ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਜ਼ਮਾਨਤ ਮਿਲੀ


* ਇਕ ਹੋਰ ਕੇਸ ਵਿੱਚ ਨਵੇਂ ਸੰਮਨ ਜਾਰੀ
ਢਾਕਾ, 13 ਮਾਰਚ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਬੀ ਐਨ ਪੀ ਪਾਰਟੀ ਦੀ ਮੁਖੀ ਬੇਗਮ ਖਾਲਿਦਾ ਜ਼ਿਆ (72) ਨੂੰ ਭਿ੍ਰਸ਼ਟਾਚਾਰ ਦੇ ਇਕ ਕੇਸ ਵਿੱਚ ਚਾਰ ਮਹੀਨਿਆਂ ਲਈ ਜ਼ਮਾਨਤ ਮਿਲ ਗਈ ਹੈ, ਪਰ ਇੱਕ ਹੋਰ ਕੇਸ ਵਿੱਚ ਗ੍ਰਿਫਤਾਰੀ ਲਈ ਨਵੇਂ ਸੰਮਨ ਜਾਰੀ ਹੋ ਗਏ ਹਨ। ਕੇਂਦਰੀ ਜੇਲ੍ਹ ਵਿੱਚ ਪੁੱਜੇ ਤਾਜ਼ਾ ਸੰਮਨਾਂ ‘ਚ ਉਸ ਨੂੰ ਜੱਜ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਉਸ ਦੀ ਵੱਡੀ ਉਮਰ ਕਾਰਨ ਅਦਾਲਤ ਨੇ ਚਾਰ ਮਹੀਨੇ ਲਈ ਕੱਲ੍ਹ ਜ਼ਮਾਨਤ ਦੇ ਦਿੱਤੀ ਸੀ।
ਵਰਨਣ ਯੋਗ ਹੈ ਕਿ ਸ੍ਰੀਮਤੀ ਖਾਲਿਦਾ ਜਿ਼ਆ ਨੂੰ ਜ਼ਿਆ ਯਤੀਮ ਟਰੱਸਟ, ਜਿਸ ਦਾ ਨਾਂਅ ਫੌਜੀ ਹਾਕਮ ਤੋਂ ਸਿਆਸੀ ਆਗੂ ਬਣੇ ਉਨ੍ਹਾਂ ਦੇ ਮਰਹੂਮ ਪਤੀ ਜ਼ਿਆ ਉਰ ਰਹਿਮਾਨ ਦੇ ਨਾਂਅ ਉਤੇ ਰੱਖਿਆ ਹੋਇਆ ਹੈ, ਲਈ ਵਿਦੇਸ਼ ਤੋਂ ਆਏ ਫੰਡਾਂ ਵਿੱਚੋਂ ਢਾਈ ਲੱਖ ਡਾਲਰ ਦਾ ਘੁਟਾਲਾ ਕਰਨ ਨਾਲ ਸਬੰਧਤ ਕੇਸ ਵਿੱਚ ਅਦਾਲਤ ਨੇ ਅੱਠ ਫਰਵਰੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਕੱਲ੍ਹ ਹੇਠਲੀ ਅਦਾਲਤ ਤੋਂ ਮਾਮਲੇ ਨਾਲ ਸਬੰਧਤ ਦਸਤਾਵੇਜ਼ ਮਿਲਣ ਪਿੱਛੋਂ ਜਸਟਿਸ ਐਮ ਇਨਾਇਤੁਰ ਰਹੀਮ ਤੇ ਜਸਟਿਸ ਸ਼ਾਹਿਦਉਲ ਕਰੀਮ ਨੇ ਫੈਸਲਾ ਜਾਰੀ ਕਰ ਕੇ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਤਿੰਨ ਸਹਾਇਕਾਂ ‘ਤੇ ਜ਼ਿਆ ਚੈਰੀਟੇਬਲ ਟਰੱਸਟ ‘ਚ ਲਗਭਗ ਪੌਣੇ ਚਾਰ ਲੱਖ ਡਾਲਰ ਦੀ ਹੇਰਾਫੇਰੀ ਕਰਨ ਦੇ ਵੀ ਦੋਸ਼ ਲਾਏ ਗਏ ਹਨ। ਇਸ ਦਾ ਨਵਾਂ ਕੇਸ ਵੀ ਬਣ ਗਿਆ ਹੈ।