ਬੈਂਕ ਕਾਊਂਟਰ ਤੇ ਡਰਾਪ ਬਾਕਸ ਤੋਂ ਚੈੱਕ ਚੋਰੀ ਕਰ ਕੇ ਜਾਣਕਾਰੀ ਬਦਲੀ, ਲੱਖਾਂ ਰੁਪਏ ਠੱਗੇ

FRAUD
ਜੈਪੁਰ, 20 ਮਾਰਚ (ਪੋਸਟ ਬਿਊਰੋ)- ਜੈਪੁਰ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਬੈਂਕ ਕਾਊਂਟਰ ਤੇ ਡਰਾਪ ਬਾਕਸ ਤੋਂ ਚੈੱਕ ਚੋਰੀ ਕਰ ਕੇ ਉਨ੍ਹਾਂ ਵਿੱਚ ਨਾਂਅ ਦੀ ਹੇਰਾਫੇਰੀ ਕਰ ਕੇ ਆਪਣੇ ਖਾਤੇ ਵਿੱਚ ਪੈਸੇ ਲੈਣ ਵਾਲੇ ਗਿਰੋਹ ਦਾ ਖੁਲਾਸਾ ਹੋਇਆ ਹੈ। ਇਸ ਗਿਰੋਹ ਦੇ ਦੋ ਬਦਮਾਸ਼ਾਂ ਯੂ ਪੀ ਦੇ ਬਲੀਆ ਦੇ ਜਤਿੰਦਰ ਕੁਮਾਰ ਯਾਦਵ ਤੇ ਬਾਸ਼ਾ ਨੂੰ ਪ੍ਰਤਾਪ ਨਗਰ ਪੁਲਸ ਨੇ ਸ਼ਨੀਵਾਰ ਰਾਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਕਈ ਸ਼ਹਿਰਾਂ ਵਿੱਚ ਵੱਖ-ਵੱਖ ਬੈਂਕਾਂ ਵਿੱਚ 14 ਬੈਂਕ ਖਾਤਿਆਂ ਦੇ ਦਸਤਾਵੇਜ਼, ਚਾਰ ਫਰਜ਼ੀ ਆਧਾਰ ਕਾਰਡ, ਤਿੰਨ ਪੈਨ ਕਾਰਡ, 11 ਮੋਹਰਾਂ, ਤਿੰਨ ਵੋਟਰ ਆਈ ਡੀ, ਬੈਂਕ ਪਾਸਬੁਕ, ਏ ਟੀ ਐੱਮ ਕਾਰਡ, ਮੋਬਾਈਲ ਫੋਨ ਅਤੇ ਕਾਰਡ ਕਲੋਨ ਦੀ ਮਸ਼ੀਨ ਮਿਲੀ ਹੈ।
ਇਹ ਬਦਮਾਸ਼ ਬੈਂਕਾਂ ਵਿੱਚ ਜਾਂਦੇ ਤੇ ਬੈਂਕ ਮੁਲਾਜ਼ਮ ਦੇ ਕੋਲ ਕਾਊਂਟਰ ‘ਤੇ ਪਏ ਹੋਏ ਚੈੱਕਾਂ ਵਿੱਚੋਂ ਨਜ਼ਰ ਬਚਾ ਕੇ ਕੁਝ ਚੈੱਕ ਚੋਰੀ ਕਰ ਲੈਂਦੇ ਸਨ। ਇਸ ਦੇ ਇਲਾਵਾ ਡਰਾਪ ਬਾਕਸ ਤੋਂ ਵੀ ਚੈਕ ਕੱਢ ਲੈਂਦੇ ਸਨ। ਪੁਲਸ ਨੇ ਕੱਲ੍ਹ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਦਿਨ ਦਾ ਰਿਮਾਂਡ ਲਿਆ ਹੈ। ਪੁਲਸ ਇਸ ਕੇਸ ਵਿੱਚ ਬੈਂਕ ਮੁਲਾਜ਼ਮਾਂ ਦੀ ਭੂਮਿਕਾ ਵੀ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਡੀ ਸੀ ਪੀ (ਪੂਰਬ) ਕੁੰਵਰ ਰਾਸ਼ਟਰ ਦੀਪ ਨੇ ਦੱਸਿਆ ਕਿ ਬੀਤੇ ਸਾਲ ਜਨਵਰੀ ਵਿੱਚ ਪ੍ਰਤਾਪ ਨਗਰ ਦੇ ਦਿਨੇਸ਼ ਮੀਣਾ ਨੇ ਪ੍ਰਤਾਪ ਨਗਰ ਵਿੱਚ ਰਿਪੋਰਟ ਦਿੱਤੀ ਕਿ ਉਨ੍ਹਾਂ ਨੇ ਕਾਰ ਖਰੀਦਣ ਦੇ ਲਈ ਪੰਜ ਲੱਖ ਰੁਪਏ ਦਾ ਕਰਜ਼ਾ ਪਾਸ ਕਰਾਇਆ ਸੀ। ਉਸ ਦੇ ਚੈੱਕ ਚੋਰੀ ਹੋ ਗਏ ਸਨ।