ਬਜ਼ੁਰਗਾਂ ਦਾ ਇਕਲਾਪਾ ਭਾਰਤ ਦੀ ਨਵੀਂ ਸਮਾਜਕ, ਆਰਥਿਕ ਹਕੀਕਤ ਬਣ ਚੁੱਕੈ

old man

-ਰੀਨਾ ਮਹਿਤਾ
ਦੁਨੀਆ ਭਰ ਵਿੱਚ ਆਬਾਦੀ ਦਾ ਰੂਪ ਬਦਲ ਰਿਹਾ ਹੈ। ਸੰਨ 2000 ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ 60 ਸਾਲ ਤੋਂ ਵੱਧ ਉਮਰ ਦੇ ਦੁਨੀਆ ਦੇ ਸਾਰੇ ਬਜ਼ੁਰਗਾਂ ਦੇ ਮੁਕਾਬਲੇ 3.3 ਗੁਣਾ ਵੱਧ ਸੀ, ਪਰ 2050 ਤੱਕ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਦੇ ਮੁਕਾਬਲੇ ਇਤਿਹਾਸ ਵਿੱਚ ਪਹਿਲੀ ਵਾਰ ਵੱਧ ਹੋ ਜਾਵੇਗੀ। ਯੂ ਐੱਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1950 ਤੋਂ ਲੈ ਕੇ ਅੱਜ ਤੱਕ ਆਬਾਦੀ ਵਿੱਚ ਬਜ਼ੁਰਗਾਂ ਦਾ ਅਨੁਪਾਤ ਲਗਾਤਾਰ ਵਧਦਾ ਆਇਆ ਹੈ। 1950 ਵਿੱਚ ਇਹ ਅਨੁਪਾਤ ਅੱਠ ਫੀਸਦੀ ਸੀ, ਜਦ ਕਿ ਸਾਲ 2007 ਵਿੱਚ 11 ਫੀਸਦੀ ਹੋ ਗਿਆ ਅਤੇ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2050 ਵਿੱਚ ਇਹ ਅਨੁਪਾਤ 22 ਫੀਸਦੀ ਹੋ ਜਾਵੇਗਾ।
ਜੋੜਿਆਂ ਵੱਲੋਂ ਘੱਟ ਬੱਚੇ ਪੈਦਾ ਕਰਨ ਦਾ ਬਦਲ ਵਰਤਣ ਦੇ ਨਾਲ ਨਾਲ ਔਸਤ ਉਮਰ ਵੀ ਵਧੀ ਹੈ, ਜਿਸ ਕਾਰਨ ਆਬਾਦੀ ਵਿੱਚ ਬਜ਼ੁਰਗਾਂ ਦਾ ਅਨੁਪਾਤ ਵਧਦਾ ਜਾ ਰਿਹਾ ਹੈ। ਕਈ ਸਾਲਾਂ ਤੱਕ ਬਜ਼ੁਰਗਾਂ ਦੀ ਗਿਣਤੀ ਵਧਣ ਨੂੰ ਉਤਰੀ ਅਮਰੀਕਾ ਅਤੇ ਯੂਰਪ ਦੇ ਵਿਕਸਿਤ ਦੇਸ਼ਾਂ ਦੀ ਘਟਨਾ ਹੀ ਮੰਨਿਆ ਜਾਂਦਾ ਸੀ। ਉਨ੍ਹਾਂ ਦੀ ਕੁੱਲ ਆਬਾਦੀ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਅਨੁਪਾਤ 2009 ਵਿੱਚ 21 ਫੀਸਦੀ ਤੋਂ ਵੱਧ ਸੀ, ਪਰ ਦੁਨੀਆ ਦੇ ਵਿਕਾਸਸ਼ੀਲ ਖੇਤਰਾਂ ਵਿੱਚ ਇਹ ਅਨੁਪਾਤ ਮਸਾਂ ਅੱਠ ਫੀਸਦੀ ਸੀ। ਨੇੜਲੇ ਭਵਿੱਖ ਵਿੱਚ ਬਜ਼ੁਰਗਾਂ ਦਾ ਅਨੁਪਾਤ 2020 ਤੱਕ ਵਧਦਾ ਹੋਇਆ ਕ੍ਰਮਵਾਰ 33 ਅਤੇ 20 ਫੀਸਦੀ (ਦੋਵਾਂ ਵਰਗਾਂ ਵਿੱਚ) ਹੋ ਜਾਵੇਗਾ। ਇੰਨੀ ਵੱਡੀ ਗਿਣਤੀ ਨੂੰ ਦੁਨੀਆ ਭਰ ਵਿੱਚ ਨਾ ਤਾਂ ਨੀਤੀ ਘਾੜੇ ਨਕਾਰ ਸਕਣਗੇ ਤੇ ਨਾ ਸਮਾਜ ਵਿਗਿਆਨੀ। ਇਸ ਸਮੇਂ ਦੁਨੀਆ ਦੇ ਬਜ਼ੁਰਗਾਂ ਦੀ 60 ਫੀਸਦੀ ਤੋਂ ਜ਼ਿਆਦਾ ਆਬਾਦੀ ਘੱਟ ਵਿਕਸਿਤ ਦੇਸ਼ਾਂ ਵਿੱਚ ਰਹਿੰਦੀ ਹੈ ਤੇ ਇਸ ਵਿੱਚੋਂ ਇਕੱਲੇ ਏਸ਼ੀਆ ਦਾ ਹਿੱਸਾ 55 ਫੀਸਦੀ ਹੈ।
ਇਸ ਤੋਂ ਵੀ ਅਹਿਮ ਗੱਲ ਇਹ ਕਿ ਆਬਾਦੀ ਵਿੱਚ ਸਹੂਲਤਾਂ ਦੀ ਵਾਧਾ ਦਰ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਜ਼ਿਕਰ ਯੋਗ ਹੈ ਕਿ ਜਿੱਥੇ ਵਿਕਸਿਤ ਦੇਸ਼ਾਂ ਵਿੱਚ ਬਜ਼ੁਰਗਾਂ ਦੀ ਗਿਣਤੀ/ ਆਬਾਦੀ ਵਿੱਚ ਵਾਧਾ ਆਰਥਿਕ ਵਿਕਾਸ ਦੇ ਉਪਰਲੇ ਪੱਧਰਾਂ ‘ਤੇ ਜ਼ਿਆਦਾ ਹੁੰਦਾ ਹੈ, ਉਥੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੇਠਲੇ ਪੱਧਰਾਂ ‘ਤੇ ਜੀਅ ਰਹੇ ਵਰਗਾਂ ਵਿੱਚ ਉਨ੍ਹਾਂ ਦੀ ਗਿਣਤੀ ਜ਼ਿਆਦਾ ਵਧ ਰਹੀ ਹੈ।
ਇਸ ਤੋਂ ਇਲਾਵਾ ਵਿਕਾਸਸ਼ੀਲ ਦੇਸ਼ਾਂ ਕੋਲ ਬਜ਼ੁਰਗਾਂ ਦੀ ਵਧਦੀ ਆਬਾਦੀ ਦੇ ਸਿੱਟਿਆਂ ਮੁਤਾਬਕ ਖੁਦ ਨੂੰ ਢਾਲਣ ਲਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਸਮਾਂ ਹੈ। ਭਾਰਤ ਵਿੱਚ 2011 ਦੀ ਮਰਦਮ ਸ਼ੁਮਾਰੀ ਅਨੁਸਾਰ 60 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ ਦੀ ਆਬਾਦੀ 8.6 ਫੀਸਦੀ ਤੋਂ ਵੱਧ ਹੈ ਤੇ ਅੰਦਾਜ਼ਾ ਹੈ ਕਿ 2050 ਤੱਕ ਇਹ ਅਨੁਪਾਤ 20 ਫੀਸਦੀ ਤੋਂ ਉਪਰ ਚਲਾ ਜਾਵੇਗਾ। ਇਸ ਦਾ ਆਰਥਿਕ ਵਿਕਾਸ, ਕਿਰਤ ਬਾਜ਼ਾਰ, ਖਪਤ, ਸਮਾਜਕ ਅਤੇ ਕਲਿਆਣ ਸੇਵਾਵਾਂ, ਸਿਹਤ ਸੰਭਾਲ ਤੇ ਬਿਰਧ ਆਸ਼ਰਮਾਂ ਆਦਿ ਦੀ ਮੰਗ ‘ਤੇ ਬਹੁਤ ਜ਼ਿਆਦਾ ਅਸਰ ਪਵੇਗਾ।
ਭਾਰਤ ਵਿੱਚ ਆਬਾਦੀ ਦੇ ਰੂਪ ਵਿੱਚ ਤਬਦੀਲੀ ਦਾ ਇੱਕ ਹੋਰ ਪਹਿਲੂ ਵੀ ਹੈ। ਰੋਜ਼ਗਾਰ ਦੇ ਲਈ ਨੌਜਵਾਨਾਂ ਵੱਲੋਂ ਦੇਸ਼ ਵਿੱਚ ਅਤੇ ਵਿਦੇਸ਼ਾਂ ਨੂੰ ਜਿੰਨੇ ਵੱਡੇ ਪੱਧਰ ‘ਤੇ ਤੁਰਿਆ ਜਾਣਾ ਜਾਰੀ ਹੈ, ਉਸ ਨਾਲ ਦਿਹਾਤੀ ਤੇ ਸ਼ਹਿਰੀ ਇਲਾਕਿਆਂ ਵਿੱਚ ਬਜ਼ੁਰਗਾਂ ਦੇ ਜੀਵਨ ਦੀਆਂ ਸਥਿਤੀਆਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਹੈ। ਭਾਰਤ ਵਿੱਚ ਰਵਾਇਤੀ ਤੌਰ ‘ਤੇ ਸਾਂਝੇ ਪਰਵਾਰ ਦਾ ਢਾਂਚਾ ਅਜਿਹਾ ਸੀ ਕਿ ਉਸ ਵਿੱਚ ਬਜ਼ੁਰਗਾਂ ਦੀ ਸੇਵਾ ਸੰਭਾਲ ਹੋਈ ਜਾਂਦੀ ਸੀ, ਪਰ ਸ਼ਹਿਰੀਕਰਨ, ਆਬਾਦੀ ਦੇ ਤਬਾਦਲੇ ਅਤੇ ਸਾਂਝੇ ਪਰਵਾਰਾਂ ਦੇ ਟੁੱਟਣ ਕਾਰਨ ਇਹ ਵਿਵਸਥਾ ਲਗਭਗ ਖਤਮ ਹੋ ਗਈ ਹੈ। ਇਸੇ ਕਾਰਨ ਬਜ਼ੁਰਗਾਂ ਲਈ ਪਰਵਾਰਕ ਸਮਰਥਨ ਵੀ ਲਗਾਤਾਰ ਘਟਦਾ ਜਾ ਰਿਹਾ ਹੈ।
ਬਜ਼ੁਰਗਾਂ ਦੀ ਬਹੁਤ ਵੱਡੀ ਆਬਾਦੀ ਹੁਣ ਇਕੱਲੀ ਰਹਿੰਦੀ ਹੈ, ਜਿਸ ਕਾਰਨ ਉਨ੍ਹਾ ਦੀਆਂ ਸਰੀਰਕ, ਆਰਥਿਕ, ਮਨੋਵਿਗਿਆਨਕ ਅਤੇ ਸਮਾਜਕ ਸੇਵਾ-ਸੰਭਾਲ ਸੰਬੰਧੀ ਚਿੰਤਾਵਾਂ ਵਧਣ ਲੱਗੀਆਂ ਹਨ। ਬੀਤੇ ਜ਼ਮਾਨੇ ਵਿੱਚ ਪਰਵਾਰਕ ਜਾਂ ਭਾਈਚਾਰਕ ਪੱਧਰ ‘ਤੇ ਫਰਜ਼ਾਂ-ਜ਼ਿੰਮੇਵਾਰੀਆਂ ਦੇ ਆਪਸੀ ਸੰਬੰਧਾਂ ਦੇ ਆਧਾਰ ‘ਤੇ ਜੋ ਬਦਲ ਮਿਲਦੇ ਸਨ, ਉਹ ਆਰਥਿਕ ਤੇ ਸਮਾਜਕ ਤਬਦੀਲੀਆਂ ਕਾਰਨ ਗਾਇਬ ਹੋ ਗਏ ਹਨ। ਬਜ਼ੁਰਗਾਂ ਦਾ ਇਕਲਾਪਾ ਅਤੇ ਸਮਾਜਕ ਤੌਰ ‘ਤੇ ਅਲੱਗ ਥਲੱਗ ਜੀਵਨ ਭਾਰਤ ਦੀ ਨਵੀਂ ਸਮਾਜਕ, ਆਰਥਿਕ ਹਕੀਕਤ ਬਣ ਗਿਆ ਹੈ। ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਅਕਸਰ ਅਜਿਹੇ ਬਜ਼ੁਰਗ ਮਿਲ ਜਾਂਦੇ ਹਨ, ਜੋ ਕਿਸੇ ਨਾ ਕਿਸੇ ਤਰ੍ਹਾਂ ਇਕੱਲੇ ਜ਼ਿੰਦਗੀ ਦਾ ਸੰਘਰਸ਼ ਲੜ ਰਹੇ ਹਨ। ਬੇਸ਼ੱਕ ਦਿਹਾਤੀ ਖੇਤਰਾਂ ਵਿੱਚ ਵੀ ਬਜ਼ੁਰਗਾਂ ਨੂੰ ਕੁਝ ਹੱਦ ਤੱਕ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ, ਪਰ ਉਥੇ ਇਕਲਾਪੇ ਅਤੇ ਸਮਾਜਕ ਵੱਖਰੇਵੇਂ ਨੂੰ ਦੀ ਸਮੱਸਿਆ ਸ਼ਹਿਰੀ ਖੇਤਰਾਂ ਜਿੰਨੀ ਗੰਭੀਰ ਨਹੀਂ। ਇਸ ਦੀ ਵਜ੍ਹਾ ਇਹ ਹੈ ਕਿ ਦਿਹਾਤੀ ਖੇਤਰਾਂ ਵਿੱਚ ਅਜੇ ਭਾਈਚਾਰਕ ਪੱਧਰ ‘ਤੇ ਲੋਕ ਆਪਸੀ ਲੈਣ ਦੇਣ ਦੇ ਆਧਾਰ ‘ਤੇ ਇੱਕ-ਦੂਜੇ ਨਾਲ ਜੁੜੇ ਹੋਏ ਹਨ।
ਲੰਮੇ ਸਮੇਂ ਤੱਕ ਸਮਾਜ ਨਾਲੋਂ ਅਲੱਗ-ਥਲੱਗ ਹੋ ਕੇ ਜ਼ਿੰਦਗੀ ਜਿਊਣ ਦਾ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਸਮਾਜਕ ਪੱਧਰ/ ਸਿਹਤ ‘ਤੇ ਬਹੁਤ ਨਾਂਹ-ਪੱਖੀ ਅਸਰ ਪੈਂਦਾ ਹੈ। ਬਜ਼ੁਰਗਾਂ ਦੇ ਮਾਮਲੇ ਵਿੱਚ ਇਹ ਹੋਰ ਵੀ ਘਾਤਕ ਹੁੰਦਾ ਹੈ। ਇਸ ਲਈ ਸਮਾਜਕ ਤੌਰ ‘ਤੇ ਸੁਰੱਖਿਅਤ ਮਹਿਸੂਸ ਕਰਨ ਲਈ ਨਿੱਜੀ ਸੰਬੰਧਾਂ ਦਾ ਸਮਾਜਕ ਤਾਣਾ-ਬਾਣਾ ਜ਼ਿਆਦਾ ਅਹਿਮ ਹੈ। ਵੱਖ-ਵੱਖ ਅਧਿਐਨਾਂ ਤੋਂ ਇਹ ਸੱਚਾਈ ਸਾਹਮਣੇ ਆਈ ਹੈ ਕਿ ਬਜ਼ੁਰਗ ਜਦੋਂ ਸਰਗਰਮ ਜ਼ਿੰਦਗੀ ਜਿਉਂਦੇ ਹਨ ਅਤੇ ਸਮਾਜ ਨਾਲ ਸਜੀਵ ਅਦਾਨ-ਪ੍ਰਦਾਨ ਵਿੱਚ ਰਹਿੰਦੇ ਹਨ ਤਾਂ ਉਹ ਜ਼ਿਆਦਾ ਖੁਸ਼ ਹੁੰਦੇ ਹਨ।
ਮੰਦ-ਭਾਗੀ ਗੱਲ ਹੈ ਕਿ ਅੱਜ ਦੇ ਨਵੇਂ ਸਮਾਜਕ ਯਥਾਰਥ ਪ੍ਰਤੀ ਭਾਰਤ ਵਿੱਚ ਸਰਕਾਰੀ ਤੰਤਰ ਦੀ ਪ੍ਰਤੀਕਿਰਿਆ ਕਾਫੀ ਹੱਦ ਤੱਕ ਨਾਂਹ-ਪੱਖੀ ਹੈ। ਫਿਰ ਵੀ ਸ਼ਹਿਰੀ ਖੇਤਰਾਂ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਕਿ ਆਂਢ-ਗੁਆਂਢ ਦੇ ਲੋਕ ਜਾਂ ਭਾਈਚਾਰੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਬਾਰੇ ਬੇਫਿਕਰ ਹਨ। ਅਜਿਹੇ ਲੋਕਾਂ ਦੀ ਵੀ ਘਾਟ ਨਹੀਂ, ਜਿਹੜੇ ਬਹੁਤ ਨੇਕ ਇਰਾਦਿਆਂ ਨਾਲ ਬਜ਼ੁਰਗਾਂ ਦੀ ਸਹਾਇਤਾ ਕਰਦੇ ਹਨ ਤੇ ਆਪਣੇ ਇਨ੍ਹਾਂ ਨੇਕ ਇਰਾਦਿਆਂ ਨੂੰ ਅਮਲੀ ਤੌਰ ‘ਤੇ ਲਾਗੂ ਵੀ ਕਰਦੇ ਹਨ। ਇਹ ਅਜਿਹਾ ਮੁੱਦਾ ਹੈ, ਜੋ ਦੇਰ ਸਵੇਰ ਸਾਨੂੰ ਸਭ ਨੂੰ ਦਰਪੇਸ਼ ਆਉਣਾ ਹੈ ਤੇ ਇਸ ਕਾਰਨ ਰਚਨਾਤਮਕ ਹੱਲ ਲੱਭੇ ਜਾਣ ਦੀ ਲੋੜ ਹੈ। ਸਰਕਾਰ ਨੂੰ ਤਾਂ ਹਮੇਸ਼ਾ ਸੋਮਿਆਂ ਦੀ ਘਾਟ ਦਾ ਬਹਾਨਾ ਬਣਾਉਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਅਜਿਹੇ ਸਮੇਂ ‘ਤੇ ਹਰ ਵੇਲੇ ਸਰਕਾਰੀ ਸਹਾਇਤਾ ਦਾ ਮੂੰਹ ਤੱਕਦੇ ਰਹਿਣ ਦੀ ਬਜਾਏ ਵਿਅਕਤੀਆਂ ਤੇ ਭਾਈਚਾਰਿਆਂ ਦਾ ਸ਼ਕਤੀਕਰਨ ਕਰਨਾ ਪਵੇਗਾ ਤਾਂ ਕਿ ਉਹ ਇੱਕ ਦੂਜੇ ਦੀ ਸਹਾਇਤਾ ਕਰ ਸਕਣ।
ਇਸ ਕੰਮ ਵਿੱਚ ਸਰਕਾਰ ਕੁਝ ਪਹਿਲਕਦਮੀਆਂ ਕਰ ਸਕਦੀ ਹੈ, ਫਿਰ ਵੀ ਲੋਕਾਂ ਸਾਹਮਣੇ ਸਫਲਤਾ ਦੇ ਕੁਝ ਮਾਡਲ ਤਾਂ ਪੇਸ਼ ਕਰਨੇ ਹੀ ਪੈਣਗੇ ਤਾਂ ਕਿ ਭਾਈਚਾਰੇ ਵਿੱਚ ਇਕਲਾਪੇ ਦਾ ਸ਼ਿਕਾਰ ਬਜ਼ੁਰਗਾਂ ਦੀਆਂ ਸਮੱਸਿਆਵਾਂ ਦਾ ਪੈਦਾ ਹੋਣ ਤੋਂ ਪਹਿਲਾਂ ਹੀ ਹੱਲ ਲੱਭਿਆ ਜਾ ਸਕੇ।