ਬ੍ਰਿਟੇਨ ਵਿੱਚ ਗੈਰ ਕਾਨੂੰਨੀ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਸਮਝੌਤੇ ਉੱਤੇ ਦਸਖਤ ਤੋਂ ਮੋਦੀ ਦਾ ਇਨਕਾਰ


ਲੰਡਨ, 1 ਜੂਨ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਮਝੌਤੇ ‘ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਹ ਐਮ ਓ ਯੂ ਸਮਝੌਤਾ ਬ੍ਰਿਟੇਨ ‘ਚ ਗੈਰ ਕਾਨੂੰਨੀ ਰਹਿੰਦੇ ਹਜ਼ਾਰਾਂ ਭਾਰਤੀਆਂ ਦੀ ਘਰ ਵਾਪਸੀ ਬਾਰੇ ਸੀ। ਪ੍ਰਧਾਨ ਮੰਤਰੀ ਨੇ ਇਸ ਸਮਝੌਤੇ ‘ਤੇ ਇਸ ਲਈ ਦਸਖਤ ਨਹੀਂ ਕੀਤੇ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰਿਟੇਨ ਭਾਰਤੀਆਂ ਨੂੰ ਆਸਾਨੀ ਨਾਲ ਵੀਜ਼ਾ ਨਹੀਂ ਦੇ ਰਿਹਾ।
ਲੰਡਨ ਦੇ ਭਾਰਤੀ ਹਾਈ ਕਮਿਸ਼ਨ ਦੇ ਸੂਤਰਾਂ ਅਨੁਸਾਰ ਇਸ ਸਾਲ ਜਨਵਰੀ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਇਸ ਦੋ ਪੱਖੀ ਸਮਝੌਤੇ ਦੀ ਸ਼ੁਰੂਆਤ ਕੀਤੀ ਸੀ, ਪਰ ਨਰਿੰਦਰ ਮੋਦੀ ਨੇ ਅਪ੍ਰੈਲ ‘ਚ ਲੰਡਨ ਦੌਰੇ ਦੌਰਾਨ ਇਸ ਸਮਝੌਤੇ ‘ਤੇ ਦਸਖਤ ਨਹੀਂ ਕੀਤੇ, ਕਿਉਂਕਿ ਭਾਰਤ ਨੂੰ ਬ੍ਰਿਟੇਨ ਵੱਲੋਂ ਸਮਝੌਤੇ ਬਾਰੇ ਕਿਸੇ ਤਰ੍ਹਾਂ ਦੀ ਪ੍ਰਗਤੀ ਹੁੰਦੀ ਦਿਖਾਈ ਨਹੀਂ ਦੇ ਰਹੀ। ਮੋਦੀ ਦੇ ਲੰਡਨ ਦੌਰੇ ਦੌਰਾਨ ਇਹ ਸਮਝੌਤਾ ਦੋ ਪੱਖੀ ਗੱਲਬਾਤ ਦਾ ਮੁੱਖ ਕੇਂਦਰ ਮੰਨਿਆ ਜਾ ਰਿਹਾ ਸੀ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਨਵੰਬਰ 2017 ਵਿੱਚ ਭਾਰਤ ਦੌਰੇ ਦੌਰਾਨ ਬ੍ਰਿਟੇਨ ਦਾ ਵੀਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਸੁਧਾਰ ‘ਤੇ ਵਿਚਾਰ ਕਰਨ ਲਈ ਸਹਿਮਤੀ ਪ੍ਰਗਟਾਈ ਸੀ। ਕੱਲ੍ਹ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ, ਐਮ ਓ ਯੂ ਲਈ ਗੈਰ ਪ੍ਰਵਾਸੀ ਕੈਰੋਲੀਨ ਨੋਕਸ ਅਤੇ ਭਾਰਤੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ 11 ਜਨਵਰੀ ਨੂੰ ਇਸ ਕੇਸ ਵਿੱਚ ਪਹਿਲ ਕੀਤੀ ਸੀ, ਜਿਸ ਨਾਲ ਬ੍ਰਿਟੇਨ ਵਿੱਚ ਗੈਰ ਕਾਨੂੰਨੀ ਰਹਿੰਦੇ ਭਾਰਤੀਆਂ ਦੀ ਜਲਦੀ ਆਪਣੇ ਦੇਸ਼ ਵਾਪਸੀ ਹੋ ਸਕੇ। ਇਕ ਹਾਈ ਕਮਿਸ਼ਨ ਅਧਿਕਾਰੀ ਨੇ ਕਿਹਾ, ‘ਜਦੋਂ ਥੈਰੇਸ ਮੇਅ ਭਾਰਤ ਆਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਭਾਰਤੀਆਂ ਦੀ ਵਾਪਸੀ ਵਿੱਚ ਤੇਜ਼ੀ ਆਏ ਤਾਂ ਬ੍ਰਿਟੇਨ ਭਾਰਤੀਆਂ ਨੂੰ ਆਸਾਨੀ ਨਾਲ ਵੀਜ਼ਾ ਦੇਣ ਵਾਲਾ ਕੰਮ ਕਰੇਗਾ ਪਰ ਅਜਿਹਾ ਨਹੀਂ ਹੋ ਰਿਹਾ।’ ਹਾਈ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ, ‘ਅਸੀਂ ਦੇਖ ਰਹੇ ਹਾਂ ਕਿ ਬ੍ਰਿਟੇਨ ਵਿੱਚ ਪਾਰਟਨਰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਜਾਂ ਉਨ੍ਹਾਂ ਨੂੰ ਘੱਟ ਮਿਆਦ ਲਈ ਵੀ ਵੀਜ਼ਾ ਨਹੀਂ ਮਿਲਦਾ। ਬ੍ਰਿਟੇਨ ਸਪਾਊਸ ਵੀਜ਼ਾ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਨ੍ਹਾਂ ਨੇ ਚੀਨ ਨੂੰ ਦੋ ਸਾਲ ਲਈ ਮਲਟੀਪਲ ਐਂਟਰੀ ਸੈਰ ਸਪਾਟਾ ਵੀਜ਼ਾ ਦਾ ਹਵਾਲਾ ਦਿੰਦੇ ਹੋਏ ਕਿਹਾ, ‘ਸਾਨੂੰ ਇਕ ਬਿਹਤਰ ਵੀਜ਼ਾ ਪ੍ਰਣਾਲੀ ਚਾਹੀਦੀ ਹੈ। ਜੇ ਉਹ ਚੀਨ ਦੇ ਲੋਕਾਂ ਨੂੰ ਇਹ ਸਹੂਲਤ ਦੇ ਸਕਦੇ ਹਨ ਤਾਂ ਸਾਨੂੰ ਕਿਉਂ ਨਹੀਂ?’