ਬੇਟੀ ਬਚਾਓ ਮੁਹਿੰਮ ਵਿੱਚ ਵੱਖਵਾਦੀ ਮਹਿਲਾ ਆਗੂ ਦੀ ਤਸਵੀਰ ਵੱਡੇ ਵਿਵਾਦ ਦਾ ਕਾਰਨ ਬਣੀ

asia andrabi
ਸ੍ਰੀਨਗਰ, 12 ਅਕਤੂਬਰ (ਪੋਸਟ ਬਿਊਰੋ)- ਕਸ਼ਮੀਰ ਵਿੱਚ ਸੈਂਕੜੇ ਔਰਤਾਂ ਦੇ ਘਰ ਉਜਾੜਨ ਵਾਲੇ ਅੱਤਵਾਦੀਆਂ ਦੀ ਆਗੂ ਕੱਟੜਪੰਥੀ ਨੇਤਾ ਆਸੀਆ ਅੰਦਰਾਬੀ ਨੂੰ ਇਸ ਰਾਜ ਦੀ ਸਰਕਾਰ ਮਦਰ ਟੈਰੇਸਾ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਰਾਬਰ ਮੰਨਦੀ ਹੈ। ਇਸ ਲਈ ਸਰਕਾਰ ਲੋਕਾਂ ਨੂੰ ਉਸ ਤੋਂ ਪ੍ਰੇਰਨਾ ਲੈਣ ਲਈ ਕਹਿ ਰਹੀ ਹੈ। ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਬ੍ਰੇਂਗ ਕੋਕਰਨਾਗ ਵਿੱਚ ਕੱਲ੍ਹ ਸੂਬਾ ਪ੍ਰਸ਼ਾਸਨ ਨੇ ਇਹੀ ਸਾਬਿਤ ਕੀਤਾ ਹੈ।
ਕੋਕਰਨਾਗ ਵਿੱਚ ਟੂਰਿਜ਼ਮ ਵਿਭਾਗ ਵੱਲੋਂ ਕੱਲ੍ਹ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਤਹਿਤ ਮੁਹਿੰਮ ਨਾਲ ਜੁੜੇ ਇੰਟੈਂਗ੍ਰੇਟਿਡ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ (ਆਈ ਸੀ ਡੀ ਐੱਸ) ਬ੍ਰੇਂਗ ਵੱਲੋਂ ਇੱਕ ਵੱਡਾ ਪੋਸਟਰ ਲਾਇਆ ਗਿਆ ਸੀ। ਇਸ ਪੋਸਟਰ ਦੇ ਸਭ ਤੋਂ ਉਪਰ ਲਿਖਿਆ ਸੀ: ‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਤੇ ਉਸ ਦੇ ਹੇਠਾਂ ਪ੍ਰੇਰਨਾ ਸਰੋਤ ਔਰਤਾਂ ਦੀਆਂ ਤਸਵੀਰਾਂ ਸਨ। ਸਭ ਤੋਂ ਉਪਰ ਪਹਿਲੀ ਤਸਵੀਰ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਸੀ। ਉਨ੍ਹਾਂ ਦੇ ਅੱਗੇ ਪੁਲਾੜ ਯਾਤਰੀ ਕਲਪਨਾ ਚਾਵਲਾ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਮਦਰ ਟੈਰੇਸਾ ਅਤੇ ਉਨ੍ਹਾਂ ਦੇ ਅੱਗੇ ਅੱਤਵਾਦੀ ਨੇਤਾ ਆਸੀਆ ਅੰਦਰਾਬੀ ਦੀ ਤਸਵੀਰ ਸੀ। ਇਸੇ ਪੋਸਟਰ ਵਿੱਚ ਹੇਠਾਂ ਦੀ ਲਾਈ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਹੱਬਾ ਖਾਤੂਨ, ਕਿਰਨ ਬੇਦੀ ਤੇ ਲਤਾ ਮੰਗੇਸ਼ਕਰ ਦੀਆਂ ਤਸਵੀਰਾਂ ਹਨ। ਆਸੀਆ ਅੰਦਰਾਬੀ ਦੀ ਤਸਵੀਰ ਦੇ ਹੇਠਾਂ ਅੰਗਰੇਜ਼ੀ ਵਿੱਚ ਲਿਖਿਆ ਹੈ, ‘ਫਾਊਡਿੰਗ ਲੀਡਰ ਆਫ ਦੁਖ਼ਤਰਾਨ-ਏ-ਮਿੱਲਤ।’