ਬੈਂਸ ਭਰਾਵਾਂ ਨੇ ਮੁੱਖ ਮੰਤਰੀ ਨੂੰ 150 ਨਸ਼ਾ ਤਸਕਰਾਂ ਦੀ ਸੂਚੀ ਦਿੱਤੀ


ਲੁਧਿਆਣਾ, 11 ਜੁਲਾਈ (ਪੋਸਟ ਬਿਊਰੋ)- ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕੱਲ੍ਹ ਦਾਅਵਾ ਕੀਤਾ ਕਿ ਉਨ੍ਹਾਂ ਨੇ 150 ਨਸ਼ਾ ਤਸਕਰਾਂ ਦੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਉਸ ਉੱਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੋਵਾਂ ਬੈਂਸ ਭਰਾਵਾਂ ਨੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਨੇ ਪਿਛਲੇ ਦਿਨੀਂ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਉਸ ਉੱਤੇ 12 ਦਿਨਾਂ ਵਿੱਚ ਕੁੱਲ ਸੱਤ ਹਜ਼ਾਰ ਕਾਲਾਂ ਆਈਆਂ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕਾਂ ਦੀਆਂ ਸ਼ਿਕਾਇਤਾਂ ਸਨ। ਲੋਕ ਖੁਦ ਦੱਸ ਰਹੇ ਸਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਵੇਂ ਤੇ ਕਿਹੜਾ ਵਿਅਕਤੀ ਨਸ਼ਾ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਲਾਂ ਸਬੰਧੀ ਪੂਰੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਭੇਜ ਦਿੱਤੀ ਹੈ। ਬੈਂਸ ਭਰਾਵਾਂ ਨੇ ਕਿਹਾ ਕਿ ਪਿਛਲੇ ਦਿਨੀਂ ਲੋਕ ਇਨਸਾਫ ਪਾਰਟੀ ਨੇ ਇਕ ਲੜਕੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ, ਜਿਸ ਨੂੰ ਡੀ ਐਸ ਪੀ ਨੇ ਨਸ਼ੇ ਦੀ ਦਲਦਲ ਵਿੱਚ ਪਾ ਦਿੱਤਾ ਸੀ ਤੇ ਫਿਰ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਸੀ। ਇਸ ਘਟਨਾ ਤੋਂ ਬਾਅਦ ਲੋਕ ਇਨਸਾਫ ਪਾਰਟੀ ਨੇ ਨਸ਼ਿਆਂ ਦੇ ਵਿਰੋਧ ਵਿੱਚ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਜਿਸ ਉਤੇ ਇਹ ਸਭ ਫੋਨ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮੰਗਲਵਾਰ ਉਹ 37 ਨਸ਼ਾ ਤਸਕਰਾਂ ਦੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਸ ਟੀ ਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਦੇ ਕੇ ਆਏ ਸਨ ਅਤੇ ਕੱਲ੍ਹ ਉਨ੍ਹਾਂ 150 ਹੋਰ ਨਸ਼ਾ ਤਸਕਰਾਂ ਦੀ ਸੂਚੀ ਦਿੱਤੀ ਹੈ।