ਬ੍ਰਿਟੇਨ ਵਿੱਚ ਘੱਟ ਤਨਖਾਹ ਦੇਣ ਦੀਆਂ ਦੋਸ਼ੀ 360 ਕੰਪਨੀਆਂ ਵਿੱਚ ਪੰਜਾਬੀ ਕੰਪਨੀਆਂ ਵੀ ਸ਼ਾਮਲ

britain
ਲੰਡਨ੍ਹ, 4 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਸਰਕਾਰ ਵੱਲੋਂ ਅਜਿਹੀਆਂ 360 ਕੰਪਨੀਆਂ ਦੇ ਨਾਂਅ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਸਟਾਫ ਦੇ ਮੈਂਬਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਸੀ। ਇਨ੍ਹਾਂ ਵਿੱਚ ਕਈ ਪੰਜਾਬੀ ਕੰਪਨੀਆਂ ਵੀ ਹਨ। ਇਨ੍ਹਾਂ ਵਿੱਚ ਡੈਬਨਹੈਮ ਦਾ ਨਾਂਅ ਸਭ ਤੋਂ ਉਪਰ ਹੈ, ਜਿਸ ਨੇ ਆਪਣੇ 11,858 ਕਾਮਿਆਂ ਨੂੰ 135,800 ਪੌਂਡ ਤੋਂ ਵੱਧ ਰਕਮ ਘੱਟ ਅਦਾ ਕੀਤੀ ਸੀ। ਤਨਖਾਹ ਅਦਾ ਕਰਨ ਦੇ ਮਾਮਲੇ ਵਿੱਚ ਸਭ ਤੋਂ ਵੱਧ ਦੋਸ਼ੀ ਪਾਈਆਂ ਗਈਆਂ 10 ਕੰਪਨੀਆਂ ਵਿੱਚ ਡਾਕਟਰ ਲਖਬੀਰ ਸਿੰਘ ਅਤੇ ਦਵਿੰਦਰ ਸਿੰਘ ਦੀ ਕੰਪਨੀ ਨੱਟਵੁੱਡ ਕੌਟੇਜ ਡੇਅ ਨਰਸਰੀ ਵੀ ਸ਼ਾਮਲ ਹੈ, ਜਿੱਥੇ 11 ਕਾਮਿਆਂ ਨੂੰ 22,082 ਪੌਂਡ ਘੱਟ ਅਦਾ ਕੀਤੇ ਗਏ।
ਇਸ ਵਿੱਚ ਡਰਹੈਮ ਦੇ ਲੈਗਲੀ ਪਾਰਕ ਵਿੱਚ ਵਿਲੇਜ ਸਟੋਰ ਦੀ ਮਾਲਕ ਸ੍ਰੀਮਤੀ ਰਵਿੰਦਰ ਰਾਏ, ਨਾਰਬੈਪਟਨ ਵਿੱਚ ਅਨੂ ਬਿਊਟੀ ਦੀ ਮਾਲਕ ਸ੍ਰੀਮਤੀ ਅਨੂ ਥਾਪਾ, ਲੂਟਨ ਦੇ ਏਸਟੈਕ ਦੇ ਮਾਲਕ ਅਮਰਜੀਤ ਸਿੰਘ, ਪੀਟਰਬਰੋ ਦੇ ਟੋਨੀਜ ਫਿਸ਼ ਐਂਡ ਬਾਰ ਦੇ ਮਾਲਕ ਮੋਹਣ ਸਹੋਤਾ, ਲੰਡਨ ਡੇਅਰੀ ਦੇ ਕਸਟਮ ਹਾਊਸ ਰੈਸਟੋਰੈਂਟ ਦੇ ਮਾਲਕ ਸੋਹਣ ਸਿੰਘ ਕੁਲਾਰ ਅਤੇ ਵੋਰਲਿੰਗਟਨ ਹਾਲ ਕਾਊਂਟੀ ਹਾਲ ਦੀ ਮਾਲਕ ਸ੍ਰੀਮਤੀ ਕਾਦੰਬਰੀ ਸੂਰੀ ਦੇ ਨਾਂਅ ਵੀ ਸ਼ਾਮਲ ਹਨ। ਇਸ ਬਾਰੇ ਬਿਜ਼ਨੈਸ, ਐਨਰਜੀ ਐਂਡ ਇੰਡਸਟਰੀਅਲ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਤੋਂ ਕਰਮੀਆਂ ਵੱਲ ਬਣਦੇ ਤਨਖਾਹ ਦੇ ਬਕਾਏ ਭਰਵਾਉਣ ਤੋਂ ਬਿਨਾ ਰੈਵੇਨਿਊ ਐਂਡ ਕਸਟਮ ਵਿਭਾਗ ਵੱਲੋਂ ਇਨ੍ਹਾਂ ‘ਤੇ ਕੁੱਲ 800,000 ਪੌਂਡ ਜੁਰਮਾਨੇ ਲਾਏ ਗਏ ਹਨ। ਵਰਨਣ ਯੋਗ ਹੈ ਕਿ ਯੂ ਕੇ ਵਿੱਚ ਇੱਕ ਅਡਲਟ ਲਈ ਘੱਟੋ-ਘੱਟ ਤਨਖਾਹ 7.20 ਪੌਂਡ ਪ੍ਰਤੀ ਘੰਟਾ ਹੈ, ਜੋ ਅਪ੍ਰੈਲ ਤੋਂ 7.50 ਪੌਂਡ ਹੋ ਰਹੀ ਹੈ।