ਬੇਪ੍ਰਵਾਹ ਬਚਪਨ

-ਸ਼ਸ਼ੀ ਲਤਾ
ਸੜਕ ਉੱਤੇ ਘਰ ਹੋਣ ਕਾਰਨ ਸਵੇਰ ਤੋਂ ਸ਼ਾਮ ਤੱਕ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨੂੰ ਵਿਚਰਦੇ ਵੇਖੀਦਾ ਹੈ। ਸਭ ਤੋਂ ਪਹਿਲਾਂ ਘਰ ਦੇ ਚਾਹ ਪਾਣੀ ਲਈ ਦੁੱਧ ਲੈਣ ਜਾਣ ਵਾਲਿਆਂ ਨਾਲ ਉਨ੍ਹਾਂ ਗੋਦੀ ਛੋਟੇ ਬਾਲ ਵੀ ਹੁੰਦੇ ਹਨ। ਕੋਈ ਪੈਦਲ ਹੱਥ ਵਿੱਚ ਡੋਲੂ ਫੜ, ਦੁਕਾਨ ਤੋਂ ਖਾਣ ਵਾਲੀ ਚੀਜ਼ ਲੈਣ ਦੇ ਚਾਅ ਵਿੱਚ ਵੱਧ ਖੁਸ਼ ਹੁੰਦਾ ਹੈ।
ਢਾਈ ਕੁ ਸਾਲਾ ਰੇਖਾ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾਂ ਪਾਈ ਤੇ ਨਾਲ ਸੀਟੀ ਵਾਲੇ ਬੂਟ ਪਾ ਕੇ ਸੜਕ ਉਤੇ ਜ਼ੋਰ-ਜ਼ੋਰ ਦੀ ਪੈਰ ਮਾਰ ਕੇ ਚੱਲਦੀ ਹੈ। ਘੁੰਗਰੂਆਂ ਤੇ ਸੀਟੀ ਦੀ ਆਵਾਜ਼ ਸੁਣ ਕੇ ਖਿੜ-ਖਿੜ ਹੱਸਦੀ ਹੈ। ਉਸ ਦੀ ਹਾਸੇ ਦੀ ਆਵਾਜ਼ ਫਿਜ਼ਾਂ ਵਿੱਚ ਮਿਸ਼ਰੀ ਘੋਲਦੀ ਹੈ ਤਾਂ ਸਾਰੀ ਕਾਇਨਾਤ ਖਿੜਖਿੜਾਉਂਦੀ ਹੈ। ਦੁੱਧ ਲੈ ਕੇ ਮੁੜਦੇ ਸਮੇਂ ਉਸ ਦੇ ਇੱਕ ਹੱਥ ਵਿੱਚ ਗੁਲਾਬੀ ਭੂਰਨੀਆਂ ਦਾ ਪੈਕੇਟ ਹੁੰਦਾ ਹੈ। ਦੂਜੇ ਹੱਥ ਵਿੱਚ ਡੋਲੂ ਫੜਨ ਦੀ ਜ਼ਿੱਦ ਕਰਦੀ ਹੈ। ਮੇਰੇ ਘਰ ਅੱਗੇ ਆ ਕੇ ਜ਼ਮੀਨ ਤੇ ਲਿਟ ਜਾਂਦੀ ਹੈ। ਉਸ ਦਾ ਡੈਡੀ ਘਰ ਨੇੜੇ ਹੋਣ ਕਰ ਕੇ ਦੁੱਧ ਘਰ ਰੱਖ ਕੇ ਇੱਕ ਖਾਲੀ ਡੋਲੂ ਉਸ ਨੂੰ ਲਿਆ ਕੇ ਫੜਾਉਂਦਾ ਹੈ ਤਾਂ ਕਿਤੇ ਜਾ ਕੇ ਉਹ ਉਠਦੀ ਹੈ।
ਚਾਰ ਸਾਲਾਂ ਦਾ ਨੋਨਾ ਆਪਣੇ ਦਾਦੇ ਨਾਲ ਖੱਚਰ ਰੇਹੜੇ ਉਤੇ ਚੜ੍ਹ ਕੇ ਹੱਥ ਵਿੱਚ ਇੱਕ ਡੰਡਾ ਤੇ ਦੂਜੇ ਹੱਥ ਵਿੱਚ ਘੋੜੇ ਦੀ ਲਗਾਮ ਫੜਦਾ ਹੈ। ਇਕੱਲੀ ਨਿੱਕਰ ਪਾਈ ਉਹ ਖੜਾ ਘੋੜੇ ਦੇ ਡੰਡਾ ਮਾਰਦਾ ਮਿੰਨੀ ਰਿਹੜਾ-ਚਾਲਕ ਲੱਗਦਾ ਹੈ। ਲਗਾਮ ਫੜ ਕੇ ਜ਼ੋਰ-ਜ਼ੋਰ ਦੀ ਹੱਸਦਾ ਅਤੇ ਆਖਦੈ ‘‘ਚਲ ਮੇਰੇ ਘੋੜਿਆ ਚੱਲ।” ਦਿਲ ਕਰਦੈ ਮੈਂ ਉਸ ਦੀ ਇੱਕ ਸਨੈਪ ਲੈ ਲਵਾਂ। ਉਤਰਨ ਵੇਲੇ ਰੋਂਦਾ ਹੈ ਕਿ ਮੈਂ ਤਾਂ ਹੋਰ ਚਲਾਉਣੈ। ਕਦੇ ਖੁਸ਼ੀ ਨਾਲ ਉੱਤਰ ਕੇ ਦਾਦੇ ਨੂੰ ਬਾਏ-ਬਾਏ ਕਰਦਾ ਹੈ।
ਚਾਈਂ-ਚਾਈਂ ਸਾਰੀਆਂ ਚੀਜ਼ਾਂ ਨਵੇਂ ਬੈਗ ਵਿੱਚ ਪੁਆ ਕੇ ਤਿੰਨ ਕੁ ਸਾਲਾਂ ਦਾ ਮਿੰਟੂ ਆਪਣੀ ਦਾਦੀ ਦੀ ਗੋਦੀ ਚੜ੍ਹ ਕੇ ਪਹਿਲੇ ਦਿਨ ਸਕੂਲ ਜਾਂਦਾ ਹੈ। ਉਥੇ ਆਪਣੇ ਹਾਣ ਦਿਆਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਹੈ। ਵੱਡੇ ਮੈਡਮ ਤੋਂ ਬਿਸਕੁਟ ਤੇ ਟੌਫੀਆਂ ਲੈ ਕੇ ਗੋਦੀ ਚੜ੍ਹੇ-ਚੜ੍ਹਾਏ ਜਮਾਤ ਤੱਕ ਜਾਂਦਾ ਹੈ। ਛੋਟੇ-ਛੋਟੇ ਬੈਂਚਾਂ ਤੇ ਨਿੱਕੇ ਬੱਚਿਆਂ ਨੂੰ ਵੇਖ ਖੁਸ਼ ਹੋ ਜਾਂਦੈ। ਉਹ ਵੀ ਇੱਕ ਬੈਂਚ ਉਤੇ ਬੈਠ ਜਾਂਦਾ ਹੈ। ਜਦੋਂ ਦਾਦੀ ਨੂੰ ਗੇਟ ਤੋਂ ਬਾਹਰ ਜਾਂਦੇ ਵੇਖਦਾ ਤਾਂ ਚੀਕਾਂ ਮਾਰਨ ਲੱਗਦਾ ਹੈ। ਉਸ ਦੀ ਮੈਡਮ ਸਵਿਤਾ ਉਸ ਦੇ ਗਲੇ ਵਿੱਚੋਂ ਬੈਗ ਉਤਾਰਨ ਨੂੰ ਆਖਦੀ ਹੈ। ਉਹ ਹੋਰ ਉਚੀ ਚੀਕਦਾ ਹੈ। ਖਿੱਝ ਕੇ ਬੈਂਗ ਉਤਾਰ ਕੇ ਘੁਮਾ ਕੇ ਸਕੂਲ ਦੇ ਗਰਾਊਂਡ ਵਿੱਚ ਮਾਰਦਾ ਹੈ। ਮੈਂ ਨਹੀਂ ਪੜ੍ਹਦਾ ਲਾ ਲਉ ਜ਼ੋਰ। ਮੈਡਮ ਉਸ ਨੂੰ ਘਰ ਛੱਡ ਆਉਂਦੀ ਹੈ।
ਤਿੰਨ ਸਾਢੇ ਤਿੰਨ ਸਾਲ ਦਾ ਬੰਟੀ ਆਪਣੇ ਪਿਓ ਨੂੰ ਰੋਜ਼ ਸਿਗਰਟ ਪੀਂਦੇ ਵੇਖਦਾ ਹੈ। ਉਹ ਉਸ ਦੇ ਹੱਥ ਵਿੱਚੋਂ ਸਿਗਰਟ ਖੋਹ ਕੇ ਆਪ ਪੀਣ ਦੀ ਜ਼ਿੱਦ ਕਰਦਾ ਹੈ, ਪਰ ਉਸ ਦਾ ਡੈਡੀ ਰਾਜੂ ਉਸ ਨੂੰ ਕਹਿੰਦਾ ਹੈ ਕਿ ‘ਇਹ ਤਾਂ ਗੰਦੀ ਹੈ ਇਸ ਨੂੰ ਬੱਚੇ ਨਹੀਂ ਪੀਂਦੇ।’ ਰਾਜੂ ਦੇ ਦਫਤਰ ਜਾਣ ਪਿੱਛੋਂ ਉਹ ਕਾਗਜ਼ ਗੋਲ ਕਰ ਕੇ ਆਪਣੀ ਮੰਮੀ ਨੂੰ ਆਖਦੈ, ਮੰਮੀ ਇਸ ਨੂੰ ਅੱਗ ਲਾ ਦੇ। ਮੈਂ ਵੀ ਧੂੰਆਂ ਕੱਢ ਕੇ ਡੈਡੀ ਬਣੂੰਗਾ। ਇਹ ਹਰਕਤ ਵੇਖ ਉਸ ਦੀ ਮੰਮੀ ਉਸ ਨੂੰ ਚਪੇੜਾਂ ਮਾਰਦੀ ਹੈ। ਸ਼ਾਮ ਨੂੰ ਪਤੀ ਘਰ ਮੁੜਦਾ ਹੈ ਤਾਂ ਉਸ ਨਾਲ ਬੰਟੀ ਦੀ ਗੱਲ ਕਰਦੀ ਹੈ। ਰਾਜੂ ਨੇ ਕਿਹਾ ਕਿ ਲੈ, ਅੱਜ ਤੋਂ ਮੈਂ ਸਿਗਰਟ ਪੀਣੀ ਛੱਡੀ। ਪਤਨੀ ਨੇ ਹੱਸ ਕੇ ਕਿਹਾ ਜੋ ਗੱਲ ਮੈਂ ਚਾਰ ਸਾਲਾਂ ਤੋਂ ਨਹੀਂ ਮਨਾ ਸਕੀ ਬੰਟੀ ਨੇ ਦੋ ਦਿਨਾਂ ਵਿੱਚ ਮਨਵਾ ਲਈ।
ਟਿਊਸ਼ਨ ਤੋਂ ਵਾਪਸ ਆਏ ਘੋਨੇ ਨੂੰ ਉਸ ਦੀ ਮੰਮੀ ਨੇ ਪੁੱਛਿਆ ਕਿ ਕੱਲ੍ਹ ਦਾ ਕੰਮ ਚੈੱਕ ਕਰਵਾ ਲਿਆ ਸੀ? ਘੋਨੇ ਨੇ ਦੁਖੀ ਜਿਹਾ ਹੋ ਕੇ ਕਿਹਾ, ਵੇਖੋ ਕਰਵਾ ਲਿਆ, ਮੈਡਮ ਨੇ ਸਾਰੇ ਹੀ ਕਾਟੇ ਮਾਰ ‘ਤੇ। ਕਹਿੰਦੀ ਜੇ ਵਧੀਆ ਰਾਈਟਿੰਗ ਨਾ ਕੀਤੀ ਤਾਂ ਫਿਰ ਕਾਟੇ ਮਾਰੂੰਗੀ। ਸੋਨੀਆ ਹਾਸਾ ਨਾ ਰੋਕ ਸਕੀ ਤੇ ਪੁੱਤਰ ਨੂੰ ਗੋਦ ਵਿੱਚ ਲੈ ਲਿਆ। ਕਹਿਣ ਲੱਗੀ: ਕੋਈ ਗੱਲ ਨਹੀਂ।
ਇਹ ਨੇ ਸਾਡੇ ਭੋਲੇ ਭਾਲੇ, ਤੋਤਲੇ-ਮੋਤਲੇ ਨਿੱਕੇ ਰੱਬ ਰੱਬ ਦਾ ਰੂਪ ਬੱਚੇ ਜਿਨ੍ਹਾਂ ਵਿੱਚ ਕੋਈ ਵੱਲ-ਛੱਲ ਨਹੀਂ, ਜੋ ਮਨ ਵਿੱਚ ਆਇਆ ਕਹਿ ਦਿੱਤਾ। ਇਹ ਖੁਸ਼ ਨੇ, ਸਾਰੀ ਕਾਇਨਾਤ ਖੁਸ਼ ਹੈ। ਜੇ ਫਿਰ ਕਦੇ ਬਾਲ ਹਠ ਨੇ ਜ਼ਿੱਦ ਫੜ ਲਈ ਤਾਂ ਕੁੱਜੇ ਵਿੱਚ ਹਾਥੀ ਬੰਦ ਕਰਵਾਉਣਗੇ।