ਬ੍ਰਿਟੇਨ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦੇ ਨਾਂਅ ਉਤੇ ਡਾਕ ਟਿਕਟ ਜਾਰੀ ਕਰੇਗਾ

ਰਾਜਕੁਮਾਰੀ ਸੋਫੀਆ ਦਲੀਪ ਸਿੰਘ

ਲੰਡਨ, 16 ਜਨਵਰੀ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਨਾਂਅ ਉੱਤੇ ਬ੍ਰਿਟੇਨ ‘ਚ ਡਾਕ ਟਿਕਟ ਜਾਰੀ ਕੀਤੀ ਜਾ ਰਹੀ ਹੈ। ਇਹ ਡਾਕ ਟਿਕਟ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਵੱਲੋਂ ਔਰਤਾਂ ਦੇ ਹੱਕਾਂ ਲਈ ਲੜੀ ਲੜਾਈ ਬਦਲੇ ਜਾਰੀ ਕੀਤੀ ਜਾਣੀ ਹੈ।
ਸੋਫੀਆ ਦਲੀਪ ਸਿੰਘ ਔਰਤਾਂ ਦੇ ਵੋਟ ਪਾਉਣ ਦੇ ਅਧਿਕਾਰ ਵਾਲੇ ਬ੍ਰਿਟੇਨ ਦੇ ਉਸ ਅੰਦੋਲਨ ਦੀ ਅਹਿਮ ਹਿੱਸਾ ਸੀ, ਜਿਸ ਤੋਂ ਬਾਅਦ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੋਟ ਪਉਣ ਦਾ ਹੱਕ ਮਿਲਿਆ ਸੀ। ਬ੍ਰਿਟੇਨ ‘ਚ ਅਗਲੇ ਮਹੀਨੇ ਔਰਤਾਂ ਨੂੰ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ 100 ਵਰ੍ਹੇ ਪੂਰੇ ਹੋ ਰਹੇ ਹਨ। ਪੰਜਾਬ ‘ਚ ਖਾਲਸਾ ਰਾਜ ਸਥਾਪਤ ਕਰਨ ਵਾਲੇ ਅਤੇ ਸ਼ੇਰੇ ਪੰਜਾਬ ਦੇ ਨਾਂਅ ਨਾਲ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਬੁਲੰਦ ਹੌਸਲੇ ਦੀ ਮਾਲਕ ਸੋਫੀਆ ਭਾਵੇਂ ਬ੍ਰਿਟਿਸ਼ ਰੰਗ ‘ਚ ਰੰਗੀ ਹੋਈ ਸੀ, ਪਰ ਉਸ ਵਿੱਚ ਰਾਜਕੁਮਾਰੀਆਂ ਵਾਲੀ ਬੜਕ ਕਾਇਮ ਸੀ। ਉਹ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ। ਬ੍ਰਿਟੇਨ ਦੀ ਪਾਰਲੀਮੈਂਟ ‘ਚ ਇਸ ਵਾਰ ਔਰਤ ਮੈਂਬਰਾਂ ਦੀ ਗਿਣਤੀ ਪਹਿਲਾਂ ਤੋਂ ਵਧੀ ਹੈ। ਜਿਥੇ ਇਸ ਸਮੇਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਇਕ ਔਰਤ ਹੈ, ਉਥੇ ਪਹਿਲੀ ਸਿੱਖ ਐਮ ਪੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਹੁਣੇ-ਹੁਣੇ ਸ਼ੈਡੋ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਖੁਸ਼ੀ ਦੀ ਗੱਲ ਹੈ ਕਿ ਔਰਤਾਂ ਦੇ ਹੱਕਾਂ ਲਈ ਸੰਘਰਸ਼ ਲੜਨ ਵਾਲੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਤੋਂ 100 ਵਰ੍ਹੇ ਬਾਅਦ ਇਕ ਸਿੱਖ ਔਰਤ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਸਮੇਂ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਕੰਜਰਵੇਟਿਵ ਪਾਰਟੀ ਦੀਆਂ 67, ਲੇਬਰ ਪਾਰਟੀ ਦੀਆਂ 119, ਐਸ ਐਨ ਪੀ ਦੀਆਂ 12, ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀਆਂ ਚਾਰ, ਗਰੀਨ ਪਾਰਟੀ ਦੀ ਇਕ ਮੈਂਬਰ ਹਨ। ਇਸ ਦੇ ਉਪਰਲੇ ਸਦਨ ਹਾਊਸ ਆਫ ਲੌਰਡਜ਼ ਵਿੱਚ ਵੀ 176 ਔਰਤਾਂ ਮੈਂਬਰ ਹਨ।