ਬੋਤਾ ਬੰਨ੍ਹ ਅੰਬੀਆਂ ਦੀ ਛਾਂਵੇ..

-ਲਖਬੀਰ ਸਿੰਘ ਦੌਦਪੁਰ
ਪੰਜਾਬੀ ਵਿਰਸੇ, ਸੰਸਕ੍ਰਿਤੀ, ਸੱਭਿਆਚਾਰ ਦੀ ਗੱਲ ਕਰਦਿਆਂ ਸਿਰਫ ਪੰਜਾਬੀ ਲੋਕ ਪਹਿਰਾਵਾ ਖਾਣ ਪੀਣ, ਰੀਤੀ ਰਿਵਾਜ, ਲੋਕ ਗੀਤ, ਲੋਕ ਨਾਚ, ਧਰਮ, ਵਿਸ਼ਵਾਸ, ਸੰਦ-ਸੰਦੇੜੇ ਆਦਿ ਹੀ ਨਹੀਂ, ਹੋਰ ਵੀ ਬਹੁਤ ਕੁਝ ਸਾਡੇ ਮਨ ਅਤੇ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ, ਜਿਸ ਵਿੱਚ ਪਸ਼ੂ ਪਾਲਣ ਸ਼ਾਮਲ ਹੈ। ਪਸ਼ੂ ਪਾਲਣ ਮਨੁੱਖੀ ਸੱਭਿਆਚਾਰ ਦਾ ਇਕ ਅੰਗ ਰਿਹਾ ਹੈ ਤੇ ਪੁਰਾਤਨ ਪੰਜਾਬ ਦੇ ਸੰਦਰਭ ਵਿੱਚ ਪਸ਼ੂ ਪਾਲਣ ਦਾ ਮਹੱਤਵ ਕੇਵਲ ਖੇਤੀ ਜਾਂ ਫਿਰ ਇੰਜ ਕਹਿ ਲਈਏ ਕਿ ਹੱਲ ਵਾਹੁਣ ਜਾਂ ਦੁੱਧ ਆਦਿ ਦੀ ਪ੍ਰਾਪਤੀ ਲਈ ਹੀ ਨਹੀਂ, ਆਵਾਜਾਈ ਜਾਂ ਸਫਰ ਤੇ ਢੋਆ ਢੁਆਈ ਲਈ ਵੀ ਬਹੁਤ ਸੀ। ਪੰਜਾਬ ਜਨ ਜੀਵਨ ਵਿੱਚ ਬਲਦਾਂ, ਘੋੜੇ, ਘੋੜੀਆਂ ਤੇ ਊਠ ਆਦਿ ਨੂੰ ਆਵਾਜਾਈ, ਸਫਰ ਜਾਂ ਢੋਆ ਢੁਆਈ ਹਿੱਤ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਰਿਹਾ ਹੈ। ਪਸ਼ੂਆਂ ਵਿੱਚੋਂ ਊਠ ਅਜਿਹਾ ਜਾਨਵਰ ਹੈ ਜਿਸ ਦਾ ਪੰਜਾਬੀ ਜੀਵਨ ਵਿੱਚ ਆਰਥਿਕ ਪੱਖੋਂ ਹੀ ਨਹੀਂ, ਸਮਾਜਿਕ ਵੀ ਮਹੱਤਵ ਹੈ। ਊਠ ਪ੍ਰਾਚੀਨ ਸਮੇਂ ਤੋਂ ਪੰਜਾਬੀ ਜੀਵਨ ਦੇ ਨੇੜੇ ਦਾ ਸਾਥੀ ਰਿਹਾ ਹੈ। ਇਹ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਵਿੱਚ ਇਸ ਨੂੰ ਊਠ ਕਹਿ ਦਿੱਤਾ ਜਾਂਦਾ ਹੈ। ਮਾਲਵੇ ਵਿੱਚ ਬੋਤਾ ਸ਼ਬਦ ਊਠ ਲਈ ਵਰਤਿਆ ਜਾਂਦਾ ਹੈ ਤੇ ਵਧੇਰੇ ਕਰਕੇ ਪੰਜਾਬੀਆਂ ਵਿੱਚ ਪ੍ਰਚੱਲਤ ਤੇ ਹਰਮਨ ਪਿਆਰਾ ਹੈ। ਊਠਣੀ, ਬੋਤੀ, ਡਾਚੀ ਸ਼ਬਦ ਊਠ ਜਾਂ ਬੋਤੇ ਦੇ ਇਸਤਰੀ ਲਿੰਗ ਲਈ ਵਰਤੇ ਜਾਂਦੇ ਹਨ। ਹਾਸ਼ਮ ਕਿੱਸਾ ‘ਸੱਸੀ ਪੁਨੂੰ’ ਵਿੱਚ ਡਾਚੀ ਸ਼ਬਦ ਵਰਤਦਾ ਹੈ।
ਜਿਸ ਡਾਚੀ ਮੇਰਾ ਪੁਨੂੰ ਚੜ੍ਹਿਆ,
ਮਰ ਦੋਜ਼ਖ ਵੱਲ ਜਾਵੇ
ਊਠ ਜਾਂ ਬੋਤਾ ਇਕ ਅਜਿਹਾ ਜਾਨਵਰ ਹੈ, ਜੋ ਕਾਫੀ ਲੰਬੇ ਸਮੇਂ ਤੋਂ ਜਾਂ ਇੰਜ ਕਹਿ ਲਈਏ ਕਿ ਹਜ਼ਾਰਾਂ ਸਾਲਾਂ ਤੋਂ ਜੀਵਨ ਲਈ ਸੰਘਰਸ਼ ਕਰਦਾ ਆ ਰਿਹਾ ਅਤੇ ਆਪਣੀ ਹੋਂਦ ਨੂੰ ਬਣਾਈ ਰੱਖਣ ਵਿੱਚ ਸਫਲ ਰਿਹਾ ਹੈ। ਝਾੜੀਆਂ, ਰੁੱਖਾਂ ਦੇ ਪੱਤੇ, ਕਿੱਕਰਾਂ ਦੀ ਲੁੰਗ ਆਦਿ ਖਾ ਕੇ ਗੁਜ਼ਾਰਾ ਕਰ ਲੈਣ ਵਾਲਾ ਇਹ ਜੀਵ ਔਖੀਆਂ ਜੀਵਨ ਹਾਲਤਾਂ ਵਿੱਚ ਵੀ ਆਪਣੇ ਆਪ ਨੂੰ ਜਿਊਂਦਾ ਰੱਖ ਲੈਂਦਾ ਅਤੇ ਪਾਣੀ ਤੇ ਭੋਜਨ ਤੋਂ ਬਿਨਾਂ ਕਈ ਦਿਨ ਜਿਊਂਦਾ ਰਹਿ ਸਕਦਾ ਹੈ।
ਪੁਰਾਤਨ ਪੰਜਾਬ ਵਿੱਚ ਬੋਤਾ ਮਾਨਵੀ ਜੀਵਨ ਚੱਕਰ ਵਿੱਚ ਬੜੀ ਅਹਿਮ ਥਾਂ ਰੱਖਦਾ ਸੀ। ਇਸ ਦੀ ਮਹੱਤਤਾ ਹੋਰ ਪਸ਼ੂਆਂ, ਜੋ ਖੇਤੀਬਾੜੀ ਦੇ ਕੰਮ ਆਉਂਦੇ ਸਨ, ਤੋਂ ਘੱਟ ਨਹੀਂ ਸੀ। ਬਲਦ, ਘੋੜੇ, ਘੋੜੀਆਂ ਆਦਿ ਦੇ ਨਾਲ ਬੋਤਾ ਜਾਂ ਬੋਤੀ ਵੀ ਪੰਜਾਬੀ ਲੋਕਾਂ ਦੀ ਖੁੱਲ੍ਹ ਦਿਲੀ ਅਤੇ ਸ਼ਾਨ ਦੀ ਨਿਸ਼ਾਨੀ ਰਿਹਾ ਹੈ। ਹਲ ਵਾਹੁਣ, ਖੂਹ ਗੇੜਨ ਦਾ ਕੰਮ ਜਿਥੇ ਬਲਦਾਂ ਤੋਂ ਲਿਆ ਜਾਂਦਾ ਰਿਹਾ, ਉਥੇ ਬੋਤੇ-ਬੋਤੀਆਂ ਵੀ ਇਸ ਕੰਮ ਵਿੱਚ ਸਮਾਨ ਰੂਪ ਵਿੱਚ ਵਰਤੇ ਜਾਂਦੇ ਸਨ। ਬਲਦ ਹਲ ਵਾਹੁਣ ਵਿੱਚ ਵਰਤੇ ਜਾਂਦੇ ਸਨ ਤਾਂ ਵਧੇਰੇ ਕਰਕੇ ਬੋਤਾ ਜਾਂ ਬੋਤੀ ਖੂਹ ਗੇੜਨ ਦੇ ਕੰਮ ਆਉਂਦੇ ਸਨ, ਕਿਉਂਕਿ ਇਹ ਬਲਦਾਂ ਦੇ ਮੁਕਾਬਲੇ ਵਧੇਰੇ ਤਾਕਤਵਰ ਤੇ ਭੁੱਖ ਪਿਆਸ ਸਹਿ ਲੈਣ ਵਾਲਾ ਜੀਵ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇਸ ਤੋਂ ਹਲ ਵਾਹੁਣ ਦਾ ਕੰਮ ਵੀ ਲਿਆ ਜਾਂਦਾ ਸੀ। ਅਜਿਹਾ ਵਧੇਰੇ ਕਰਕੇ ਰੇਤੀਲੇ ਇਲਾਕਿਆਂ ਵਿੱਚ ਹੁੰਦਾ ਸੀ। ਕੋਈ ਜੱਜ ਜਦੋਂ ਰੇਤਲੇ ਟਿੱਬਿਆਂ ਨੂੰ ਵਾਹ ਕੇ ਮੈਦਾਨ ਕਰਨ ਲਈ ਬੋਤਾ ਜੋੜ ਕੇ ਚਲਦਾ ਤਾਂ ਇਹ ਆਮ ਕਰਕੇ ਗਾਇਆ ਜਾਂਦਾ:
ਜੱਟ ਜੋੜ ਕੇ ਬਾਗੜੀ ਬੋਤਾ
ਟਿੱਬਿਆਂ ਨੂੰ ਵਾਹੁਣ ਚੱਲਿਆ
ਪੁਰਾਤਨ ਪੰਜਾਬ ਅੰਦਰ ਬੋਤਾ ਪੰਜਾਬੀਆਂ ਦੀਆਂ ਖੁਸ਼ੀਆਂ ਆਦਿ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਬੋਤੇ ਤੇ ਬੋਤੀਆਂ ਜੰਝ ਚੜ੍ਹਨ ਵਾਲੇ ਚਾਅ ਨਾਲ ਸ਼ਿੰਗਾਰੇ ਜਾਂਦੇ। ਬੋਤੇ ਦੀ ਮੁਹਾਰ, ਕਾਠੀ ਆਦਿ ਉੱਤੇ ਪਿੱਤਲ ਦੇ ਕੋਕੇ ਜੜੇ ਜਾਂਦੇ। ਲੋਗੜੀ ਦੇ ਫੁੱਲ ਲਾਏ ਜਾਂਦੇ। ਕੌਡੀਆਂ ਆਦਿ ਲਾ ਕੇ ਇਨ੍ਹਾਂ ਨੂੰ ਸ਼ਿੰਗਾਰਿਆ ਜਾਂਦਾ। ਬੋਤੀ ਦੇ ਪੈਰੀਂ ਝਾਂਜਰਾਂ ਪਾਈਆਂ ਜਾਂਦੀਆਂ। ਇਸ ਤਰ੍ਹਾਂ ਇਸ ਜਾਨਵਰ ਨੂੰ ਰੀਝ ਨਾਲ ਸ਼ਿੰਗਾਰ ਕੇ ਵਿਆਹਾਂ ਮੇਲਿਆਂ, ਰਿਸ਼ਤੇਦਾਰੀਆਂ ਆਦਿ ਵਿੱਚ ਮਾਣ ਨਾਲ ਢੁਕਿਆ ਜਾਂਦਾ ਤੇ ਉਹ ਜਲੌਅ ਬੜੇ ਮਨਮੋਹਕ ਤੇ ਵੇਖਣ ਵਾਲੇ ਹੁੰਦੇ। ਕੋਈ ਪੰਜਾਬੀ ਗੱਭਰੂ ਜਦੋਂ ਆਪਣੀ ਘਰ ਵਾਲੀ ਨੂੰ ਬੋਤੇ ਉੱਤੇ ਬਿਠਾ ਕੇ ਤੁਰਦਾ ਤਾਂ ਉਹ ਤੇਜ਼ ਰਫਤਾਰ ਤੋਂ ਡਰਦੀ ਆਖਦੀ:
ਬੋਤਾ ਹੌਲੀ ਤੋਰ ਮਿੱਤਰਾ
ਮੇਰਾ ਨਰਮ ਕਾਲਜਾ ਧੜਕੇ
ਇਸੇ ਤਰ੍ਹਾਂ ਜਦੋਂ ਕੋਈ ਗੱਭਰੂ ਆਪਣੀ ਮੁਟਿਆਰ ਘਰ ਵਾਲੀ ਦੇ ਪੇਕੇ ਪਿੰਡ ਨੇੜਿਓਂ ਉਸ ਨੂੰ ਬੋਤੇ ਉੱਤੇ ਬਿਠਾ ਕੇ ਲੰਘਦਾ ਤਾਂ ਉਹ ਉਸ ਕੋਲ ਆਪਣੀ ਮਾਂ ਨੂੰ ਮਿਲ ਚੱਲਣ ਲਈ ਆਖਦੀ ਹੋਈ ਕਹਿੰਦੀ:
ਬੋਤਾ ਬੰਨ੍ਹ ਅੰਬੀਆਂ ਦੀ ਛਾਵੇਂ
ਬੇਬੇ ਜੀ ਨੂੰ ਮਿਲ ਚਲੀਏ
ਪੰਜਾਬੀ ਪ੍ਰਾਹੁਣਚਾਰੀ ਦੇ ਸੰਦਰਭ ਵਿੱਚ ਪੰਜਾਬ ਦੀਆਂ ਲੋਕ ਬੋਲੀਆਂ, ਗੀਤਾਂ, ਟੱਪਿਆਂ ਆਦਿ ਵਿੱਚ ਵੀ ਬੋਤੇ ਦਾ ਵਿਸ਼ੇਸ਼ ਕਰਕੇ ਜ਼ਿਕਰ ਹੁੰਦਾ ਰਿਹਾ ਹੈ। ਖਾਸਕਰ ਮਾਲਵੇ ਦੇ ਲੋਕ ਕਾਵਿ ਵਿੱਚ ਬੋਤਾ ਬੜਾ ਅਹਿਮ ਸਥਾਨ ਰੱਖਦਾ ਹੈ:
ਆ ਵੇ ਨਾਜਰਾ, ਬਹਿ ਵੇ ਨਾਜਰਾ,
ਬੋਤਾ ਬੰਨ੍ਹ ਦਰਵਾਜ਼ੇ,
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ
ਮੇਰੀ ਧਮਕ ਪਏ ਦਰਵਾਜ਼ੇ
ਪੁਰਾਣੇ ਸਮਿਆਂ ਵਿੱਚ ਜਿਥੇ ਲੱਕੜ ਕਾਠ ਦੀ ਚੋਰੀ ਆਮ ਸੀ, ਉਥੇ ਮਾਲ ਡੰਗਰ ਦੀ ਚੋਰੀ ਵੀ ਆਮ ਸੀ। ਇਸ ਵਿੱਚ ਮੱਝ, ਗਾਂ, ਬੱਕਰੀ, ਘੋੜੀ ਆਦਿ ਦੇ ਨਾਲ ਬੋਤੇ ਦੀ ਚੋਰੀ ਸੀ, ਜੋ ਬੜੀ ਸਫਾਈ ਨਾਲ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਦੀ ਚੋਰੀ ਕਰਨਾ ਬੜੀ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ। ਇਸ ਬਾਰੇ ਪੰਜਾਬੀ ਲੋਕ ਕਾਵਿ ਵਿੱਚ ਵੀ ਸੰਕੇਤ ਪ੍ਰਾਪਤ ਹੁੰਦੇ ਹਨ। ਮਲਵਈ ਬੋਲੀਆਂ ਵਿੱਚ ਇਕ ਬੋਲੀ ਬੜੀ ਹਰਮਨ ਪਿਆਰੀ ਕਹੀ ਜਾ ਸਕਦੀ ਹੈ:
ਗਲੀ-ਗਲੀ ਵਣਜਾਰਾ ਫਿਰਦਾ
ਲੱਪ ਕੁ ਸੁਰਮਾ ਲੋਰੀ ਦਾ
ਭਰੀ ਸਲਾਈ ਨੈਣੀਂ ਪਾ ਕੇ
ਨੈਣਾਂ ਦਾ ਦੁੱਖ ਤੋੜੀਦਾ
ਫੁੱਲਾਂ ਨਾਲ ਸ਼ਿੰਗਾਰਿਆ ਗੱਡਾ,
ਹੌਲੀ-ਹੌਲੀ ਤੋਰੀ ਦਾ,
ਮੈਂ ਨਾ ਜ਼ਾਲਮਾ ਬਹਿੰਦੀ
ਵੇ ਬੋਤਾ ਤੇਰਾ ਚੋਰੀ ਦਾ
ਊਠ ਜਾਂ ਬੋਤੇ ਦੀ ਬਦੀ ਬੜੀ ਮਾੜੀ ਮੰਨੀ ਜਾਂਦੀ ਹੈ। ਸੁਣਿਆ ਜਾਂਦਾ ਹੈ ਕਿ ਇਹ ਜੇ ਕਿਸੇ ਦੇ ਵੈਰ ਪੈ ਜਾਵੇ ਤਾਂ ਖੋਰ ਨਹੀਂ ਛੱਡਦਾ। ਇਸ ਦੀ ਯਾਦਦਾਸ਼ਤ ਬੜੀ ਤੇਜ਼ ਹੁੰਦੀ ਹੈ। ਬੋਤਾ ਪੰਜਾਬ ਵਿੱਚ ਅਹਿਮ ਥਾਂ ਰੱਖਦਾ ਹੈ ਤੇ ਲਗਭਗ ਹਰ ਸਰਦੇ ਪੁੱਜਦੇ ਘਰ ਦੀ ਸ਼ਾਨ ਹੁੰਦਾ ਸੀ। ਕਿਸੇ ਘਰ ਪਰਵਾਰ ਵਿੱਚ ਜਦੋਂ ਕੋਈ ਮਨ ਮੁਟਾਵ ਹੁੰਦਾ ਤਾਂ ਧੀ ਆਪਣੇ ਬਾਪੂ ਨੂੰ ਅੱਡ ਹੋਣ ਦਾ ਸੁਨੇਹਾ ਦਿੰਦੀ ਤੇ ਅੱਡ ਹੋਣ ਉੱਤੇ ਉਸ ਨੂੰ ਜੋ ਚੀਜ਼ਾਂ ਪਸੰਦ ਸਨ, ਉਨ੍ਹਾਂ ਨੂੰ ਬਟਵਾਰੇ ਵਿੱਚ ਲੈ ਦੇਣ ਨੂੰ ਕਹਿੰਦੀ। ਇਸ ਬਾਰੇ ਜਗਮੋਹਨ ਕੌਰ ਦਾ ਇਕ ਗੀਤ ਵੀ ਬੜੀ ਮਸ਼ਹੂਰ ਹੋਇਆ ਸੀ:
ਬਾਪੂ ਵੇ ਅੱਡ ਹੁੰਨੀ ਆਂ
ਗਾਂ ਲੈ ਦੇ
ਇਕ ਮੈਂਹਿ ਲੈ ਦੇ
ਦੋ ਬਲਦ ਟੱਲੀਆਂ ਵਾਲੇ
ਬੋਤੀ ਲੈ ਦੇ ਝਾਂਜਰਾਂ ਵਾਲੀ ਵੇ
ਅੱਡ ਹੁੰਨੀ ਆਂ
ਇਸ ਤਰ੍ਹਾਂ ਦੇ ਪੰਜਾਬੀ ਜਨ ਮਾਨਸ ਦੇ ਜੀਵਨ ਵੀ ਤਸਵੀਰ ਪੇਸ਼ ਕਰਦੇ ਗੀਤਾਂ, ਲੋਕ ਬੋਲੀਆਂ, ਟੱਪਿਆਂ ਆਦਿ ਵਿੱਚ ਬੋਤਾ ਖਾਸ ਥਾਂ ਰੱਖਦਾ ਹੈ। ਇਹ ਜਿਥੇ ਪੁਰਾਣੇ ਸਮਿਆਂ ਵਿੱਚ ਕਈ ਤਰ੍ਹਾਂ ਦੇ ਕੰਮ ਕਾਰਾਂ ਵਿੱਚ ਵਰਤਿਆ ਜਾਂਦਾ ਸੀ, ਉਥੇ ਯੁੱਧਾਂ, ਜੰਗਾਂ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਰਹੀ। ਅਜੋਕੇ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਇਸ ਦੀ ਤਾਦਾਦ ਘਟਦੀ ਜਾਂਦੀ ਹੈ। ਹੁਣ ਸਿਰਫ ਮਾਲਵੇ ਵਿੱਚ ਵਧੇਰੇ ਕਰਕੇ ਰੇਤੀਲੇ ਇਲਾਕਿਆਂ ਵਿੱਚ ਇਹ ਜੀਵ ਵੇੇਖਣ ਨੂੰ ਮਿਲਦਾ ਹੈ। ਅੱਜ ਨਾ ਕਿਸੇ ਨੂੰ ਬੋਤੇ ਵਰਗੇ ਜਾਨਵਰ ਨੂੰ ਰੱਖਣ ਦਾ ਸ਼ੌਕ ਹੈ ਅਤੇ ਨਾ ਸਫਰ ਲਈ ਇਸ ਦੀ ਸਵਾਰੀ ਵਾਸਤੇ ਸਮਾਂ ਹੈ। ਅੱਜ ਮਸ਼ੀਨੀ ਯੁੱਗ ਅਤੇ ਤੇਜ਼ ਰਫਤਾਰ ਆਵਾਜਾਈ ਦੇ ਸਾਧਨਾਂ ਨੇ ਇਨ੍ਹਾਂ ਜਾਨਵਰਾਂ ਤੇ ਇਨਸਾਨ ਵਿਚਲੇ ਸਬੰਧਾਂ ਵਿੱਚ ਪਾੜਾ ਪਾ ਦਿੱਤਾ ਹੈ, ਪਰ ਸੱਚ ਇਹ ਹੈ ਕਿ ਊਠ ਜਾਂ ਬੋਤਾ ਸਿਰਫ ਕੰਮਾਂ ਕਾਰਾਂ ਲਈ ਉਪਯੋਗੀ ਜੀਵ ਹੀ ਨਹੀਂ, ਸਗੋ ਸਾਡੇ ਪੰਜਾਬੀ ਸੱਭਿਆਚਾਰ ਸੰਸਕ੍ਰਿਤੀ ਤੇ ਵਿਰਸੇ ਦਾ ਸ਼ਿੰਗਾਰ ਵੀ ਰਿਹਾ ਹੈ। ਪੰਜਾਬ ਨਾਲ ਇਸ ਦਾ ਰਿਸ਼ਤਾ ਜਿੰਨਾ ਪੁਰਾਣਾ ਰਿਹਾ ਹੈ ਉਨਾ ਹੀ ਗਹਿਰਾ ਵੀ।