ਬ੍ਰਿਟੇਨ ਵਿੱਚ ਵਿਜੇ ਮਾਲਿਆ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਉੱਤੇ ਰਿਹਾਈ ਮਿਲੀ

vijay-mallya_650x400_81457535262* ਭਾਰਤ ਨੇ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਲਈ ਅਮਲ ਤੇਜ਼ ਕੀਤੇ
ਲੰਡਨ, 18 ਅਪਰੈਲ, (ਪੋਸਟ ਬਿਊਰੋ)- ਭਾਰਤ ਤੋਂ ਭਗੌੜੇ ਹੋ ਕੇ ਇੰਗਲੈਂਡ ਵਿੱਚ ਛੁਪੇ ਹੋਏ ਸ਼ਰਾਬ ਦੇ ਕਾਰੋਬਾਰੀ ਤੇ ਸਾਬਕਾ ਪਾਰਲੀਮੈਂਟ ਮੈਂਬਰ ਵਿਜੇ ਮਾਲਿਆ ਨੂੰ ਭਾਰਤ ਦੀ ਬੇਨਤੀ ਉਤੇ ਬ੍ਰਿਟੇਨ ਦੀ ਸਕਾਟਲੈਂਡ ਯਾਰਡ ਪੁਲਸ ਨੇ ਅੱਜ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ। ਭਾਰਤੀ ਅਫਸਰਾਂ ਦੇ ਮੁਤਾਬਕ ਇਸ ਨਾਲ ਉਸ ਦੀ ਭਾਰਤ ਹਵਾਲਗੀ ਦਾ ਅਮਲ ਤੇਜ਼ ਹੋ ਜਾਵੇਗਾ। ਗ੍ਰਿਫਤਾਰੀ ਦੇ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਹੈ।
ਸੀਨੀਅਰ ਭਾਰਤੀ ਡਿਪਲੋਮੇਟਾਂ ਨੇ ਮਾਲਿਆ ਦੀ ਗ੍ਰਿਫ਼ਤਾਰੀ ਨੂੰ ਉਸ ਦੀ ਭਾਰਤ ਨੂੰ ਹਵਾਲਗੀ ਦੀ ਦਿਸ਼ਾ ਵਿੱਚ ਪਹਿਲਾ ਕਦਮ ਕਿਹਾ ਹੈ, ਕਿਉਂਕਿ ਹੁਣ ਉਸ ਦੀ ਭਾਰਤ ਹਵਾਲਗੀ ਬਾਰੇ ਬ੍ਰਿਟੇਨ ਦੀਆਂ ਅਦਾਲਤਾਂ ਵਿੱਚ ਕਾਰਵਾਈ ਸ਼ੁਰੂ ਹੋ ਸਕੇਗੀ। ਅਦਾਲਤਾਂ ਉਸ ਨੂੰ ਭਾਰਤ ਹਵਾਲੇ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਨਗੀਆਂ। ਵਰਨਣ ਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਬ੍ਰਿਟੇਨ ਦੀ ਫੇਰੀ ਦੌਰਾਨ ਉਨ੍ਹਾਂ ਦੀ ਗੱਲਬਾਤ ਵਿੱਚ ਮਾਲਿਆ ਦੀ ਹਵਾਲਗੀ ਦਾ ਮਾਮਲਾ ਉਠਾਇਆ ਜਾਵੇਗਾ।
ਸ਼ਰਾਬ ਦੇ 61 ਸਾਲਾ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤ ਨੂੰ ਕਰਜ਼ਿਆਂ ਦੇ ਰੂਪ ਵਿੱਚ ਬੈਂਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਦੇ ਕੇਸ ਵਿੱਚ ਲੋੜ ਹੈ। ਅੱਜ ਇਥੇ ਕੇਂਦਰੀ ਲੰਡਨ ਦੇ ਥਾਣੇ ਵਿੱਚ ਪੇਸ਼ ਹੋਣ ਉੱਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਜ਼ਮਾਨਤ ਉਤੇ ਜਾਣ ਦਿੱਤਾ ਗਿਆ। ਸਕਾਟਲੈਂਡ ਯਾਰਡ ਪੁਲੀਸ ਨੇ ਦੱਸਿਆ, ‘ਮੈਟਰੋਪੋਲਿਟਨ ਪੁਲੀਸ ਦੀ ਹਵਾਲਗੀ ਯੂਟਿਨ ਦੇ ਅਫ਼ਸਰਾਂ ਨੇ ਹਵਾਲਗੀ ਵਾਰੰਟ ਦੇ ਆਧਾਰ ਉਤੇ ਅੱਜ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵਿਜੇ ਮਾਲਿਆ ਨੂੰ ਭਾਰਤੀ ਅਧਿਕਾਰੀਆਂ ਵੱਲੋਂ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ।’ ਉਸ ਨੂੰ ਕੇਂਦਰੀ ਲੰਡਨ ਦੇ ਇਕ ਥਾਣੇ ਵਿੱਚ ਹਾਜ਼ਰ ਹੋਣ ਵੇਲੇ ਗ੍ਰਿਫ਼ਤਾਰ ਕਰ ਕੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਮਾਲਿਆ ਦੀ ਟੀਮ ਦੇ ਇਕ ਮੈਂਬਰ ਨੇ ਦਾਅਵਾ ਕੀਤਾ, ‘ਇਹ (ਮਾਲਿਆ ਦਾ ਪੇਸ਼ ਹੋਣਾ) ਇਕ ਸਵੈ-ਇੱਛੁਕ ਕਾਰਵਾਈ ਸੀ।’
ਇਸ ਦੌਰਾਨ ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਇਹ ਘੋਖ ਕੀਤੀ ਜਾ ਰਹੀ ਹੈ ਕਿ ਵਿਜੇ ਮਾਲਿਆ ਨੂੰ ਕਿਸ ਤਰ੍ਹਾਂ ਭਾਰਤ ਵਾਪਸ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਅਸੀਂ ਤੱਥਾਂ ਦੀ ਘੋਖ ਕਰ ਰਹੇ ਹਾਂ ਕਿ ਉਸ ਨੂੰ ਕਿਵੇਂ ਦੇਸ਼ ਲਿਆਂਦਾ ਜਾ ਸਕਦਾ ਹੈ ਤੇ ਇਸ ਬਾਰੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਦੂਸਰੇ ਪਾਸੇ ਵਿਜੇ ਮਾਲਿਆ ਨੇ ਇਕ ਟਵੀਟ ਰਾਹੀਂ ਆਪਣੀ ਗ੍ਰਿਫ਼ਤਾਰੀ ਬਾਰੇ ਭਾਰਤੀ ਮੀਡੀਆ ਦੇ ਪ੍ਰਚਾਰ ਦਾ ਮਜ਼ਾਕ ਉਡਾਉਂਦਿਆਂ ਅਦਾਲਤ ਵਿੱਚ ਆਪਣੇ ਕੇਸ ਦੀ ਸੁਣਵਾਈ ਨੂੰ ‘ਆਸ ਮੁਤਾਬਕ; ਕਰਾਰ ਦਿੱਤਾ ਹੈ। ਉਸ ਨੇ ਕਿਹਾ, ‘ਭਾਰਤੀ ਮੀਡੀਆ ਨੇ ਆਮ ਵਾਂਗ ਜ਼ੋਰਦਾਰ ਸ਼ੋਰ ਕੀਤਾ। ਅਦਾਲਤ ਵਿੱਚ ਹਵਾਲਗੀ ਦੀ ਸੁਣਵਾਈ (ਸਾਡੀਆਂ) ਉਮੀਦਾਂ ਮੁਤਾਬਕ ਰਹੀ।’