ਬੈਂਕੁਏਟ ਹਾਲ ਵਿੱਚ ਆਨੰਦਕਾਰਜ ਕਰਨ ਉੱਤੇ ਡਿਕਸੀ ਗੁਰਦੁਆਰਾ ਮੈਂਬਰਾਂ ਨੇ ਲਿਆ ਨੋਟਿਸ

ਢੱਡਰੀਆਂ ਵਾਲੇ ਦੇ ਦੀਵਾਨ ਲਾਉਣ ਉੱਤੇ ਵੀ ਜਤਾਇਆ ਇਤਰਾਜ਼


ਓਨਟਾਰੀਓ, 17 ਮਈ (ਪੋਸਟ ਬਿਊਰੋ) : ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੈਂਬਰਾਂ ਵੱਲੋਂ ਕਿਸੇ ਵੀ ਬੈਂਕੁਏਟ ਹਾਲ ਜਾਂ ਹੋਟਲ ਵਿੱਚ ਆਨੰਦ ਕਾਰਜ ਦੀ ਰਸਮ ਕਰਵਾਏ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ ਹੈ।
16 ਮਾਰਚ, 1998 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਸਬੰਧੀ ਸਿੱਖ ਸੰਗਤਾਂ ਨੂੰ ਕਿਸੇ ਵੀ ਮੈਰਿਜ ਪੈਲੇਸ ਜਾਂ ਹੋਟਲ ਆਦਿ ਵਿੱਚ ਆਨੰਦ ਕਾਰਜ ਦੀ ਰਸਮ ਨਾ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਤੇ ਸਮੂਹ ਪ੍ਰਬੰਧਕਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਗਈ ਸੀ ਕਿ ਅਜਿਹੀ ਕਿਸੇ ਵੀ ਰਸਮ ਵਿੱਚ ਹਿੱਸਾ ਨਾ ਲਿਆ ਜਾਵੇ ਜੋ ਮੈਰਿਜ ਪੈਲੇਸ ਜਾਂ ਹੋਟਲ ਵਿੱਚ ਹੋ ਰਹੀ ਹੋਵੇ। ਇਹ ਵੀ ਆਖਿਆ ਗਿਆ ਸੀ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਸ਼ਖ਼ਸ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇਗੀ।
ਪਰ ਇਨ੍ਹਾਂ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ 12 ਮਈ, 2018 ਨੂੰ ਗੋਰਵੇ ਰੋਡ ਸਥਿਤ ਕੈਲਡਨ ਵਿੱਚ ਇਟਾਲੀਅਨ ਰਿਜੌ਼ਰਟ ਵਿੱਚ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਿਆ, ਰਾਗੀ ਸਿੰਘ, ਢਾਡੀ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੋਂ ਇਲਾਵਾ ਕੁੱਝ ਹੋਰ ਮੈਂਬਰ ਵੀ ਨਾਲ ਗਏ। ਫਿਰ ਉਸੇ ਰਿਜ਼ੌਰਟ ਵਿੱਚ ਆਨੰਦ ਕਾਰਜ ਦੀ ਪੂਰੀ ਰਸਮ ਨਿਭਾਈ ਗਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਵੱਲੋਂ ਵਿਆਹ ਵਾਲੇ ਜੋੜੇ ਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ ਗਈ।
ਇਸ ਦੌਰਾਨ ਮੈਂਬਰਾਂ ਨੇ ਆਖਿਆ ਕਿ 7,8,9 ਤੇ 10 ਜੂਨ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਡਿਕਸੀ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਲਾਉਣ ਲਈ ਪਹੁੰਚ ਰਹੇ ਹਨ। ਪਰ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਬਾਣੀ ਦੀ ਵਿਆਖਿਆ ਬਾਰੇ ਪੰਜਾਬ ਵਿੱਚ ਕਾਫੀ ਵਿਵਾਦ ਭਖਿਆ ਹੋਇਆ ਹੈ। ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਇਸ ਬਾਰੇ ਨਾ ਤਾਂ ਕੋਈ ਮਤਾ ਪਾਇਆ ਗਿਆ ਤੇ ਨਾ ਹੀ ਵਿਚਾਰ ਹੀ ਕੀਤਾ ਗਿਆ। ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਵੱਲੋਂ ਰੇਡੀਓ ਉੱਤੇ ਐਨਾਉਂਸਮੈਂਟ ਕਰਨ ਉਪਰੰਤ ਹੀ ਪਤਾ ਲੱਗਿਆ। ਮੈਂਬਰਾਂ ਨੇ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਜੇ ਸੰਤ ਢੱਡਰੀਆਂ ਵਾਲੇ ਦੇ ਆਉਣ ਉੱਤੇ ਕੋਈ ਵਾਦ ਵਿਵਾਦ ਹੁੰਦਾ ਹੈ ਤਾਂ ਉਹ ਜਿ਼ੰਮੇਵਾਰ ਨਹੀਂ ਹੋਣਗੇ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਰਿਜ਼ੌਰਟ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਆਨੰਦ ਕਾਰਜ ਕਰਵਾਉਣ ਲਈ ਵੀ ਉਹ ਜਿ਼ੰਮੇਵਾਰ ਨਹੀਂ ਹਨ।