ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਕਤਲ ਦੀ ਸਾਜਿ਼ਸ਼ ਨਾਕਾਮ ਕਰ ਦਿੱਤੀ ਗਈ


ਲੰਡਨ, 6 ਦਸੰਬਰ, (ਪੋਸਟ ਬਿਊਰੋ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਧਮਾਕਾਖੇਜ ਸਮਾਨ ਨਾਲ ਕਤਲ ਕਰਨ ਦੀ ਅੱਤਵਾਦੀਆਂ ਦੀ ਯੋਜਨਾ ਨੂੰ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਤਵਾਦੀਆਂ ਵਲੋਂ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਉੱਤੇ ਆਈ ਈ ਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਦਾ ਧਮਾਕਾ ਕਰਕੇ ਭਗਦੜ ਪੈਦਾ ਕਰਨ ਦੀ ਯੋਜਨਾ ਸੀ, ਤਾਂ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਕਤਲ ਕੀਤਾ ਜਾ ਸਕੇ। ਸਕਾਟਲੈਂਡ ਯਾਰਡ, ਐਮ ਆਈ-5 ਅਤੇ ਵੈਸਟ ਮਿਡਲੈਂਡ ਪੁਲਿਸ ਸਾਂਝੇ ਤੌਰ ਉੱਤੇ ਇਸ ਦੀ ਜਾਂਚ ਕਰ ਰਹੀਆਂ ਸਨ। ਪੁਲਿਸ ਨੇ ਇਸ ਕੇਸ ਵਿਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਦੱਖਣੀ ਲੰਡਨ ਦਾ ਵਸਨੀਕ 20 ਸਾਲਾ ਨਾਈਮ ਊਰ ਜ਼ਕਰੀਆ ਰਹਿਮਾਨ ਤੇ ਦੂਸਰਾ 21 ਸਾਲਾ ਮੁਹੰਮਦ ਅਕੀਬ ਇਮਰਾਨ ਵਾਸੀ ਬਰਮਿੰਘਮ ਹੈ। ਜ਼ਕਰੀਆ ਰਹਿਮਾਨ ਨੂੰ 10 ਡਾਊਨਿੰਗ ਸਟਰੀਟ ਦੇ ਬਾਹਰ ਮੁੱਖ ਦਰਵਾਜ਼ੇ ਉੱਤੇ ਬੰਬ ਨਾਲ ਧਮਾਕਾ ਕਰਨ ਪਿੱਛੋਂ ਚਾਕੂ ਨਾਲ ਪ੍ਰਧਾਨ ਮੰਤਰੀ ਉੱਤੇ ਹਮਲਾ ਕਰਨ ਦੀ ਸ਼ਾਜਿਸ਼ ਦੇ ਲਈ ਅਤੇ ਅਕੀਬ ਇਮਰਾਨ ਨੂੰ ਅੱਤਵਾਦੀ ਸਰਗਰਮੀਆਂ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ ਗਿਫਤਾਰ ਕੀਤਾ ਗਿਆ ਹੈ। ਦੋਵੇਂ ਸ਼ੱਕੀ ਬੰਦਿਆਂ ਨੂੰ 28 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿਚ ਕੇਂਦਰੀ ਲੰਡਨ ਦੀ ਵੈਸਟਮਿਨਸਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 20 ਦਸੰਬਰ ਤੱਕ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਇਸ ਸਾਜਿ਼ਸ਼ ਦਾ ਸੁਰੱਖਿਆ ਜਾਂਚ ਦੇ ਇਕ ਦਿਨ ਬਾਅਦ ਪਤਾ ਲੱਗਾ ਸੀ ਕਿ ਮਾਨਚੈਸਟਰ ਏਰੀਨਾ ਬੰਬ ਧਮਾਕਾ, ਜਿਸ ਵਿਚ 22 ਲੋਕ ਮਾਰੇ ਗਏ ਸਨ, ਨੂੰ ਰੋਕਣਾ ਸੰਭਵ ਸੀ, ਪਰ ਐਮ ਆਈ-5 ਦੇ ਮੁਖੀ ਐਂਡਰਿਊ ਪਾਰਕਰ ਨੇ ਮੰਗਲਵਾਰ ਨੂੰ ਥੈਰੇਸਾ ਮੇਅ ਅਤੇ ਕੈਬਨਿਟ ਨੂੰ ਦੱਸਿਆ ਕਿ ਬੀਤੇ ਮਾਰਚ ਤੋਂ ਬਾਅਦ ਹੁਣ ਤੱਕ ਇਸਲਾਮੀ ਦਹਿਸ਼ਤਗਰਦਾਂ ਦੀਆਂ 9 ਯੋਜਨਾਵਾਂ ਨੂੰ ਅਸਫਲ ਬਣਾਇਆ ਜਾ ਚੁੱਕਾ ਹੈ।