾ ਟਰੈਵਿਸ ਰੇਨਕਿੰਗ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਇਸ ਵਿਅਕਤੀ ਉੱਤੇ ਹੀ ਸੱ਼ਕ ਪ੍ਰਗਟਾਇਆ ਹੈ ਕਿਉਂਕਿ ਜਿਸ ਪਿੱਕਅੱਪ ਟਰੱਕ ਵਿੱਚ ਉਹ ਬੰਦੂਕਧਾਰੀ ਆਇਆ ਸੀ ਉਹ ਰੇਨਕਿੰਗ ਦੇ ਨਾਂ ਉੱਤੇ ਰਜਿਸਟਰ ਹੈ। ਚਸ਼ਮਦੀਦ ਚੱਕ ਕੌਰਡੇਰੋ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਉਹ ਉੱਥੇ ਕਾਫੀ ਲੈਣ ਲਈ ਰੁਕਿਆ ਸੀ ਤੇ ਅਜੇ ਰੈਸਟੋਰੈਂਟ ਦੇ ਬਾਹਰ ਹੀ ਸੀ ਜਦੋਂ ਉਸ ਨੇ ਸਵੇਰੇ 3:25 ਉੱਤੇ ਰੌਲਾ ਸੁਣਿਆ। ਉਸ ਨੇ ਦੱਸਿਆ ਕਿ ਜੇ ਉਹ ਦਲੇਰ ਵਿਅਕਤੀ ਉਸ ਕੋਲੋਂ ਗੰਨ ਨਾ ਖੋਂਹਦਾ ਤਾਂ ਉਸ ਨੇ ਗੰਨ ਰੀਲੋਡ ਕਰਕੇ ਰੈਸਟੋਰੈਂਟ ਵਿੱਚ ਬੈਠੇ ਕਈ ਹੋਰਨਾਂ ਵਿਅਕਤੀਆਂ ਦੀ ਜਾਨ ਲੈ ਲੈਣੀ ਸੀ।
ਪੁਲਿਸ ਨੇ ਗੰਨ ਖੋਹਣ ਵਾਲੇ ਵਿਅਕਤੀ ਦੀ ਪਛਾਣ 29 ਸਾਲਾ ਜੇਮਜ਼ ਸ਼ਾਅ ਜੂਨੀਅਰ ਵਜੋਂ ਕੀਤੀ। ਜੂਨੀਅਰ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਉਹ ਤਾਂ ਉੱਥੋਂ ਪਾਸੇ ਹੋਣ ਬਾਰੇ ਸੋਚ ਰਿਹਾ ਸੀ ਤੇ ਉਸ ਨੂੰ ਜਿਵੇਂ ਹੀ ਮੌਕਾ ਮਿਲਿਆ ਉਸ ਨੇ ਗੰਨ ਖੋਹ ਲਈ। ਪੁਲਿਸ ਦੇ ਬੁਲਾਰੇ ਐਰਨ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਤਾਂ ਰੈਸਟੋਰੈਂਟ ਵਿੱਚ ਹੀ ਮੌਤ ਹੋ ਗਈ ਤੇ ਇੱਕ ਵਿਅਕਤੀ ਨੇ ਵੈਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਜਾ ਕੇ ਦਮ ਤੋੜ ਦਿੱਤਾ। ਮੈਡੀਕਲ ਸੈਂਟਰ ਦੀ ਤਰਜ਼ਮਾਨ ਜੈਨੀਫਰ ਵੈਟਜ਼ਲ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਦੂਜੇ ਦੀ ਹਾਲਤ ਨਾਜ਼ੁਕ ਪਰ ਸਥਿਰ ਹੈ।