ਬੇ-ਵਕਤੀ ਹੈ ਓਮਰ ਖਾਦਰ ਦੀ ਜਮਾਨਤ ਬਾਬਤ ਅਰਜ਼ੀ

31 Omar Khadrਨਿੱਕੀ ਉਮਰ ਵਿੱਚ ਹੀ ਅਤਿਵਾਦੀ ਸੰਗਠਨ ਅਲ-ਕਾਇਦਾ ਲਈ ਕੰਮ ਕਰਨ ਅਤੇ ਅਫਗਾਨਸਤਾਨ ਵਿੱਚ ਅਮਰੀਕੀ ਫੌਜ ਵਿਰੁੱਧ ਜੰਗ ਦੌਰਾਨ ਸਖ਼ਤ ਜਖ਼ਮੀ ਹੋਣ ਵਾਲੇ ਓਮਰ ਖਾਦਰ ਨੂੰ ਡੇਢ ਕੁ ਮਹੀਨਾ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਸਾਢੇ ਦਸ ਮਿਲੀਅਨ ਡਾਲਰ ਦਾ ਇਵਜਾਨਾ ਦਿੱਤਾ ਗਿਆ ਸੀ। ਉਸ ਵੇਲੇ 71% ਕੈਨੇਡੀਅਨਾਂ ਦਾ ਵਿਚਾਰ ਸੀ ਕਿ ਲਿਬਰਲ ਸਰਕਾਰ ਵੱਲੋਂ ਓਮਰ ਖਾਦਰ ਨੂੰ ਪੈਸੇ ਦੇਣ ਲਈ ਸਹਿਮਤ ਹੋਣਾ ਸਹੀ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਦ ਕਬੂਲ ਕੀਤਾ ਸੀ ਕਿ ਇਸ ਮਾਮਲੇ ਵਿੱਚ ਕੈਨੇਡੀਅਨਾਂ ਦੀਆਂ ਭਾਵਨਾਵਾਂ ਤੋਂ ਨਾਵਾਕਫ਼ ਰਹੇ ਹਨ। ਹੁਣ ਓਮਰ ਖਾਦਰ ਨੇ ਅਦਾਲਤ ਵਿੱਚ ਆਪਣੀ ਜ਼ਮਾਨਤ ਉੱਤੇ ਲੱਗੀਆਂ ਬੰਦਸ਼ਾਂ ਨੂੰ ਨਰਮ ਕਰਨ ਵਾਸਤੇ ਅਰਜ਼ੀ ਪਾ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਬਿਨਾ ਵਜਹ ਇੱਕ ਹੋਰ ਸਮੱਸਿਆ ਖੜੀ ਕਰ ਦਿੱਤੀ ਹੈ।

ਓਮਰ ਖਾਦਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸਨੂੰ ਪਰਿਵਾਰ ਦੇ ਮੈਂਬਰਾਂ ਖਾਸ ਕਰਕੇ ਮਾਂ ਅਤੇ ਵੱਡੀ ਭੈਣ ਨਾਲ ਖੁੱਲੇ ਤੌਰ ਉੱਤੇ ਮਿਲਣ ਦਿੱਤਾ ਜਾਵੇ। ਇਸਤੋਂ ਇਲਾਵਾ ਖਾਦਰ ਚਾਹੁੰਦਾ ਹੈ ਕਿ ਉਸਨੂੰ ਕੈਨੇਡਾ ਭਰ ਵਿੱਚ ਕਿਤੇ ਵੀ ਬਿਨਾ ਕਿਸੇ ਰੋਕ ਟੋਕ ਤੋਂ ਜਾਣ ਦੀ ਆਗਿਆ ਦਿੱਤੀ ਜਾਵੇ ਅਤੇ ਇੰਟਰਨੈੱਟ ਵਰਤਣ ਦੀ ਆਗਿਆ ਦਿੱਤੀ ਜਾਵੇ। ਦੱਸਣਾ ਬਣਦਾ ਹੈ ਕਿ ਓਮਰ ਖਾਦਰ ਦੀ ਵੱਡੀ ਭੈਣ ਜ਼ੈਨਬ ਉਹ ਔਰਤ ਹੈ ਜਿਸਨੇ ਕੈਨੇਡੀਅਨ ਪਰੈੱਸ ਨਾਲ ਮੁਲਾਕਾਤ ਵਿੱਚ 9/11 ਨੂੰ ਇਹ ਆਖ ਕੇ ਵਾਜਬ ਠਹਿਰਾਇਆ ਸੀ ਕਿ ਜਿਹੜੇ ਲੋਕ ਲੰਬੇ ਸਮੇਂ ਤੱਕ ਅਨਿਆ ਕਰਦੇ ਆਏ ਹਨ, ਉਹਨਾਂ ਨੂੰ ਮਰਦੇ ਵੇਖਣ ਵਿੱਚ ਇੱਕ ਖਾਸ ਕਿਸਮ ਦੀ ਖੁਸ਼ੀ ਹੁੰਦੀ ਹੈ। ਜ਼ੈਨਬ, ਜਿਸਨੇ ਟੋਰਾਂਟੋ ਦੇ ਗਰੁੱਪ 18 ਅਤਿਵਾਦੀਆਂ ਨੂੰ ਸਲਾਹਿਆ ਸੀ, ਦੀ ਦੂਜੀ ਸ਼ਾਦੀ ਮੌਕੇ ਓਸਾਮਾ ਬਿਨ ਲਾਦੇਨ ਅਤੇ ਅਲ-ਕਾਇਦਾ ਦੇ ਵਰਤਮਾਨ ਮੁਖੀ ਆਏਮਾਨ ਅਲ ਜ਼ਵਾਹਾਰੀ ਨੇ ਖੁਦ ਆ ਕੇ ਆਸ਼ੀਰਵਾਦ ਦਿੱਤਾ ਸੀ। ਜ਼ੈਨਬ ਦੀਆਂ ਚਾਰ ਸ਼ਾਦੀਆਂ ਹੋ ਚੁੱਕੀਆਂ ਹਨ।

ਖਾਦਰ ਦੀ ਅਰਜ਼ੀ ਬਾਬਤ ਕਈ ਗੱਲਾਂ ਹਨ ਜਿਹੜੀਆਂ ਸਿਰਫ਼ ਅਦਾਲਤ ਵਿੱਚ ਹੀ ਨਹੀਂ ਵਿਚਾਰੀਆਂ ਜਾਣਗੀਆਂ ਸਗੋਂ ਕੈਨੇਡੀਅਨ ਪਬਲਿਕ ਵਿੱਚ ਵੀ ਬਹਿਸ ਦਾ ਵਿਸ਼ਾ ਬਣਨਗੀਆਂ। ਮਿਸਾਲ ਵਜੋਂ ਉਸਦੀ ਮਾਂ ਅਤੇ ਭੈਣ ਨੇ ਇੱਕ ਵਾਰ ਵੀ ਇਹ ਗੱਲ ਨਹੀਂ ਆਖੀ ਕਿ ਉਹ ਅਤਿਵਾਦ ਨੂੰ ਬੁਰਾ ਮੰਨਦੀਆਂ ਹਨ। ਉਹਨਾਂ ਨੇ ਹਾਲੇ ਤੱਕ ਕੋਈ ਐਨਾ ਬਿਆਨ ਵੀ ਨਹੀਂ ਦਿੱਤਾ ਹੈ ਕਿ ਕੈਨੇਡਾ ਅਤੇ ਅਮਰੀਕਾ ਦਾ ਜਨ-ਜੀਵਨ ਆਮ ਮਨੁੱਖ ਲਈ ਚੰਗਾ ਹੈ। ਉਹ ਸਮਝਦੀਆਂ ਹਨ ਕਿ ਇਹਨਾਂ ਮੁਲਕਾਂ ਵਿੱਚ ਬੱਚੇ ਖਰਾਬ ਕਰਨ ਤੋਂ ਇਲਾਵਾ ਹੋਰ ਕਿਸੇ ਗੱਲ ਦੀ ਸੰਭਾਵਨਾ ਘੱਟ ਹੀ ਬਣਦੀ ਹੈ। ਬੇਸ਼ੱਕ ਇਸ ਪਰਿਵਾਰ ਵੱਲੋਂ ਕੈਨੇਡਾ ਦੀਆਂ ਸੁਖ ਸੁਵਿਧਾਵਾਂ ਅਤੇ ਸਰਕਾਰੀ ਡਾਲਰ ਖੁਸ਼ੀ ਨਾਲ ਸਵੀਕਾਰ ਕਰ ਲਏ ਜਾਂਦੇ ਹਨ ਪਰ ਕੈਨੇਡਾ ਵਾਸਤੇ ਖਾਦਰ ਦੇ ਪਰਿਵਾਰ ਦੇ ਕਿਸੇ ਵੀ ਜੀਅ ਮੂੰਹੋਂ ਚੰਗੇ ਸ਼ਬਦ ਨਹੀਂ ਨਿਕਲਦੇ। ਹਾਂ ਇੱਕਲੇ ਖਾਦਰ ਦਾ ਉਹਨਾਂ ਨੂੰ ਮਿਲਣ ਲਈ ਦਿਲ ਬਹੁਤ ਅਹੁਲਦਾ ਹੈ।

ਓਮਰ ਖਾਦਰ ਵਿਰੁੱਧ ਅਮਰੀਕਾ ਦੀ ਇੱਕ ਅਦਾਲਤ ਨੇ ਸਾਰਜੰਟ ਕ੍ਰਿਸਟੋਫਰ ਸਪੀਅਰ ਨੂੰ ਮਾਰਨ ਦੀ ਸਜ਼ਾ ਵਜੋਂ 134 ਮਿਲੀਅਨ ਡਾਲਰ ਦਾ ਹਰਜਾਨਾ ਕੀਤਾ ਹੋਇਆ ਹੈ। ਬਾਲਗ ਹੋ ਚੁੱਕੇ ਖਾਦਰ ਦਾ ਆਖਣਾ ਹੈ ਕਿ ਅਮਰੀਕਾ ਦੀ ਜੇਲ੍ਹ ਚੋਂ ਨਿਕਲਣ ਦੇ ਇਰਾਦੇ ਨਾਲ ਉਸਨੇ ਆਪਣੇ ਗੁਨਾਹ ਕਬੂਲ ਕੀਤੇ ਸਨ। ਹੁਣ ਇਸ ਬਾਲਗ ਖਾਦਰ ਨੂੰ ਆਪਣੇ ਅਤਿਵਾਦੀ ਸੁਭਾਅ ਵਾਲੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਤਾਂਘ ਜਰੂਰ ਹੈ ਪਰ ਉਸਦੇ ਮੂੰਹੋਂ ਸਾਰਜੰਟ ਸਪੀਅਰ ਦੀ ਵਿਧਵਾ ਪਤਨੀ ਅਤੇ ਬੱਚੀ ਲਈ ਹਮਦਰਦੀ ਦਾ ਇੱਕ ਸ਼ਬਦ ਵੀ ਨਹੀਂ ਨਿਕਲਿਆ ਹੈ। ਮਨੁੱਖੀ ਸੰਵੇਦਨਾ ਕਿੰਨੀ ਦੋ ਧਾਰੀ ਤਲਵਾਰ ਹੋ ਸਕਦੀ ਹੈ, ਖਾਦਰ ਦੀ ਸੋਚ ਉਸਦੀ ਜਿਉਂਦੀ ਜਾਗਦੀ ਮਿਸਾਲ ਜਾਪਦੀ ਹੈ।

ਇਹਨਾਂ ਤੱਥਾਂ ਦੇ ਮੱਦੇਨਜ਼ਰ ਅਦਾਲਤ ਨੂੰ ਗਹੁ ਨਾਲ ਵੇਖਣਾ ਹੋਵੇਗਾ ਕਿ ਅਜਿਹੇ ਪਰਿਵਾਰਕ ਮੈਂਬਰਾਂ ਦਾ ਖਾਦਰ ਨੂੰ ਮਿਲਣਾ ਲਾਹੇਵੰਦ ਰਹੇਗਾ ਜਾਂ ਨਹੀਂ। ਪਰ ਖਾਦਰ ਨੇ ਸਾਢੇ ਦਸ ਮਿਲੀਅਨ ਸਰਕਾਰੀ ਡਾਲਰ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਆਪਣੀ ਜ਼ਮਾਨਤ ਬਾਰੇ ਅਰਜ਼ੀ ਪਾ ਕੇ ਪ੍ਰਧਾਨ ਮੰਤਰੀ ਟਰੂਡੋ ਦੀ ਸਥਿਤੀ ਨਾਜ਼ੁਕ ਜਰੂਰ ਬਣਾ ਦਿੱਤੀ ਹੈ। ਥੋੜਾਂ ਚਿਰ ਪਹਿਲਾਂ ਟਰੂਡੋ ਸਰਕਾਰ ਨੇ 35 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ ਕੈਨੇਡੀਅਨਾਂ ਨੂੰ ਅਤਿਵਾਦ ਦੇ ਮਾੜੇ ਪ੍ਰਭਾਵ ਤੋਂ ਬਣਾਉਣ ਲਈ ਕੰਮ ਕਰਨ ਵਾਲੇ ਦਫ਼ਤਰ ਦਾ ਐਲਾਨ ਕੀਤਾ ਸੀ। ਇਸ ਦਫ਼ਤਰ ਦੇ ਕੰਮ ਵਿੱਚ ਐਸੇ ਲੋਕਾਂ ਨੂੰ ਉਹਨਾਂ ਵਿਅਕਤੀਆਂ/ਜੱਥੇਬੰਦੀਆਂ ਤੋਂ ਦੂਰ ਰੱਖਣਾ ਸ਼ਾਮਲ ਹੈ ਜਿਹਨਾਂ ਦੀ ਸੰਗਤ ਵਿੱਚ ਕੋਈ ਵਿਅਕਤੀ ਅਤਿਵਾਦੀ ਬਣ ਸਕਦਾ ਹੈ। ਹੁਣ ਓਮਰ ਖਾਦਰ ਨੇ ਜ਼ਮਾਨਤ ਦੀਆਂ ਸ਼ਰਤਾਂ ਢਿੱਲੀਆਂ ਕਰਨ ਲਈ ਅਰਜ਼ੀ ਦੇ ਕੇ ਪ੍ਰਧਾਨ ਮੰਤਰੀ ਟਰੂਡੋ ਦੀ ਸਥਿਤੀ ‘ਸੱਪ ਦੇ ਮੂੰਹ ਵਿੱਚ ਕੋਹੜ’ ਕਿਰਲੀ ਵਾਲੀ ਬਣਾ ਦਿੱਤੀ ਹੈ।