ਬੇਨਜ਼ੀਰ ਭੁੱਟੋ ਕੇਸ ਵਿੱਚ ਜੱਜ ਨੇ ਆਪਣਾ ਸੁਰੱਖਿਆ ਮੁਖੀ ਵੀ ਜੇਲ੍ਹ ਭੇਜਿਆ

ਬੇਨਜ਼ੀਰ ਭੁੱਟੋ

ਬੇਨਜ਼ੀਰ ਭੁੱਟੋ

ਇਸਲਾਮਾਬਾਦ, 2 ਸਤੰਬਰ (ਪੋਸਟ ਬਿਊਰੋ)- ਬੇਨਜ਼ੀਰ ਭੁੱਟੋ ਕਤਲ ਕੇਸ ਵਿੱਚ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਵੱਲੋਂ 17 ਸਾਲ ਕੈਦ ਕੀਤਾ ਗਿਆ ਉਚ ਪੁਲਸ ਅਧਿਕਾਰੀ ਇਹ ਫੈਸਲਾ ਸੁਣਾਉਣ ਵਾਲੇ ਜੱਜ ਲਈ ਸੁਰੱਖਿਆ ਦਾ ਮੁਖੀ ਸੀ। ਐਸ ਐਸ ਪੀ ਖੁੱਰਮ ਸ਼ਹਿਜ਼ਾਦ ‘ਵਿਸ਼ੇਸ਼ ਸ਼ਾਖਾ’ ਦੇ ਮੁਖੀ ਵਜੋਂ ਸੇਵਾ ਨਿਭਾ ਰਿਹਾ ਸੀ ਅਤੇ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਅਸਗਰ ਖਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਸ ਕੋਲ ਸੀ।
ਪਰਸੋਂ ਭੁੱਟੋ ਕੇਸ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਅਸਗਰ ਖਾਨ ਨੇ ਸਾਬਕਾ ਫੌਜੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਐਲਾਨ ਕੀਤਾ ਅਤੇ ਸ਼ਹਿਜ਼ਾਦ ਸਮੇਤ ਦੋ ਸੀਨੀਅਰ ਪੁਲਸ ਅਫਸਰਾਂ ਨੂੰ 17-17 ਸਾਲ ਕੈਦ ਦਾ ਹੁਕਮ ਦਿੱਤਾ। ਇਸ ਜੱਜ ਨੇ ਰਾਵਲਪਿੰਡੀ ਸਿਟੀ ਦੇ ਸਾਬਕਾ ਪੁਲਸ ਅਧਿਕਾਰੀ ਸਾਊਦ ਅਜ਼ੀਜ਼ ਤੇ ਸ਼ਹਿਜ਼ਾਦ ਨੂੰ 5-5 ਲੱਖ ਰੁਪਏ ਜੁਰਮਾਨਾ ਵੀ ਕੀਤਾ। ਇਕ ਪੁਲਸ ਅਧਿਕਾਰੀ ਮੁਤਾਬਕ ਸੁਣਵਾਈ ਦੇ ਦਿਨ ਸ਼ਹਿਜ਼ਾਦ ਪਹਿਲਾਂ ਜੇਲ ਪੁੱਜਾ ਅਤੇ ਨਿੱਜੀ ਤੌਰ ਉੱਤੇ ਜੱਜ ਦੇ ਆਉਣ ਵਾਲੇ ਰਸਤੇ ਉਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਅਧਿਕਾਰੀ ਨੇ ਦੱਸਿਆ, ‘ਉਹ ਆਪਣੇ ਸਾਬਕਾ ਸਾਬ੍ਹ ਸਾਊਦ ਅਜ਼ੀਜ਼ ਦੇ ਉਲਟ ਸ਼ਾਂਤ ਅਤੇ ਹੌਸਲੇ ਵਿੱਚ ਲੱਗ ਰਿਹਾ ਸੀ।’
ਵਰਨਣ ਯੋਗ ਹੈ ਕਿ 27 ਦਸੰਬਰ 2007 ਨੂੰ ਬੇਨਜ਼ੀਰ ਭੁੱਟੋ ਦੇ ਕਤਲ ਸਮੇਂ ਅਜ਼ੀਜ਼ ਰਾਵਲਪਿੰਡੀ ਸਿਟੀ ਪੁਲਸ ਦਾ ਮੁਖੀ ਸੀ ਤੇ ਸ਼ਹਿਜ਼ਾਦ ਉਸ ਅਧੀਨ ਐਸ ਪੀ ਹੁੰਦਾ ਸੀ। ਅਜ਼ੀਜ਼, ਜੋ ਪਿਛਲੇ ਮਹੀਨੇ ਏ ਆਈ ਜੀ ਵਜੋਂ ਸੇਵਾਮੁਕਤ ਹੋਇਆ, ਕੱਲ੍ਹ ਫੈਸਲਾ ਸੁਣਨ ਲਈ ਅਦਾਲਤ ਵਿੱਚ ਆਇਆ ਸੀ। ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਜੱਜ ਦੀ ਤਕਰੀਬਨ ਛੇ ਘੰਟੇ ਉਡੀਕ ਕੀਤੀ। ਸ਼ਹਿਜ਼ਾਦ ਤੋਂ ਸੁਰੱਖਿਆ ਬਾਰੇ ਹਰੀ ਝੰਡੀ ਮਿਲਣ ਪਿੱਛੋਂ ਇਹ ਜੱਜ ਜੇਲ ਵਿੱਚ ਬਣਾਏ ਵਿਸ਼ੇਸ਼ ਕੋਰਟ ਰੂਮ ਵਿੱਚ ਆਇਆ। ਸ਼ਾਹਿਜ਼ਾਦ ਨੂੰ ਅਦਾਲਤ ਅੰਦਰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ। ਇਹ ਦੋਵੇਂ ਪੁਲਸ ਅਫਸਰ ਆਪਣੀ ਸਜ਼ਾ ਖਿਲਾਫ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹਨ।