ਬੌਸ਼ੀ ਮਾਮਲੇ ਵਿੱਚ ਟੋਰੀਜ਼ ਨੇ ਟਰੂਡੋ ਉੱਤੇ ਲਾਇਆ ਸਿਆਸੀ ਦਖ਼ਲਅੰਦਾਜ਼ੀ ਦਾ ਦੋਸ਼


ਓਟਵਾ, 11 ਫਰਵਰੀ (ਪੋਸਟ ਬਿਊਰੋ) : ਨੌਜਵਾਨ ਮੂਲਵਾਸੀ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਗੋਰੇ ਕਿਸਾਨ ਨੂੰ ਬੇਕਸੂਰ ਦੱਸੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਪ੍ਰਗਟਾਈ ਪ੍ਰਕਿਰਿਆ ਨੂੰ ਫੈਡਰਲ ਕੰਜ਼ਰਵੇਟਿਵਾਂ ਵੱਲੋਂ ਸਿਆਸੀ ਦਖਲਅੰਦਾਜ਼ੀ ਦੱਸਿਆ ਜਾ ਰਿਹਾ ਹੈ। ਟਰੂਡੋ ਨੇ ਇਸ ਮਾਮਲੇ ਵਿੱਚ ਇਹ ਟਿੱਪਣੀ ਕੀਤੀ ਸੀ ਕਿ ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਸੁਧਾਰ ਕਰਨ ਦੀ ਲੋੜ ਹੈ।
ਟਰੂਡੋ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਸੁ਼ੱਕਰਵਾਰ ਨੂੰ ਬੈਟਲਫੋਰਡ, ਸਸਕੈਚਵਨ ਦੀ ਜਿਊਰੀ ਨੇ 2016 ਵਿੱਚ 22 ਸਾਲਾ ਕੌਲਟਨ ਬੌਸੀ ਦੀ ਮੌਤ ਦੇ ਸਬੰਧ ਵਿੱਚ ਗੇਰਾਲਡ ਸਟੇਨਲੇ ਨੂੰ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਨਹੀਂ ਠਹਿਰਾਇਆ। ਬੌਸ਼ੀ ਰੈੱਡ ਫੀਸੈਂਟ ਫਰਸਟ ਨੇਸ਼ਨ ਦਾ ਵਾਸੀ ਸੀ। ਅਮਰੀਕਾ ਦੇ ਚਾਰ ਰੋਜ਼ਾ ਦੌਰੇ ਉੱਤੇ ਗਏ ਟਰੂਡੋ ਨੇ ਕੈਲੇਫੋਰਨੀਆ ਤੋਂ ਇਹ ਆਖਿਆ ਕਿ ਅੱਜ ਜਿਸ ਥਾਂ ਉੱਤੇ ਅਸੀਂ ਖੜ੍ਹੇ ਹਾਂ ਉਸ ਉੱਤੇ ਉਹ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ ਪਰ ਅਸੀਂ ਇਸ ਥਾਂ ਉੱਤੇ ਕਈ ਵਾਰੀ ਪਹੁੰਚੇ ਹਾਂ। ਉਨ੍ਹਾਂ ਆਖਿਆ ਕਿ ਮੂਲਵਾਸੀ ਤੇ ਗੈਰ ਮੂਲਵਾਸੀ ਕੈਨੇਡੀਅਨ ਜਾਣਦੇ ਹਨ ਕਿ ਸਾਨੂੰ ਕਾਫੀ ਕੁੱਝ ਬਿਹਤਰ ਕਰਨਾ ਹੋਵੇਗਾ।
ਸ਼ਨਿੱਚਰਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਮੂਲਵਾਸੀ ਲੋਕਾਂ ਨੇ ਕੈਨੇਡਾ ਭਰ ਵਿੱਚ ਵੱਖ ਵੱਖ ਥਾਂਵਾਂ ਉੱਤੇ ਮੁਜ਼ਾਹਰਾ ਕਰਕੇ ਆਪਣਾ ਰੋਸ ਪ੍ਰਗਟਾਇਆ ਤੇ ਇਸ ਨੂੰ ਮੂਲਵਾਸੀਆਂ ਨਾਲ ਹੋਣ ਵਾਲਾ ਅਨਿਆਂ ਦੱਸਿਆ। ਮੂਲਵਾਸੀ ਇਹ ਵੀ ਆਖ ਰਹੇ ਸਨ ਕਿ ਕੋਰਟ ਸਿਸਟਮ ਨਿਰਪੱਖ ਹੋ ਕੇ ਫੈਸਲੇ ਨਹੀਂ ਸੁਣਾਉਂਦਾ। ਟਰੂਡੋ ਦੀ ਟਿੱਪਣੀ ਵਿੱਚੋਂ ਵੀ ਮੂਲਵਾਸੀਆਂ ਵੱਲੋਂ ਪ੍ਰਗਟਾਏ ਤੌਖਲਿਆਂ ਦੀ ਹੀ ਝਲਕ ਮਿਲ ਰਹੀ ਸੀ। ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਤੇ ਇੰਡੀਜੀਨਸ ਸਰਵਿਸਿਜ਼ ਮੰਤਰੀ ਜੇਨ ਫਿਲਪੌਟ ਨੇ ਟਵਿੱਟਰ ਉੱਤੇ ਟਵੀਟ ਕਰਕੇ ਬੌਸ਼ੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਤੇ ਸੁਧਾਰ ਦੀ ਲੋੜ ਉੱਤੇ ਜ਼ੋਰ ਦਿੱਤਾ।
ਰੇਅਬੋਲਡ ਨੇ ਆਖਿਆ ਕਿ ਉਹ ਬੌਸ਼ੀ ਦੇ ਪਰਿਵਾਰ ਦਾ ਦੁੱਖ ਸਮਝ ਸਕਦੀ ਹੈ ਤੇ ਉਨ੍ਹਾਂ ਦੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹੈ। ਦੇਸ਼ ਵਜੋਂ ਅਸੀਂ ਬਹੁਤ ਕੁੱਝ ਬਿਹਤਰ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਸਾਰੇ ਕੈਨੇਡੀਅਨਾਂ ਨੂੰ ਨਿਆਂ ਦਿਵਾਉਣ ਲਈ ਉਹ ਵਚਨਬੱਧ ਹਨ ਤੇ ਨਿੱਠ ਕੇ ਕੰਮ ਕਰ ਰਹੇ ਹਨ। ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਇਹੋ ਆਖਿਆ ਕਿ ਕੌਲਟਨ ਬੌਸ਼ੀ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਮੂਲਵਾਸੀ ਨੌਜਵਾਨਾਂ ਨੂੰ ਪਹਿਲਾਂ ਹੀ ਆਪਣੇ ਭਵਿੱਖ ਤੋਂ ਬਹੁਤ ਘੱਟ ਆਸ ਹੈ ਤੇ ਅੱਜ ਇੱਕ ਵਾਰੀ ਫਿਰ ਉਨ੍ਹਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਜਿੰ਼ਦਗੀਆਂ ਦੀ ਕੀਮਤ ਬਹੁਤ ਘੱਟ ਹੈ। ਸਾਨੂੰ ਬਸਤੀਵਾਦ ਤੇ ਨਸਲਕੁਸ਼ੀ ਦੀ ਵਿਰਾਸਤ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਆਪਣੇ ਲਈ ਸੁਨਹਿਰਾ ਭਵਿੱਖ ਵੇਖ ਸਕਣ।
ਪਰ ਫੈਡਰਲ ਕੰਜ਼ਰਵੇਟਿਵਾਂ,ਜਿਨ੍ਹਾਂ ਵਿੱਚੋਂ ਕੁੱਝ ਵੱਲੋਂ ਬੌਸ਼ੀ ਦੇ ਪਰਿਵਾਰ ਨਾਲ ਹਮਦਰਦੀ ਵੀ ਸਾਂਝੀ ਕੀਤੀ ਗਈ, ਵੱਲੋਂ ਟਰੂਡੋ ਤੇ ਉਸ ਦੇ ਮੰਤਰੀਆਂ ਨੂੰ ਇੱਕ ਖਾਸ ਕੇਸ ਨੂੰ ਲੈ ਕੇ ਉਠਾਏ ਗਏ ਇਤਰਾਜ਼ਾਂ ਲਈ ਉਨ੍ਹਾਂ ਨੂੰ ਲੰਮੇਂ ਹੱਥੀਂ ਲਿਆ ਗਿਆ। ਕੰਜ਼ਰਵੇਟਿਵ ਇੰਡੀਜੀਨਸ ਅਫੇਅਰਜ਼ ਕ੍ਰਿਟਿਕ ਕੈਥੀ ਮੈਕਲੀਓਡ ਨੇ ਟਵਿੱਟਰ ਉੱਤੇ ਲਿਖਿਆ ਕਿ ਬੌਸ਼ੀ ਦੇ ਪਰਿਵਾਰ ਲਈ ਉਸ ਦੀ ਮੌਤ ਦਾ ਦਰਦ ਸਹਾਰਨਾ ਮੁਸ਼ਕਲ ਹੈ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੀ ਕਮਿਊਨਿਟੀ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਸਿਆਸੀ ਦਖਲਅੰਦਾਜ਼ੀ ਤੋਂ ਬਿਨਾਂ ਅਜ਼ਾਦਾਨਾ ਨਿਆਂਇਕ ਪ੍ਰਣਾਲੀ ਵੱਲ ਵੱਧਣਾ ਹੋਵੇਗਾ। ਕੰਜ਼ਰਵੇਟਿਵ ਡਿਪਟੀ ਆਗੂ ਲੀਜ਼ਾ ਰਾਇਤ ਤੇ ਵਿੱਤ ਕ੍ਰਿਟਿਕ ਰੌਬ ਨਿਕਲਸਨ ਨੇ ਟਰੂਡੋ ਤੇ ਵਿਲਸਨ ਰੇਅਬੋਲਡ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਕੀ ਅਸੀਂ ਦੋਵਾਂ ਦੇ ਬਿਆਨ ਤੋਂ ਇਹ ਸਮਝੀਏ ਕਿ ਜਿਊਰੀ ਨੇ ਗਲਤ ਫੈਸਲਾ ਸੁਣਾਇਆ ਹੈ।
ਇਸ ਦੌਰਾਨ ਟੋਰਾਂਟੋ ਦੇ ਕ੍ਰਿਮੀਨਲ ਵਕੀਲ ਸ਼ੀਨ ਰੋਬੀਚੌਡ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ ਜਾਂ ਨਿਆਂ ਮੰਤਰੀ ਵੱਲੋਂ ਜਨਤਕ ਤੌਰ ਉੱਤੇ ਨਿਆਂਪਾਲਿਕਾ ਦੀ ਭਰੋਸੇਯੋਗਤਾ ਦੇ ਖਿਲਾਫ ਕੀਤੀਆਂ ਜਾ ਰਹੀਆਂ ਅਜਿਹੀਆਂ ਟਿੱਪਣੀਆਂ ਜਮਹੂਰੀ ਸਿਸਟਮ ਲਈ ਖਤਰਾ ਹਨ। ਜਮਹੂਰੀ ਸਿਸਟਮ ਵਿੱਚ ਅਦਾਲਤਾਂ ਵਿਧਾਨਸਭਾ ਦੇ ਬਰਾਬਰ ਦਰਜਾ ਰੱਖਦੀਆਂ ਹਨ।