ਬ੍ਰਿਟੇਨ ਦੇ ਐੱਮ ਪੀਜ਼ ਵੱਲੋਂ ਜ਼ੁਕਰਬਰਗ ਨੂੰ ਸੰਮਣ ਕਰਨ ਦੀ ਧਮਕੀ


ਲੰਡਨ, 2 ਮਈ, (ਪੋਸਟ ਬਿਊਰੋ)- ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰਾਂ ਨੇ ਫੇਸਬੁੱਕ ਦੇ ਮੁਖੀ ਮਾਰਕ ਜ਼ੁਕਰਬਰਗ ਨੂੰ ਡਾਟਾ ਲੀਕੇਜ ਕੇਸ ਵਿੱਚ ਹਾਜ਼ਰ ਹੋਣ ਤੋਂ ਨਾਂਹ ਕਰਨ ਪਿੱਛੋਂ ਸੰਮਨ ਜਾਰੀ ਕਰਨ ਦੀ ਧਮਕੀ ਦਿੱਤੀ ਹੈ।
ਵਰਨਣ ਯੋਗ ਹੈ ਕਿ ਪਿਛਲੇ ਅਪਰੈਲ ਮਹੀਨੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਮਾਰਕ ਜ਼ੁਕਰਬਰਗ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਹਾਊਸ ਆਫ ਕਾਮਨਜ਼ ਦੀ ਸੱਭਿਆਚਾਰ ਤੇ ਮੀਡੀਆ ਕਮੇਟੀ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇਣ ਲਈ ਮਾਰਕ ਜ਼ੁਕਰਬਰਗ ਨਹੀਂ ਆਏ ਸਨ ਅਤੇ ਉਨ੍ਹਾਂ ਆਪਣੀ ਜਗ੍ਹਾ ਇਕ ਅਧਿਕਾਰੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਭੇਜ ਦਿੱਤਾ ਸੀ। ਇਸ ਦੇ ਬਾਅਦ ਫੇਸਬੁੱਕ ਨੂੰ ਲਿਖੇ ਪੱਤਰ ਵਿੱਚ ਕਮੇਟੀ ਦੇ ਮੁਖੀ ਡੈਮੀਅਨ ਕੌਲਿਨਸ ਨੇ ਕਿਹਾ ਕਿ ਮਾਰਕ ਜ਼ੁਕਰਬਰਗ ਮਈ ਵਿੱਚ ਯੂਰਪੀ ਪਾਰਲੀਮੈਂਟ ਅੱਗੇ ਗਵਾਹੀ ਦੇਣਗੇ ਤੇ ਉਸੇ ਯਾਤਰਾ ਮੌਕੇ ਉਨ੍ਹਾਂ ਨੂੰ ਲੰਡਨ ਆਉਣ ਨੂੰ ਵੀ ਕਿਹਾ ਗਿਆ ਹੈ। ਉਨ੍ਹਾਂ ਲਿਖਿਆ ਕਿ ਮਾਰਕ ਜ਼ੁਕਰਬਰਗ ਨੂੰ 24 ਮਈ ਨੂੰ ਪਾਰਲੀਮੈਂਟ ਵਿੱਚ ਪੇਸ਼ ਹੋਣਾ ਪੈਣਾ ਹੈ। ਮਾਰਕ ਜ਼ੁਕਰਬਰਗ ਦੀ ਕੰਪਨੀ ਬਾਰੇ ਭੇਦ ਖੁੱਲ੍ਹਾ ਸੀ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਫੇਸਬੁੱਕ ਉੱਤੋਂ 5 ਕਰੋੜ ਯੂਜ਼ਰਸ ਦਾ ਡਾਟਾ ਚੋਰੀ ਕਰਕੇ ਉਸ ਦੀ ਗਲਤ ਵਰਤੋਂ ਕੀਤੀ ਸੀ। ਇਨ੍ਹਾਂ ਦੋਸ਼ਾਂ ਮਗਰੋਂ ਫੇਸਬੁੱਕ ਦੀ ਸਾਰੇ ਪਾਸੇ ਆਲੋਚਨਾ ਹੋਈ ਅਤੇ ਮਾਰਕ ਜ਼ੁਕਰਬਰਗ ਨੇ ਖੁਦ ਕਈ ਖੁਲਾਸੇ ਕੀਤੇ ਹਨ। ਉਸ ਦੇ ਮੁਤਾਬਕ ਸਾਲ 2016 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੋਣ ਵੇਲੇ ਕੈਂਬ੍ਰਿਜ਼ ਐਨਾਲਿਟਿਕਾ ਨੇ ਫੇਸਬੁੱਕ ਦੇ ਕਰੀਬ 8 ਕਰੋੜ 70 ਲੱਖ ਯੂਜ਼ਰਸ ਦੀ ਨਿੱਜੀ ਜਾਣਕਾਰੀ ਨੂੰ ਗਲਤ ਢੰਗ ਨਾਲ ਸ਼ੇਅਰ ਕੀਤਾ ਸੀ। ਜ਼ੁਕਰਬਰਗ ਨੇ ਦੱਸਿਆ ਕਿ ਇਹ ਕੰਪਨੀ ਟਰੰਪ ਲਈ ਕੰਮ ਕਰ ਰਹੀ ਸੀ।
ਦੂਸਰੇ ਪਾਸੇ ਕੈਂਬ੍ਰਿਜ ਐਨਾਲਿਟਿਕਾ ਨਾਂਅ ਦੀ ਡਾਟਾ ਫਰਮ, ਜਿਹੜੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਕੰਮ ਕਰ ਚੁੱਕੀ ਹੈ, ਨੇ ਫੇਸਬੁੱਕ ਡਾਟਾ ਦੀ ਦੁਰਵਰਤੋਂ ਤੇ ਗਾਹਕਾਂ ਵਲੋਂ ਕੀਤੀ ਨਿੰਦਾ ਤੋਂ ਤੰਗ ਆ ਕੇ ਕਾਰੋਬਾਰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ। ਮਾਰਚ ਵਿੱਚ ਕੰਪਨੀ ਨੇ ਆਪਣੇ ਸੀ ਈ ਓ ਐਲੇਕਜ਼ੈਂਡਰ ਨਿਕਸ ਨੂੰ ਸਸਪੈਂਡ ਕਰ ਦਿੱਤਾ ਤੇ ਕਿਹਾ ਸੀ ਕਿ ਇਸ ਗੱਲ ਦੀ ਆਜ਼ਾਦ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿ ਕੰਪਨੀ ਸਿਆਸੀ ਮੁਹਿੰਮਾਂ ਵਿੱਚ ਕਿਸ ਹੱਦ ਤੱਕ ਸਾਮਲ ਹੈ।