ਬ੍ਰਿਟਿਸ਼ ਸਰਕਾਰ ਅੱਤਵਾਦੀਆਂ ਦਾ ਖੁਰਾ ਨੱਪਣ ਵਾਲਾ ਨਵਾਂ ਸਿਸਟਮ ਬਣਾਉਣ ਲੱਗੀ


ਲੰਡਨ, 13 ਫਰਵਰੀ (ਪੋਸਟ ਬਿਊਰੋ)- ਬ੍ਰਿਟਿਸ਼ ਸਰਕਾਰ ਨੇ ਇਕ ਅਜਿਹੇ ਖਾਸ ਆਨਲਾਈਨ ਜੰਤਰ ਦਾ ਖੁਲਾਸਾ ਕੀਤਾ ਹੈ, ਜਿਹੜਾ ਅੱਤਵਾਦੀ ਸਮੱਗਰੀ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਆਉਣ ਤੋਂ ਪਹਿਲਾਂ ਉਸ ਦੀ ਪਛਾਣ ਕਰ ਕੇ ਬਲੌਕ ਕਰ ਦੇਵੇਗਾ। ਬ੍ਰਿਟਿਸ਼ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਅੱਜ ਏਥੇ ਬ੍ਰਿਟੇਨ ਦੇ ਗ੍ਰਹਿ ਸਕੱਤਰ ਅੰਬਰ ਰੂਡ ਨੇ ਇਕ ਵਿਸ਼ੇਸ਼ ਇੰਟਰਵਿਊ ਵਿਚ ਕਿਹਾ ਕਿ ਉਹ ਤਕਨਾਲੋਜੀ ਕੰਪਨੀਆਂ ਨੂੰ ਇਸ ਦੀ ਵਰਤੋਂ ਲਈ ਮਜ਼ਬੂਰ ਨਹੀਂ ਕਰ ਸਕਦੇ, ਪਰ ਉਨ੍ਹਾਂ ਨੇ ਅਮਰੀਕੀ ਆਈ ਟੀ ਕੰਪਨੀਆਂ ਨਾਲ ਮਿਲ ਕਰ ਕੇ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਵਿਚਾਰ ਕੀਤਾ ਸੀ। ਰੂਡ ਨੇ ਕਿਹਾ ਕਿ ਇਹ ਇਕ ਬਹੁਤ ਠੋਸ ਉਦਾਹਰਣ ਹੈ ਕਿ ਅਸੀਂ ਅਜਿਹੀ ਜਾਣਕਾਰੀ ਦੇ ਬਾਰੇ ਪਹਿਲਾਂ ਹੀ ਜਾਣ ਸਕਦੇ ਹਾਂ, ਜਿਸ ਮਗਰੋਂ ਅਸੀਂ ਇਹ ਯਕੀਨੀ ਕਰ ਸਕਦੇ ਹਾਂ ਕਿ ਇਹ ਸਮੱਗਰੀ ਆਨਲਾਈਨ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਇਸਲਾਮਿਕ ਸਟੇਟ (ਆਈ ਐੱਸ) ਅੱਤਵਾਦੀ ਗਰੁੱਪ ਵੱਲੋਂ ਹਰ ਘੰਟੇ ਹਜ਼ਾਰਾਂ ਸਮੱਗਰੀਆਂ ਅਪਲੋਡ ਕੀਤੀਆਂ ਜਾਂਦੀਆਂ ਹਨ। ਸਰਕਾਰ ਨੇ ਲੰਡਨ ਦੀ ਇਕ ਨਕਲੀ ਏਜੰਸੀ ਨੂੰ ਇਹ ਜੰਤਰ ਬਣਾਉਣ ਲਈ 832,000 ਡਾਲਰ ਦਾ ਫੰਡ ਜਾਰੀ ਕੀਤਾ ਹੈ।
ਏ ਐੱਸ ਆਈ ਡਾਟਾ ਸਾਇੰਸ ਮੁਤਾਬਕ ਇਹ ਨਵਾਂ ਸੋਫਟਵੇਅਰ ਅੱਤਵਾਦੀ ਸਮੂਹ ਆਈ ਐੱਸ ਦੀ ਆਨਲਾਈਨ ਗਤੀਵਿਧੀ ਦੀ 94 ਫੀਸਦੀ ਸਹੀ ਪਛਾਣ ਕਰਨ ਦੇ ਸਮਰੱਥ ਹੋਵੇਗਾ। ਅੱਤਵਾਦ ਨੂੰ ਹਰਾਉਣ ਲਈ ਬੀਤੇ ਸਾਲ ਗਲੋਬਲ ਇੰਟਰਨੈੱਟ ਫੋਰਮ ਲਾਂਚ ਕੀਤਾ ਗਿਆ ਸੀ, ਜਿਸ ਨੇ ਅਮਰੀਕਾ, ਯੂ ਕੇ ਅਤੇ ਕਈ ਸਰਕਾਰਾਂ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਗੂਗਲ, ਟਵਿੱਟਰ ਅਤੇ ਹੋਰ ਅਜਿਹੀਆਂ ਪ੍ਰਮੁੱਖ ਇੰਟਰਨੈੱਟ ਕੰਪਨੀਆਂ ਨੂੰ ਇਕੱਠੇ ਲਿਆਂਦਾ ਸੀ। ਇਨ੍ਹਾਂ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਅੱਤਵਾਦੀ ਗਰੁੱਪ ਇਸ ਮਗਰੋਂ ਇੰਟਰਨੈੱਟ ਦੇ ਨਵੇਂ ਪਲੇਟਫਾਰਮ ਦੀ ਵਰਤੋਂ ਕਰ ਸਕਦਾ ਹੈ। ਬ੍ਰਿਟਿਸ਼ ਗ੍ਰਹਿ ਮੰਤਰਾਲੇ ਦੇ ਅਨੁਮਾਨ ਮੁਤਾਬਕ ਬੀਤੇ ਸਾਲ 2017 ਵਿਚ ਜੁਲਾਈ ਤੋਂ ਦਸੰਬਰ ਤੱਕ ਲੱਗਭਗ 150 ਵੈਬਸਾਈਟਾਂ ਉੱਤੇ ਅੱਤਵਾਦੀ ਸਮੱਗਰੀ ਦੀ ਪਛਾਣ ਕੀਤੀ ਗਈ ਸੀ, ਜੋ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਵਰਤੀ ਗਈ ਸੀ।