ਬ੍ਰਿਟਿਸ਼ ਪਾਰਲੀਮੈਂਟ ਬਾਹਰ ਸਿੱਖ ਉੱਤੇ ਨਸਲੀ ਹਮਲਾ, ਪੱਗ ਨੂੰ ਹੱਥ ਪਾਇਆ ਗਿਆ


ਲੰਡਨ, 22 ਫਰਵਰੀ, (ਪੋਸਟ ਬਿਊਰੋ)- ਬ੍ਰਿਟੇਨ ਦੀ ਪਾਰਲੀਮੈਂਟ ਦੇ ਸਾਹਮਣੇ ਇਕ ਗੋਰੇ ਨੇ ਪੰਜਾਬੀ ਸਿੱਖ ਉੱਤੇ ਨਸਲੀ ਹਮਲਾ ਕਰ ਦਿੱਤਾ, ਜਿਸ ਕਾਰਨ ਸਥਾਨਕ ਸਿੱਖਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਹਮਲਾ ਕਰਨ ਵਾਲੇ ਨੇ ਇਸ ਦੌਰਾਨ ‘ਮੁਸਲਿਮ ਵਾਪਸ ਜਾਓ’ ਦਾ ਰੌਲਾ ਪਾਉਂਦੇ ਹੋਏ ਇਸ ਸਿੱਖ ਦੀ ਪੱਗ ਦੀ ਬੇਅਦਬੀ ਵੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਓਦੋਂ ਕੀਤਾ ਗਿਆ, ਜਦੋਂ ਰਵਨੀਤ ਸਿੰਘ (37) ਓਥੇ ਲੇਬਰ ਪਾਰਟੀ ਦੇ ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਨਾਲ ਮਿਲਣ ਲਈ ਬ੍ਰਿਟਿਸ਼ ਪਾਰਲੀਮੈਂਟ ਅਸਟੇਟ ਦੇ ਪੋਰਟਿਕਲਿਸ ਹਾਊਸ ਦੇ ਅੰਦਰ ਜਾਣ ਦੀ ਉਡੀਕ ਕਰ ਰਿਹਾ ਸੀ। ਰਵਨੀਤ ਸਿੰਘ ਨੇ ਕਿਹਾ ਕਿ ਉਹ ਕਤਾਰ ਵਿਚ ਉਡੀਕ ਕਰ ਰਿਹਾ ਸੀ ਕਿ ਇੱਕ ਗੋਰਾ ਵਿਅਕਤੀ ‘ਮੁਸਲਿਮ ਵਾਪਸ ਜਾਓ’ ਚੀਕਦਾ ਹੋਇਆ ਆਇਆ ਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਰਵਨੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੱਗ ਦਾ ਬਚਾਅ ਕਰਦੇ ਹੋਏ ਉਸ ਨੂੰ ਜ਼ੋਰ ਨਾਲ ਝਿੜਕਿਆ ਤਾਂ ਉਹ ਭੱਜ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੇ ਕਿਸੇ ਹੋਰ ਭਾਸ਼ਾ ਵਿਚ ਵੀ ਨਸਲੀ ਟਿੱਪਣੀ ਕੀਤੀ, ਜੋ ਉਨ੍ਹਾਂ ਨੂੰ ਸਮਝ ਨਹੀਂ ਆਈ। ਰਵਨੀਤ ਦਾ ਕਹਿਣਾ ਸੀ ਕਿ ਹਮਲਾਵਰ ਗੋਰਾ ਜ਼ਰੂਰ ਸੀ, ਪਰ ਬ੍ਰਿਟਿਸ਼ ਅੰਗਰੇਜ਼ ਨਹੀਂ ਜਾਪ ਰਿਹਾ ਸੀ।
ਇਸ ਦੇ ਬਾਅਦ ਬ੍ਰਿਟੇਨ ਦੇ ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਤੇ ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਇਸ ਬਾਰੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਪਰ ਉਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।