ਬੰਗਲਾ ਕਹਾਣੀ: ਜਨਮ ਦਿਨ

-ਮਹਾਸ਼ਵੇਤਾ ਦੇਵੀ
ਪੰਜਾਬੀ ਰੂਪ- ਹਰਿੰਦਰ ਸਿੰਘ ਗੋਗਨਾ

ਤਿੰਨ ਮੰਜ਼ਿਲੇ ਮਕਾਨ ਦੀ ਛੱਤ ‘ਤੇ ਸ਼ਾਮਿਆਨਾ ਲੱਗਾ ਸੀ। ਘਰ ਦੇ ਸਾਹਮਣੇ ਫੁੱਟਪਾਥ ਨੂੰ ਸਫਾਈ ਵਾਲਿਆਂ ਨੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਦਿੱਤਾ ਸੀ।
ਚੌਂਕੀਦਾਰ ਨੇ ਕਿਹਾ, ‘ਚੱਲੋ ਨੱਠੋ ਇਥੋਂ।’
ਕੂੜਨ ਆਪਣੀ ਮਾਂ ਅਤੇ ਭੈਣ ਭਰਾ ਨਾਲ ਜਾ ਕੇ ਫੁਟਪਾਥ ਦੇ ਦੂਜੇ ਪਾਸੇ ਬੈਠ ਗਿਆ। ਦੂਜੀ ਮੰਜ਼ਿਲ ਦੀ ਔਰਤ ਕਹਿਣ ਲੱਗੀ, ‘ਫਿਰ ਆ ਗਏ ਸਾਨੂੰ ਪ੍ਰੇਸ਼ਾਨ ਕਰਨ।’
ਕੂੜਨ ਦੀ ਮਾਂ ਨੇ ਕਿਹਾ, ‘ਨਹੀਂ, ਨਹੀਂ, ਅੱਜ ਇਥੇ ਤਿਉਹਾਰ ਹੈ। ਇਕ ਰਾਤ ਰਹਾਂਗੇ, ਸਵੇਰ ਹੁੰਦਿਆਂ ਚਲੇ ਜਾਵਾਂਗੇ।’
‘ਤੁਸੀਂ ਲੋਕ ਇਥੋਂ ਦਫਾ ਕਿਉਂ ਨਹੀਂ ਹੁੰਦੇ? ਤੁਸੀਂ ਫੁਟਪਾਥ ਨੂੰ ਨਰਕ ਬਣਾ ਦਿੱਤਾ ਹੈ।’
‘ਕਿੱਥੇ ਜਾਈਏ?’
‘ਕੋਈ ਕੰਮ ਨਹੀਂ ਕਰ ਸਕਦੀ?’
‘ਕੋਈ ਕੰਮ ਨਹੀਂ ਦਿੰਦਾ। ਤੁਹਾਡੇ ਲੋਕਾਂ ਦਾ ਸਾਰਾ ਕੁਝ ਗੈਸ ‘ਤੇ ਬਣਦਾ ਹੈ। ਇਹ ਵੀ ਸੰਭਵ ਨਹੀਂ ਕਿ ਤੁਹਾਡੇ ਘਰਾਂ ਵਿੱਚ ਸਮੇਂ-ਸਮੇਂ ਸਫੈਦੀ ਕਰ ਦੇਈਏ। ਇਸ ਗੱਲ ‘ਤੇ ਕੋਈ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਦਿਨ ਰਾਤ ਕੰਮ ਕਰਾਂਗੀ। ਲੋਕ ਕਹਿੰਦੇ ਹਨ ਕਿ ਚੋਰੀ ਕਰਕੇ ਨੱਠ ਜਾਵਾਂਗੀ।’
‘…ਤਾਂ ਕੀ ਭੀਖ ਮੰਗਣਾ ਚੰਗੀ ਗੱਲ ਹੈ?’
‘ਕੀ ਕਰੀਏ? ਜਦੋਂ ਤੱਕ ਕੂੜਨ ਦਾ ਪਿਤਾ ਸੀ, ਮੈਂ ਆਉਂਦੀ, ਭੀਖ ਮੰਗਦੀ ਸੀ। ਫਿਰ ਮੁੜ ਜਾਂਦੀ ਸੀ। ਹੁਣ ਤਾਂ ਉਹ ਸਾਡੇ ਹਮੇਸ਼ਾ ਭੀਖ ਮੰਗਣ ਦਾ ਇੰਤਜ਼ਾਮ ਕਰ ਗਿਆ ਹੈ।’ ਕੂੜਨ ਦੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ।
ਔਰਤ ਕਹਿਣ ਲੱਗੀ, ‘ਫੁੱਟਪਾਥ ਗੰਦਾ ਨਾ ਕਰਨਾ, ਨਹੀਂ ਤਾਂ ਪਾਣੀ ਸੁੱਟ ਦਿਆਂਗੀ।’
‘ਨਾ ਮਾਲਕਣ, ਇੰਜ ਨਾ ਕਰਨਾ।’
ਉਹ ਬੈਠੇ ਰਹੇ। ਅੱਜ ਹੋਲੀ ਹੈ। ਥਾਂ-ਥਾਂ ਘੁੰਮਣ ਦੇ ਬਾਵਜੂਦ ਭੀਖ ਨਹੀਂ ਮਿਲੀ। ਇਕ ਤਾਂ ਕੂੜਨ ਦੀ ਮਾਂ ਨੂੰ ਇਸ ਮੁਹੱਲੇ ਵਿੱਚ ਘਰਾਂ ਦਾ ਸੁਰਾਗ ਹੀ ਨਹੀਂ ਮਿਲਦਾ। ਇਕ-ਇਕ ਉਚੇ ਮਕਾਨ ਵਿੱਚ ਪੰਜਾਹ-ਪੰਜਾਹ ਛੋਟੇ ਪਰਵਾਰ ਰਹਿੰਦੇ ਹਨ। ਅਫਸਰ ਲੋਕ ਦਫਤਰ ਜਾਂਦੇ ਹਨ। ਔਰਤਾਂ ਵੀ ਕੰਮ ‘ਤੇ ਜਾਂਦੀਆਂ ਹਨ। ਉਹ ਉਨ੍ਹਾਂ ਮੁਹੱਲਿਆਂ ਵਿੱਚ ਜਾਂਦੀ ਹੈ, ਜਿਥੇ ਥੱਲੇ ਜ਼ਮੀਨ ‘ਤੇ ਲੋਕ ਰਹਿੰਦੇ ਹਨ। ਉਹ ਪ੍ਰੇਸ਼ਾਨ ਹੋ ਕੇ ਭੀਖ ਦੇ ਹੀ ਦਿੰਦੇ ਹਨ।
ਕੂੜਨ ਨੇ ਕਿਹਾ, ‘ਮਾਂ ਇੰਨਾ ਵੱਡਾ ਤਿਉਹਾਰ ਕਿਉਂ?’
‘ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ।’
‘ਅੱਜ?’
‘ਹਾਂ।’
‘ਤੂੰ ਕਹਿੰਦੀ ਸੀ ਕਿ ਮੈਂ ਵੀ ਹੋਲੀ ਵਾਲੇ ਦਿਨ ਪੈਦਾ ਹੋਇਆ ਸੀ?’
‘ਹਾਂ, ਇਹ ਸੱਚ ਹੈ।’
‘…ਤਾਂ ਫਿਰ ਮੇਰਾ ਵੀ ਅੱਜ ਜਨਮ ਦਿਨ ਹੈ?’
‘ਹਾਂ।’
‘ਭੀਖ ਮੰਗਣ ਨਹੀਂ ਗਏ, ਕੀ ਖਾਵਾਂਗੇ?’
‘ਕਿਉਂ, ਇਥੇ ਤਿਉਹਾਰ ਜੋ ਮਨਾਇਆ ਜਾ ਰਿਹਾ ਹੈ।’
‘ਖਾਣ ਨੂੰ ਮਿਲੇਗਾ ਨਾ?’
‘ਕਿਉਂ ਨ੍ਹੀਂ! ਕਿੰਨਾ ਕੁਝ ਆ ਰਿਹਾ ਹੈ। ਸਾਹਿਬ ਲੋਕ ਕਿੰਨਾ ਕੁ ਖਾ ਸਕਣਗੇ? ਜਦੋਂ ਜੂਠ ਸੁੱਟਣਗੇ ਤਾਂ ਅਸੀਂ ਸਾਫ-ਸਾਫ ਕੱਢ ਕੇ ਖਾ ਲਵਾਂਗੇ।’
‘ਜਿਵੇਂ ਉਸ ਦਿਨ ਖਾਧਾ ਸੀ?’
‘ਉਸ ਤੋਂ ਵਧੀਆ। ਇਨ੍ਹਾਂ ਕੋਲ ਢੇਰ ਸਾਰਾ ਪੈਸਾ ਹੈ। ਤਿੰਨ-ਤਿੰਨ ਗੱਡੀਆਂ ਹਨ। ਮੈਂ ਸੁਣਿਆ ਸੀ ਕਿ ਤਿੰਨ ਸੌ ਲੋਕ ਆ ਰਹੇ ਹਨ।’
‘ਤੈਨੂੰ ਕਿਵੇਂ ਪਤਾ ਹੈ?’
‘ਸਫਾਈ ਵਾਲੇ ਨੇ ਦੱਸਿਆ ਸੀ। ਇਹ ਵੱਡੇ ਲੋਕ ਹਨ। ਘਰ ਖਾਣਾ ਨਹੀਂ ਬਣਾਉਂਦੇ। ਹੋਟਲ ਤੋਂ ਭੋਜਨ ਆਵੇਗਾ। ਉਨ੍ਹਾਂ ਨੂੰ ਪੈਸੇ ਦਿੱਤੇ ਜਾਣਗੇ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੋਣਗੇ। ਹੋਟਲ ਵਾਲੇ ਖਾਣਾ ਪਰੋਸਣ ਲਈ ਥਾਲੀਆਂ, ਕੌਲੀਆਂ ਵੀ ਨਾਲ ਹੀ ਲਿਆਉਣਗੇ।
‘ਜਨਮ ਦਿਨ ‘ਤੇ ਕੀ ਹੁੰਦਾ ਹੈ, ਮਾਂ?’
‘ਬੇਟਾ, ਮੈਨੂੰ ਨਹੀਂ ਪਤਾ। ਨੌਕਰਾਣੀ ਦੱਸ ਰਹੀ ਸੀ ਕਿ ਵਲੈਤ ਤੋਂ ਬੱਚੇ ਦਾ ਤਾਇਆ ਖਿਡੌਣੇ ਲਿਆ ਰਿਹਾ ਹੈ। ਨਾਨੀ ਸੋਨੇ ਦੀ ਕਟੋਰੀ ਦੇ ਰਹੀ ਹੈ। ਮਾਂ ਬਾਪ ਇਕ ਵੱਡੀ ਖਿਡੌਣਾ ਕਾਰ ਦੇ ਰਹੇ ਹਨ, ਜਿਹੜਾ ਸੱਚਮੁਚ ਦੀ ਗੱਡੀ ਵਾਂਗ ਚੱਲਦੀ ਹੈ।
‘ਫਿਰ ਉਹ ਲੜਕਾ ਇੰਨਾ ਰੋਂਦਾ ਕਿਉਂ ਹੈ?’
‘ਬਸ ਉਂਜ ਹੀ ਨਖਰੇ। ਇਹ ਨਹੀਂ ਖਾਣਾ, ਉਹ ਨਹੀਂ ਖਾਣਾ। ਨੌਕਰਾਣੀ ਕਹਿੰਦੀ ਹੈ ਕਿ ਫਲ, ਮਠਿਆਈ, ਮਾਸ ਮੱਛੀ ਸਭ ਕੁਝ ਸੁੱਟ ਦਿੰਦਾ ਹੈ।’
‘ਸਭ ਕੁਝ ਸੁੱਟ ਦਿੰਦਾ ਹੈ?’
‘ਹਾਂ, ਸਭ ਕੁਝ। ਬਹੁਤ ਵੱਡੇ ਲੋਕ ਹਨ। ਬਾਜ਼ਾਰ ਤੋਂ ਨੌਕਰ ਵੱਡੇ-ਵੱਡੇ ਥੈਲਿਆਂ ਵਿਚ ਖਾਣ ਦਾ ਸਾਮਾਨ ਭਰ ਕੇ ਲਿਆਉਂਦਾ ਹੈ। ਘਰ ਵਿੱਚ ਅਠਾਰਾਂ ਕਮਰੇ ਅਤੇ ਕਿੰਨੇ ਹੀ ਨੌਕਰ ਚਾਕਰ ਹਨ। ਜਨਮ ਦਿਨ ‘ਤੇ ਸਭ ਨੌਕਰਾਂ ਨੂੰ ਨਵੇਂ ਕੱਪੜੇ ਦਿੱਤੇ ਗਏ ਹਨ। ਲੜਕੇ ਦੀ ਮਾਂ ਨੇ ਮੰਦਰ ਵਿੱਚ ਪੂਜਾ ਕੀਤੀ। ਦੋ ਗੱਡੀਆਂ ਵਿੱਚ ਲੱਦ ਕੇ ਫਲ, ਮਠਿਆਈਆਂ ਲੈ ਕੇ ਗਈ ਸੀ।’
ਕੂੜਨ ਹੈਰਾਨੀ ਨਾਲ ਸਭ ਕੁਝ ਸੁਣ ਤੇ ਦੇਖ ਰਿਹਾ ਸੀ। ਸਾਰਾ ਘਰ ਰੌਸ਼ਨੀ ਨਾਲ ਜਗਮਗਾ ਉਠਿਆ ਸੀ। ਸੱਤ ਵਜੇ ਨਹੀਂ ਕਿ ਗੱਡੀਆਂ ਦਾ ਕਾਫਲਾ ਆਉਣਾ ਸ਼ੁਰੂ ਹੋ ਗਿਆ। ਆਈਸਕਰੀਮ ਦੀ ਇਕ ਵੱਡੀ ਵੈਨ ਵੀ ਆ ਪਹੁੰਚੀ। ਕੂੜਨ ਦੀ ਮਾਂ ਨੇ ਕਿਹਾ, ‘ਉਨ੍ਹਾਂ ਦਾ ਇਕ ਕਮਰਾ ਬਹੁਤ ਵੱਡੀ ਹੈ। ਅੱਜ ਇਥੇ ਫਿਲਮ ਦਿਖਾਈ ਜਾਵੇਗੀ।’
‘ਘਰ ਦੇ ਅੰਦਰ ਫਿਲਮ?’
‘ਉਹ ਰਾਜੇ ਹਨ। ਸਭ ਕੁਝ ਕਰ ਸਕਦੇ ਹਨ।’
ਕੂੜਨ ਦੀ ਮਾਂ ਛੋਟੇ ਬੱਚੇ ਨੂੰ ਦੁੱਖ ਪਿਆਉਣ ਲੱਗੀ, ਪਰ ਦੁੱਧ ਕਿੱਥੇ..। ਵਿਚਕਾਰਲੀ ਲੜਕੀ ਜਨਮ ਤੋਂ ਗੂੰਗੀ ਬੋਲੀ ਹੈ। ਬੈਠੀ-ਬੈਠੀ ਮੂੰਹ ਤੋਂ ਲਾਰ ਟਪਕਾ ਰਹੀ ਹੈ। ਕੂੜਨ ਮਾਂ ਨਾਲ ਪਿੱਠ ਟਿਕਾਈ ਬੈਠਾ ਹੈ। ਅਜਿਹੇ ਜਸ਼ਨ ਭਰੇ ਘਰ ਨੂੰ ਦੇਖਣ ਵਿੱਚ ਵੀ ਇਕ ਆਨੰਦ ਹੈ। ਦੇਖਦੇ-ਦੇਖਦੇ ਉਹ ਕਦੋਂ ਸੌਂ ਗਿਆ, ਉਸ ਨੂੰ ਖੁਦ ਵੀ ਪਤਾ ਨਾ ਲੱਗਾ। ਫੁਟਪਾਥ ‘ਤੇ ਮੰਗਤਿਆਂ ਦੀ ਭੀੜ ਜੁੜ ਗਈ ਸੀ। ਉਨ੍ਹਾਂ ਨੂੰ ਖਬਰ ਮਿਲ ਹੀ ਜਾਂਦੀ ਹੈ।
ਰੌਲੇ ਰੱਪੇ ਨਾਲ ਕੂੜਨ ਦੀ ਨੀਂਦ ਟੁੱਟੀ। ‘ਕੀ ਹੋਇਆ ਮਾਂ?’ ਕਹਿ ਕੇ ਉਸ ਨੇ ਦੇਖਿਆ ਤਾਂ ਮਾਂ ਉਥੇ ਨਹੀਂ ਸੀ। ਗੂੰਗੀ ਬੋਲੀ ਭੈਣ ਬੈਠੀ ਸੀ ਤੇ ਉਸ ਦੇ ਸਾਹਮਣੇ ਨਿੱਕੀ ਭਰਾ ਲੇਟਿਆ ਚੀਕ ਰਿਹਾ ਸੀ। ਕੂੜਨ ਨੱਠ ਕੇ ਗਿਆ। ਇਕ ਸਫੈਦ ਬੰਦ ਵੈਨ ਦੇ ਸਾਹਮਣੇ ਮੰਗਤਿਆਂ ਦੀ ਭੀੜ ਸੀ। ਉਸ ਦੀ ਮਾਂ ਵੀ ਸੀ।
‘ਦੇ ਜਾਓ ਬਾਬੂ, ਸਾਨੂੰ ਵੀ ਦੇ ਜਾਓ। ਜੂਠ ਤਾਂ ਨਾ ਲਿਜਾਓ। ਇਕ ਲੰਗੜੀ ਬੁੱਢੀ ਔਰਤ ਲਗਾਤਾਰ ਬੋਲ ਰਹੀ ਸੀ। ਸਫੈਦ ਕੱਪੜਿਆਂ ਵਾਲੇ ਉਹ ਲੋਕ ਕਾਫੀ ਮਾਤਰਾ ਵਿੱਚ ਭੋਜਨ ਲਿਆ ਕੇ ਵੈਨ ਅੰਦਰ ਰੱਖ ਰਹੇ ਸਨ। ਤਲੀਆਂ ਮੱਛੀਆਂ, ਮਾਸ, ਵੱਡੀਆਂ-ਵੱਡੀਆਂ ਮਠਿਆਈਆਂ, ਆਈਸਕਰੀਮ ਤੇ ਕੋਲਡ ਡਰਿੰਕਸ ਦੇ ਡੱਬੇ।
‘ਦੇ ਜਾਓ ਬਾਬੂ, ਅਸੀਂ ਕਦੋਂ ਦੇ ਇਥੇ ਬੈਠੇ ਹਾਂ। ਸਾਨੂੰ ਦੇ ਜਾਓ।’
ਸੋਹਣੇ ਕੱਪੜਿਆਂ ਵਾਲੇ ਤਿੰਨ ਨੌਜਵਾਨ ਮਕਾਨ ਵਿੱਚੋਂ ਆਏ। ਉਨ੍ਹਾਂ ਨੇ ਆ ਕੇ ਵੈਨ ਵਾਲਿਆਂ ਨੂੰ ਕਿਹਾ, ‘ਇਨ੍ਹਾਂ ਨੂੰ ਇਕ ਦਾਣਾ ਵੀ ਨਹੀਂ ਦੇਣਾ। ਆਪਾਂ ਫੁਟਪਾਥ ਗੰਦਾ ਨਹੀਂ ਕਰਨ ਦੇਣਾ। ਗੋ ਨਾਓ..।’
‘ਸਰ, ਇਨ੍ਹਾਂ ਨੂੰ ਹਟਾਓ, ਨਹੀਂ ਤਾਂ ਅਸੀਂ ਕਿਵੇਂ ਜਾਵਾਂਗੇ?’
ਤਿੰਨਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਪਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੋਰ ਜਵਾਨ ਲੜਕੇ ਉਥੇ ਆ ਗਏ ਤੇ ਕਹਿਣ ਲੱਗੇ, ‘ਚੱਲੋ ਭੱਜ ਜਾਓ ਇਥੋਂ।’
‘ਮਾਲਕ ਇੰਨੇ ਕਠੋਰ ਨਾ ਬਣੋ।’
‘ਪਿੱਛੇ ਹਟੋ, ਵੈਨ ਨੂੰ ਜਾਣ ਦਿਉ। ਐਵੇਂ ਤੁਹਾਨੂੰ ਕੁਚਲ ਦੇਵੇਗੀ।’
ਲੰਗੜੀ ਬਜ਼ੁਰਗ ਔਰਤ ਅਚਾਨਕ ਸਾਹਮਣੇ ਆ ਗਈ, ‘ਵੈਨ ਨੂੰ ਜਾਣ ਨਹੀਂ ਦਿਆਂਗੀ। ਦੇਖਦੀ ਹਾਂ, ਸਾਡਾ ਖਾਣਾ ਕਿਵੇਂ ਲੈ ਜਾਓਗੇ?’
ਕੂੜਨ ਦੀ ਮਾਂ ਨੇ ਖਿੱਚ ਕੇ ਉਸ ਨੂੰ ਪਰ੍ਹਾਂ ਕੀਤਾ ਤੇ ਕਿਹਾ, ‘ਪਾਗਲ ਹੋ ਗਈ ਹੈਂ? ਵੈਨ ਦੇ ਥੱਲੇ ਆ ਗਈ ਤਾਂ ਕੀ ਬਚੇਂਗੀ?’
ਵੈਨ ਸਟਾਰਟ ਹੋਈ। ਰੌਲਾ ਪੈ ਗਿਆ। ਮੰਗਤੇ ਹਟ ਗਏ। ਵੈਨ ਤੇਜ਼ੀ ਨਾਲ ਚਲੀ ਗਈ।
ਕੂੜਨ ਨੂੰ ਇਉਂ ਜਾਪਿਆ, ਜਿਵੇਂ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰਾ ਪਾਣੀ ਆ ਗਿਆ ਹੈ। ਨਿਸਫਲ ਕ੍ਰੋਧ, ਭੁੱਖ ਦੀ ਪੀੜਾ ਨਾਲ ਉਸ ਦਾ ਮੂੰਹ ਕੁਸੈਲੇ ਤੇ ਬੇਸੁਆਦ ਪਾਣੀ ਨਾਲ ਭਰ ਗਿਆ। ਉਸ ਨੇ ਜਾਂਦੀ ਹੋਈ ਵੈਨ ਵੱਲ ਜ਼ੋਰ ਨਾਲ ਥੁੱਕਿਆ। ਫਿਰ ਮਾਂ ਨੂੰ ਮਾਰਦਿਆਂ ਕਹਿਣ ਲੱਗਾ, ‘ਖਾਣ ਨੂੰ ਦੇ ਡੈਣੇ। ਇਥੇ ਭੋਜਨ ਮਿਲੇਗਾ ਕਹਿ ਕੇ ਭੀਖ ਮੰਗਣ ਲਈ ਨਹੀਂ ਗਈ। ਹੁਣ ਖਾਣ ਨੂੰ ਦੇ ਕਿਤੋਂ।
ਮਾਂ ਉਸ ਨੂੰ ਸੰਭਾਲਦੀ ਚੱਲ ਪਈ। ਮੰਗਤਿਆਂ ਦਾ ਸ਼ੋਰ ਹਾਲੇ ਥੰਮਿਆ ਨਹੀਂ ਸੀ। ਅਚਾਨਕ ਜਗਮਗਾਉਂਦੇ ਘਰ ਵਿੱਚ ਕੋਈ ਸਟੀਰੀਓ ਚਲਾ ਕੇ ਉਚੀ ਆਵਾਜ਼ ਵਿੱਚ ਗਾਣਾ ਵਜਾਉਣ ਲੱਗਾ। ਸ਼ੋਰ ਉਸ ਵਿੱਚ ਦਬ ਗਿਆ। ਮਾਂ ਨੇ ਕੂੜਨ ਨੂੰ ਕਿਹਾ, ‘ਕੱਲ੍ਹ ਕਿਤੇ ਹੋਰ ਚੱਲਾਂਗੇ। ਸ਼ਮਸ਼ਾਨ ਚੱਲੇਂਗਾ?’
‘ਹਾਂ, ਉਥੇ ਹੀ ਜਾਵਾਂਗਾ। ਘੱਟੋ-ਘੱਟ ਖਿੱਲਾਂ ਤੇ ਪੈਸੇ ਤਾਂ ਮਿਲਣਗੇ।’
ਉਹ ਬਹੁਤ ਦੇਰ ਤੱਕ ਰੋਂਦਾ ਰਿਹਾ। ਫਿਰ ਉਸ ਦੀ ਮਾਂ ਨਲਕੇ ਤੋਂ ਉਸ ਲਈ ਪਾਣੀ ਲੈ ਆਈ ਤੇ ਉਸ ਦੇ ਮੋਢੇ ‘ਤੇ ਹੱਥ ਰੱਖਦਿਆਂ ਬੋਲੀ, ‘ਪਾਣੀ ਪੀ ਲੈ ਅਤੇ ਕਮਰ ਦਾ ਕੱਪੜਾ ਕਸ ਕੇ ਬੰਨ੍ਹ ਲੈ। ਮੈਂ ਵੀ ਇੱਦਾਂ ਹੀ ਕੀਤਾ ਹੈ। ਵੇਖੀਂ ਪੇਟ ਨਹੀਂ ਰੋਵੇਗਾ, ਨੀਂਦ ਆ ਜਾਵੇਗੀ।’