ਬੇਟੀ ਬਚਾਓ, ਬੇਟੀ ਪੜ੍ਹਾਓ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਕੇ ਫਾਰਮ ਵੇਚਣ ਵਾਲਿਆਂ ਨੇ ਲੁੱਟਿਆ

beti bachao beti padhao
ਬਠਿੰਡਾ, 12 ਅਕਤੂਬਰ (ਪੋਸਟ ਬਿਊਰੋ)- ਮਾਲਵਾ ਪੱਟੀ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਜ਼ਾਰਾਂ ਲੋਕਾਂ ਨੇ ਕੁਝ ਦਿਨਾਂ ਵਿੱਚ ਹੀ ਇਸ ਸਕੀਮ ਦੇ ਫਾਰਮ ਭਰ ਕੇ ਸਰਕਾਰ ਨੂੰ ਭੇਜ ਦਿੱਤੇ ਹਨ। ਪਿੰਡਾਂ ਵਿੱਚ ਅਫਵਾਹ ਉਡੀ ਹੈ ਕਿ ਇਸ ਸਕੀਮ ਤਹਿਤ ਸਰਕਾਰ ਨੇ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣੀ ਹੈ। ਫਾਰਮ ਵੇਚਣ ਵਾਲੇ ਕਮਾਈ ਕਰ ਰਹੇ ਹਨ ਤੇ ਫਾਰਮ ਦੇ 10 ਰੁਪਏ ਤੋਂ 50 ਰੁਪਏ ਤੱਕ ਲੈਂਦੇ ਹਨ।
ਬਠਿੰਡਾ ਜ਼ਿਲੇ ਦੇ ਬਲਾਕ ਰਾਮਪੁਰਾ ਫੂਲ, ਭਗਤਾ ਤੇ ਬਠਿੰਡਾ ਦੇ ਸੈਂਕੜੇ ਪਿੰਡਾਂ ਵਿੱਚ ਰੋਜ਼ਾਨਾ ਵੱਡੀ ਗਿਣਤੀ ਲੋਕ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਦੇ ਫਾਰਮ ਭਰ ਰਹੇ ਹਨ। ਪਿੰਡ ਭੈਣੀ ਵਿੱਚੋਂ ਕਰੀਬ 200 ਵਿਅਕਤੀਆਂ ਨੇ ਫਾਰਮ ਭਰ ਕੇ ਭੇਜੇ ਹਨ। ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਜਬੂਰੀ ਵਿੱਚ ਫਾਰਮਾਂ ‘ਤੇ ਮੋਹਰ ਲਾਉਣੀ ਪੈ ਰਹੀ ਹੈ ਤੇ ਉਹ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਇਸ ਪਿੰਡ ਦੇ ਨੌਜਵਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡਾਕ ਘਰਾਂ ਵਿੱਚ ਫਾਰਮ ਭਰਨ ਵਾਲਿਆਂ ਦਾ ਹੜ੍ਹ ਆ ਗਿਆ ਹੈ। ਪਿੰਡ ਮਾੜੀ ਦੇ ਪੰਚਾਇਤ ਮੈਂਬਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਲੋਕ ਵੀ ਫਾਰਮਾਂ ਪਿੱਛੇ ਪੈ ਗਏ ਹਨ। ਉਨ੍ਹਾਂ ਨੇ ਸਰਕਾਰੀ ਮੀਟਿੰਗ ਵਿੱਚ ਇਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਦੇ ਪਿੰਡ ਭਾਈਰੂਪਾ, ਮਹਿਰਾਜ, ਸਿਰੀਏਵਾਲਾ, ਦਿਆਲਪੁਰਾ, ਭੂੰਦੜ, ਬਾਲਿਆਂ ਵਾਲੀ ਆਦਿ ‘ਚੋਂ ਵੱਡੀ ਗਿਣਤੀ ਲੋਕਾਂ ਨੇ ਫਾਰਮ ਭਰੇ ਹਨ।