ਬ੍ਰਿਟੇਨ ਨੇ ਭਾਰਤ ਤੇ ਲੰਕਾ ਵਾਲੀਆਂ 195 ਫਾਈਲਾਂ ਨਸ਼ਟ ਕੀਤੀਆਂ


ਲੰਡਨ, 27 ਮਈ (ਪੋਸਟ ਬਿਊਰੋ)- ਗ੍ਰੇਟ ਬ੍ਰਿਟੇਨ ਦੇ ਵਿਦੇਸ਼ੀ ਅਤੇ ਕਾਮਨਵੈੱਲਥ ਦਫਤਰ (ਐੱਫ ਸੀ ਓ) ਨੇ ਕਰੀਬ 195 ਫਾਈਲਾਂ ਨਸ਼ਟ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਉਹ ਦਸਤਾਵੇਜ਼ ਵੀ ਸਨ, ਜਿਹੜੇ ‘ਲਿਬਰੇਸ਼ਨ ਟਾਈਗਰਸ ਆਫ ਤਾਮਿਲ ਈਲਮ (ਲਿੱਟੇ)’ ਦੀ ਅਗਵਾਈ ਵਿਚ ਗ੍ਰਹਿ ਯੁੱਧ ਦੌਰਾਨ ਸ਼੍ਰੀਲੰਕਾ ਤੇ ਭਾਰਤ ਦੇ ਸੰਬੰਧਾਂ ਬਾਰੇ ਸਨ। ਦਫਤਰ ਦੇ ਇਸ ਕਦਮ ਨਾਲ ਆਰਚਾਈਵਿਸਟ ਅਤੇ ਖੋਜ ਕਰਤਾ ਚਿੰਤਾ ਵਿਚ ਹਨ।
ਮਿਲੀ ਜਾਣਕਾਰੀ ਅਨੁਸਾਰ ਐੱਫ ਸੀ ਓ ਦਾ ਕਹਿਣਾ ਹੈ ਕਿ ਫਾਈਲਾਂ ਨਸ਼ਟ ਕਰਨ ਦਾ ਕੋਈ ਵੀ ਫੈਸਲਾ ਉਸ ਦੇਸ਼ ਦੀ ਰਿਕਾਰਡ ਨੀਤੀ ਦੇ ਆਧਾਰ ਉੱਤੇ ਲਿਆ ਜਾਂਦਾ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਫਾਈਲਾਂ ਨਸ਼ਟ ਹੋਣ ਦਾ ਮਤਲਬ ਹੈ ਕਿ ਇਤਿਹਾਸ ਦੇ ਕਿਸੇ ਮਹੱਤਵ ਪੂਰਨ ਦੌਰ ਦਾ ਕੋਈ ਰਿਕਾਰਡ ਨਹੀਂ ਰਹੇਗਾ। ਮੰਨਿਆ ਜਾਂਦਾ ਹੈ ਕਿ ਸਾਲ 1978 ਤੋਂ 1980 ਵਿਚਕਾਰ ਲਿੱਟੇ ਸੰਕਟ ਦੌਰਾਨ ਬ੍ਰਿਟੇਨ ਦੀ ਐੱਮ ਆਈ-5 ਏਜੰਸੀ ਅਤੇ ਖੁਫੀਆ ਹਵਾਈ ਸਰਵਿਸ (ਐੱਸ ਏ ਐੱਸ) ਨੇ ਸ਼੍ਰੀਲੰਕਾ ਦੀ ਸੁਰੱਖਿਆ ਫੋਰਸ ਨੂੰ ਸਲਾਹ ਦਿੱਤੀ ਸੀ। ਪੱਤਰਕਾਰ ਤੇ ਖੋਜ ਕਰਤਾ ਫਿਲ ਮੀਲਰ ਨੇ ‘ਫ੍ਰੀਡਮ ਆਫ ਇਨਫਰਮੇਸ਼ਨ ਰਿਕਵੇਸਟ’ ਉੱਤੇ ਜਾਣਕਾਰੀ ਮੰਗੀ ਸੀ, ਜਿਸ ਤੋਂ ਪਤਾ ਲੱਗਾ ਕਿ ਇਹ ਫਾਈਲਾਂ ਗਾਇਬ ਹਨ। ਉਨ੍ਹਾਂ ਨੇ ਦੱਸਿਆ, “ਨਸ਼ਟ ਕੀਤੇ ਗਏ ਦਸਤਾਵੇਜ਼ਾਂ ਵਿਚੋਂ ਦੋਂਹ ਦਾ ਨਾਮ ‘ਸ਼੍ਰੀਲੰਕਾ/ ਇੰਡੀਆ ਰਿਲੇਸ਼ਨਸ’ ਸਨ ਤੇ ਇਹ ਸਾਲ 1979 ਤੋਂ 1980 ਦੇ ਵਿਚਕਾਰ ਦੀਆਂ ਸਨ।” ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਭਾਰਤ-ਸ਼੍ਰੀਲੰਕਾ ਸੰਬੰਧਾਂ ਦੀ ਜਾਣਕਾਰੀ ਹੈ। ਇਸ ਵਿਚ ਉਸ ਦੌਰਾਨ ਦੇ ਭਾਰਤ ਦੇ ਸ਼ਾਂਤੀ ਰੱਖਿਆ ਬਲਾਂ ਦੇ ਕੰਮ ਨਾਲ ਸੰਬੰਧਤ ਜਾਣਕਾਰੀ ਵੀ ਹੈ।
ਤਾਮਿਲ ਇਨਫਰਮੇਸ਼ਨ ਸੈਂਟਰ ਦੇ ਮੋਢੀ ਵੈਰਾਮੁਤੂ ਵਰਦਕੁਮਾਰ ਨੇ ਕਿਹਾ, ‘ਨੈਸ਼ਨਲ ਆਰਕਾਈਵਜ਼ ਦੇ ਜਨਤਕ ਸੁਰੱਖਿਆ ਤੋਂ ਇਤਿਹਾਸਕ ਰਿਕਾਰਡ ਹਟਾਉਣਾ ਜਾਂ ਉਨ੍ਹਾਂ ਨੂੰ ਨਸ਼ਟ ਕਰਨਾ ਇਕ ਗੈਰ ਕਾਨੂੰਨੀ ਕੰਮ ਹੈ ਅਤੇ ਇਸ ਨਾਲ ਸਾਨੂੰ ਦੁੱਖ ਪਹੁੰਚਿਆ ਹੈ।’ ਉਨ੍ਹਾਂ ਕਿਹਾ, ‘ਅਜਿਹਾ ਲੱਗਦਾ ਹੈ ਕਿ ਵਿਦੇਸ਼ ਦਫਤਰ ਦਾ ਇਹ ਕਦਮ ਸ਼੍ਰੀਲੰਕਾ ਦੇ ਸੁਰੱਖਿਆ ਬਲਾਂ ਨੂੰ ਸਲਾਹ ਦੇਣ ਵਿਚ ਐੱਸ ਏ ਐੱਸ ਅਤੇ ਐੱਮ ਆਈ-5 ਦੀ ਭੂਮਿਕਾ ਲੁਕਾਉਣ ਲਈ ਚੁੱਕਿਆ ਗਿਆ ਹੈ, ਕਿਉਂਕਿ ਇਸ ਦਾ ਖੁਲਾਸਾ ਹੋਣ ਨਾਲ ਸਰਕਾਰ ਲਈ ਸ਼ਰਮਿੰਦਗੀ ਦੀ ਸਥਿਤੀ ਬਣ ਸਕਦੀ ਹੈ।’