ਬੈਂਕ ਅਤੇ ਡਾਕਖਾਨੇ ਤੋਂ ਪੈਸੇ ਕਢਵਾਉਣ ਤੇ ਲੈਣ ਦੇਣ ਦੀ ਹੁਣ ਕੋਈ ਹੱਦ ਲਾਗੂ ਨਹੀਂ

post offices
ਨਵੀਂ ਦਿੱਲੀ, 7 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਕਦ ਲੈਣ ਦੇਣ ਦੀ ਦੋ ਲੱਖ ਰੁਪਏ ਦੀ ਹੱਦ ਬੈਂਕ, ਡਾਕਘਰ ਅਤੇ ਸਹਿਕਾਰੀ ਬੈਂਕਾਂ ਦੇ ਬਚੱਤ ਖਾਤਿਆਂ ‘ਚੋਂ ਨਿਕਾਸੀ ਉੱਤੇ ਹੁਣ ਲਾਗੂ ਨਹੀਂ ਹੋਵੇਗੀ। ਸਰਕਾਰ ਨੇ ਵਿੱਤ ਸਾਲ 2017-18 ਦੇ ਵਿੱਤ ਬਿੱਲ ‘ਚ ਆਮਦਨ ਟੈਕਸ ਐਕਟ ‘ਚ ਸੋਧ ਕਰਕੇ ਦੋ ਲੱਖ ਨਕਦ ਨਿਕਾਸੀ ਬਾਰੇ ਭੁਲੇਖੇ ਦੂਰ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਬਚੱਤ ਖਾਤੇ ਇਸ ਤੋਂ ਲਾਂਭੇ ਰਹਿਣਗੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਬੰਧ ‘ਚ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ।
ਆਮਦਨ ਟੈਕਸ ਵਿੱਚ ਛੋਟ ਲੈਣ ਦੇ ਟੀਚੇ ਨਾਲ ਰਾਜਨੀਤਕ ਦਲਾਂ ਲਈ ਨਕਦ ਚੰਦੇ ਦੀ ਹੱਦ 2,000 ਰੁਪਏ ਰਹੇਗੀ, ਪਰ ਕਿਸੇ ਚੈਰੀਟੇਬਲ ਸੰਸਥਾ ਨੂੰ 2,000 ਤੋਂ ਵੱਧ ਦੇ ਨਕਦ ਚੰਦੇ ‘ਤੇ ਆਮਦਨ ਟੈਕਸ ਕਾਨੂੰਨ ਤਹਿਤ ਛੋਟ ਨਹੀਂ ਮਿਲੇਗੀ। ਸਰਕਾਰ ਦੇ ਕਾਲੇ ਧਨ ‘ਤੇ ਲਗਾਮ ਲਾਉਣ ਲਈ ਚਾਲੂ ਸਾਲ 2017-18 ਦੇ ਵਿੱਤ ਬਿੱਲ ਵਿੱਚ ਇਹ ਤਜਵੀਜ਼ ਹੈ। ਨਕਦ ਲੈਣ ਦੇਣ ਲਈ ਬਜਟ ‘ਚ ਵਿੱਤ ਮੰਤਰੀ ਨੇ ਤਿੰਨ ਲੱਖ ਰੁਪੇ ਦੀ ਹੱਦ ਦਾ ਐਲਾਨ ਕੀਤਾ ਸੀ। ਇਸ ਨਿਯਮ ਦਾ ਉਲੰਘਣ ਕਰਨ ‘ਤੇ ਹੱਦ ਤੋਂ ਵੱਧ ਦੇ ਨਕਦ ਲੈਣ ਲੈਣ ਦੇ ਬਰਾਬਰ ਪੇਨਾਲਟੀ ਦੀ ਤਜਵੀਜ਼ ਹੈ।