ਬੇਟੀਆਂ

-ਭੁਪਿੰਦਰ ਕੌਰ ਵਾਲੀਆ
ਪੂਜਾ ਦੇ ਘਰ ਕੋਲ ਇੱਕ ਪਰਵਾਰ ਰਹਿੰਦਾ ਸੀ। ਉਸ ਪਰਵਾਰ ਵਿੱਚ ਰਹਿਣ ਵਾਲੀ ਔਰਤ ਨੂੰ ਸਾਰੇ ਤਾਈ ਜੀ ਕਹਿੰਦੇ ਸੀ, ਇਸ ਕਰ ਕੇ ਉਹ ਜਗਤ ਤਾਈ ਅਖਵਾਉਂਦੀ ਸੀ। ਉਨ੍ਹਾਂ ਦੇ ਦੋ ਬੇਟੇ ਤੇ ਦੋ ਬੇਟੀਆਂ ਸਨ। ਪੂਜਾ ਵੀ ਉਨ੍ਹਾਂ ਨੂੰ ਤਾਈ ਜੀ ਕਹਿੰਦੀ ਸੀ। ਪੂਜਾ ਨੂੰ ਤਾਈ ਜੀ ਅਤੇ ਉਨ੍ਹਾਂ ਦੀਆਂ ਬੇਟੀਆਂ ਨਾਲ ਖਾਸ ਪਿਆਰ ਸੀ। ਉਸ ਨੂੰ ਉਨ੍ਹਾਂ ਦੇ ਘਰ ਦਾ ਖਾਣਾ ਬਹੁਤ ਸਵਾਦ ਲੱਗਦਾ ਸੀ। ਤਾਈ ਜੀ ਦੀਆਂ ਬੇਟੀਆਂ ਉਸ ਨੂੰ ਬੜੇ ਪਿਆਰ ਨਾਲ ਖਾਣਾ ਖਵਾਉਂਦੀਆਂ ਸਨ। ਪੂਜਾ ਉਨ੍ਹਾਂ ਤੋਂ ਉਮਰ ਵਿੱਚ 15-16 ਸਾਲ ਛੋਟੀ ਸੀ।
ਤਾਈ ਜੀ ਦੀ ਵੱਡੀ ਲੜਕੀ ਦਾ ਨਾਮ ਨਿਸ਼ੀ ਤੇ ਛੋਟੀ ਲੜਕੀ ਦਾ ਨਾਂਅ ਚਾਂਦ ਸੀ। ਦੋਵੇਂ ਹੀ ਸਕੂਲ ਵਿੱਚ ਪੜ੍ਹਾਉਂਦੀਆਂ ਸਨ, ਨਾਲ ਹੀ ਘਰ ਦਾ ਸਾਰਾ ਕੰਮ ਵੀ ਸੰਭਾਲਦੀਆਂ ਸਨ। ਆਪਣੀ ਮਾਂ ਨੂੰ ਕੋਈ ਕੰਮ ਨਹੀਂ ਸੀ ਕਰਨ ਦਿੰਦੀਆਂ। ਉਨ੍ਹਾਂ ਦੇ ਦੋਵੇਂ ਭਰਾ ਉਮਰ ਵਿੱਚ ਉਨ੍ਹਾਂ ਤੋਂ ਪੰਜ-ਛੇ ਸਾਲ ਛੋਟੇ ਸਨ, ਜੋ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਦੇ ਸਨ। ਉਹ ਆਪਣੇ ਭਰਾਵਾਂ ਤੋਂ ਵੀ ਕੋਈ ਕੰਮ ਨਹੀਂ ਸੀ ਕਰਾਉਂਦੀਆਂ। ਉਨ੍ਹਾਂ ਦੇ ਪਿਤਾ ਜੀ ਕਲਰਕ ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਸਨ। ਵੱਡੀ ਭੈਣ ਨਿਸ਼ੀ ਥੋੜ੍ਹੇ ਗਰਮ ਸੁਭਾਅ ਦੀ ਸੀ। ਕਿਸੇ ਦੀ ਗਲਤੀ ਹੋਣ ਤੇ ਉਸ ਨੂੰ ਡਾਂਟ ਦਿੰਦੀ ਸੀ। ਛੋਟੀ ਭੈਣ ਚਾਂਦ ਦਾ ਸੁਭਾਅ ਚੰਨ ਵਾਂਗ ਸ਼ੀਤਲ ਸੀ ਅਤੇ ਉਹ ਚੰਨ ਵਾਂਗ ਸੁੰਦਰ ਵੀ ਸੀ।
ਪੂਜਾ ਜਿਵੇਂ ਜਿਵੇਂ ਵੱਡੀ ਹੁੰਦੀ ਗਈ, ਉਸ ਦਾ ਪਿਆਰ ਤਾਈ ਜੀ ਦੇ ਘਰ ਨਾਲ ਹੋਰ ਵਧਦਾ ਗਿਆ। ਉਹ ਅਕਸਰ ਸੋਚਦੀ ਕਿ ਤਾਈ ਜੀ ਘਰ ਦਾ ਕੋਈ ਕੰਮ ਕਿਉਂ ਨਹੀਂ ਕਰਦੇ ਤੇ ਬਹੁਤ ਘੱਟ ਕਿਉਂ ਬੋਲਦੇ ਹਨ? ਉਮਰ ਵਧਣ ਨਾਲ ਉਸ ਨੂੰ ਸਮਝ ਆ ਗਈ ਕਿ ਕਈ ਸਾਲ ਪਹਿਲਾਂ ਤਾਈ ਜੀ ਨੂੰ ਲਕਵਾ ਮਾਰ ਗਿਆ ਸੀ ਜਿਸ ਕਰ ਕੇ ਨਾ ਤਾਂ ਉਹ ਕੋਈ ਕੰਮ ਕਰ ਸਕਦੇ ਸਨ ਤੇ ਨਾ ਚੰਗੀ ਤਰ੍ਹਾਂ ਬੋਲ ਸਕਦੇ ਸਨ। ਚਾਂਦ ਨੇ ਜੇ ਬੀ ਟੀ ਦਾ ਕੋਰਸ ਕੀਤਾ ਸੀ ਤੇ ਨਿਸ਼ੀ ਨੇ ਮੌਨਟੈਸਰੀ ਦਾ, ਇਸ ਲਈ ਨਿਸ਼ੀ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਚਾਂਦ ਨੂੰ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ। ਇਸ ਲਈ ਉਸ ਨੇ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਪ੍ਰਾਈਵੇਟ ਤੌਰ ‘ਤੇ ਐਮ ਏ ਵੀ ਪਾਸ ਕਰ ਲਈ।
ਹੁਣ ਪੂਜਾ ਵੀ ਦਸਵੀਂ ਕਲਾਸ ਵਿੱਚ ਆ ਗਈ। ਉਸ ਦਾ ਤਾਈ ਜੀ ਦੇ ਘਰ ਆਉਣਾ ਜਾਣਾ ਉਸੇ ਤਰ੍ਹਾਂ ਚਲਦਾ ਰਿਹਾ। ਵੱਡਾ ਮੁੰਡਾ ਰਮੇਸ਼ ਇੰਜੀਨੀਅਰਿੰਗ ਪਾਸ ਕਰ ਕੇ ਆਪਣੇ ਹੀ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਤੇ ਉਸ ਦੇ ਵਿਆਹ ਦੀ ਗੱਲ ਸ਼ੁਰੂ ਹੋ ਗਈ। ਰਮੇਸ਼ ਨੇ ਘਰ ਦਿਆਂ ਨੂੰ ਦੱਸਿਆ ਉਹ ਉਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਿਸ ਦਾ ਨਾਮ ਸੀਤਾ ਹੈ ਅਤੇ ਉਹ ਅਕਸਰ ਘਰ ਆਉਂਦੀ ਰਹਿੰਦੀ ਸੀ। ਸੀਤਾ ਰਿਸ਼ਤੇ ਵਿੱਚ ਦੂਰ ਦੀ ਮਾਸੀ ਦੀ ਲੜਕੀ ਸੀ। ਰਮੇਸ਼ ਨੇ ਦੱਸਿਆ ਕਿ ਉਹ ਸੀਤਾ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਸੀਤਾ ਵੀ ਉਸ ਨੂੰ ਬਹੁਤ ਪਿਆਰ ਕਰਦੀ ਹੈ। ਉਹ ਸੀਤਾ ਤੋਂ ਇਲਾਵਾ ਕਿਸੇ ਵੀ ਹੋਰ ਲੜਕੀ ਨਾਲ ਵਿਆਹ ਨਹੀਂ ਕਰੇਗਾ। ਇਸ ਲਈ ਦੋਵਾਂ ਦੀ ਖੁਸ਼ੀ ਨੂੰ ਵੇਖਦੇ ਹੋਏ ਮਜਬੂਰੀ ਵਿੱਚ ਉਨ੍ਹਾਂ ਦਾ ਵਿਆਹ ਕਰਨਾ ਪਿਆ।
ਪੂਜਾ ਹੁਣ ਕਾਲਜ ਵਿੱਚ ਪੜ੍ਹਨ ਲੱਗੀ ਅਤੇ ਦੁਨੀਆਦਾਰੀ ਵੀ ਸਮਝਣ ਲੱਗ ਗਈ। ਉਸ ਦੇ ਮਨ ਵਿੱਚ ਵਾਰ-ਵਾਰ ਆਉਂਦਾ ਕਿ ਨਿਸ਼ੀ ਤੇ ਚਾਂਦ ਦੀਦੀ ਆਪਣੇ ਭਰਾਵਾਂ ਤੋਂ ਉਮਰ ਵਿੱਚ ਕਾਫੀ ਵੱਡੀਆਂ ਹਨ ਅਤੇ ਉਨ੍ਹਾਂ ਦਾ ਵਿਆਹ ਪਹਿਲਾਂ ਹੋਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਆਪਣੇ ਭਰਾਵਾਂ ਦੀ ਪੜ੍ਹਾਈ ਤੇ ਘਰ ਦੀ ਜ਼ਿੰਮੇਵਾਰੀ ਕਾਰਨ ਵਿਆਹ ਨਹੀਂ ਸੀ ਕਰਵਾਇਆ। ਹੁਣ ਉਨ੍ਹਾਂ ਦੀ ਉਮਰ ਵੀ ਚੋਖੀ ਹੋ ਗਈ ਸੀ। ਜੇ ਸਾਡੇ ਦੇਸ਼ ਵਿੱਚ ਲੜਕੀ ਦੀ ਉਮਰ 30 ਸਾਲ ਤੋਂ ਟੱਪ ਜਾਵੇ ਤਾਂ ਮੁੰਡਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ। ਨਿਸ਼ੀ ਦੀ ਉਮਰ 32 ਸਾਲ ਦੀ ਹੋ ਚੁੱਕੀ ਸੀ, ਪਰ ਵੇਖਣ ਵਿੱਚ ਸੋਹਣੀ ਨਹੀਂ ਸੀ। ਛੋਟੀ ਭੈਣ ਚਾਂਦ ਤੀਹ ਸਾਲ ਦੀ ਸੀ। ਉਹ ਸੁੰਦਰ ਵੀ ਸੀ ਇਸ ਲਈ ਉਸ ਦੇ ਰਿਸ਼ਤੇ ਆਉਂਦੇ ਸਨ, ਪਰ ਉਹ ਚਾਹੁੰਦੀ ਸੀ ਕਿ ਪਹਿਲਾਂ ਨਿਸ਼ੀ ਦੀ ਸ਼ਾਦੀ ਹੋ ਜਾਵੇ। ਇਸ ਕਰ ਕੇ ਉਸ ਦੀ ਸ਼ਾਦੀ ਵੀ ਨਹੀਂ ਸੀ ਹੋ ਰਹੀ।
ਰਮੇਸ਼ ਦਾ ਵਿਆਹ ਹੁੰਦੇ ਹੀ ਘਰ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ। ਭਾਬੀ ਨੌਕਰੀ ਕਰਦੀ ਸੀ, ਪਰ ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਂਦੀ। ਸਾਰਿਆਂ ਨੂੰ ਇਹੋ ਕਹਿੰਦੀ ਕਿ ਉਸ ਦੀਆਂ ਨਨਾਣਾਂ ਬਹੁਤ ਤੰਗ ਕਰਦੀਆਂ ਹਨ। ਥੋੜ੍ਹੇ ਹੀ ਸਮੇਂ ਵਿੱਚ ਉਨ੍ਹਾਂ ਦੇ ਘਰ ਦਾ ਮਾਹੌਲ ਏਨਾ ਵਿਗੜ ਗਿਆ ਕਿ ਦਿਨ ਰਾਤ ਝਗੜਾ ਰਹਿੰਦਾ। ਹਾਲਾਤ ਹੋਰ ਵਿਗੜੇ ਤਾਂ ਭਾਬੀ ਲੜ-ਝਗੜ ਕੇ ਆਪਣੇ ਪੇਕੇ ਘਰ ਰਹਿਣ ਚਲੀ ਗਈ। ਪੂਜਾ ਦੇ ਪਿਤਾ, ਜੋ ਤਾਈ ਨੂੰ ਆਪਣੀ ਭਾਬੀ ਤੇ ਤਾਇਆ ਜੀ ਨੂੰ ਆਪਣਾ ਭਰਾ ਮੰਨਦੇ ਸਨ, ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਨ੍ਹਾਂ ਦੀ ਨੂੰਹ ਸੀਤਾ ਕਿਸੇ ਤਰ੍ਹਾਂ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਉਹ ਨਨਾਣਾਂ ਨਾਲ ਇੱਕ ਘਰ ਵਿੱਚ ਨਹੀਂ ਰਹਿ ਸਕਦੀ। ਉਹ ਮੈਨੂੰ ਬਹੁਤ ਤੰਗ ਕਰਦੀਆਂ ਹਨ। ਆਖਰ ਤੰਗ ਆ ਕੇ ਤਾਇਆ ਜੀ ਨੇ ਵੱਡੀ ਕੁੜੀ ਨਿਸ਼ੀ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਕਿਸਮਤ ਨਾਲ ਵੱਡੀ ਲੜਕੀ ਲਈ ਚੰਗਾ ਮੁੰਡਾ ਲੱਭ ਗਿਆ। ਇਸ ਦੌਰਾਨ ਪੂਜਾ ਦੇ ਪਿਤਾ ਜੀ ਵੱਡੀ ਲੜਕੀ ਦੇ ਵਿਆਹ ਲਈ ਸੀਤਾ ਨੂੰ ਮਨਾ ਕੇ ਘਰ ਵਾਪਸ ਲੈ ਆਏ ਤੇ ਹੁਣ ਉਹ ਉਨ੍ਹਾਂ ਦੇ ਨਾਲ ਰਹਿ ਰਹੀ ਸੀ। ਇਸ ਦੌਰਾਨ ਪੂਜਾ ਦਾ ਵਿਆਹ ਵੀ ਉਸੇ ਸ਼ਹਿਰ ਵਿੱਚ ਹੋ ਗਿਆ। ਇਸ ਲਈ ਪੇਕੇ ਆਉਂਦੇ-ਜਾਂਦੇ ਉਨ੍ਹਾਂ ਦਾ ਹਾਲ ਪਤਾ ਲੱਗਦਾ ਰਹਿੰਦਾ ਸੀ।
ਤਾਈ ਜੀ ਦੀ ਛੋਟੀ ਲੜਕੀ ਹੁਣ ਆਪਣੇ ਸਕੂਲ ਵਿੱਚ ਪ੍ਰਿੰਸੀਪਲ ਬਣ ਗਈ, ਪਰ ਵਿਆਹ ਦੇ ਮਾਮਲੇ ਵਿੱਚ ਉਸ ਦੀ ਕਿਸਮਤ ਨੇ ਆਪਣਾ ਰੰਗ ਵਿਖਾਇਆ। ਉਸ ਨੂੰ ਜਿੰਨੇ ਵੀ ਰਿਸ਼ਤੇ ਆ ਰਹੇ ਸਨ, ਸਾਰੇ ਸ਼ਾਦੀਸ਼ੁਦਾ ਲੜਕਿਆਂ ਦੇ ਸਨ। ਕੋਈ ਕੁਆਰਾ ਲੜਕਾ ਨਹੀਂ ਸੀ ਮਿਲ ਰਿਹਾ। ਇਸ ਕਰ ਕੇ ਚਾਰ-ਪੰਜ ਸਾਲ ਹੋਰ ਨਿਕਲ ਗਏ। ਇਸ ਦੌਰਾਨ ਚਾਂਦ ਨੇ ਜਿਸ ਘਰ ਵਿੱਚ ਉਹ ਕਿਰਾਏ ਉਤੇ ਰਹਿੰਦੇ ਸਨ, ਆਪਣੇ ਪੈਸਿਆਂ ਨਾਲ ਖਰੀਦ ਕੇ ਮੁਰੰਮਤ ਕਰਵਾ ਕੇ ਮਾਡਰਨ ਬਣਾ ਲਿਆ, ਪਰ ਉਸ ਦੀ ਰਜਿਸਟਰੀ ਆਪਣੇ ਪਿਤਾ ਦੇ ਨਾਂਅ ਕਰਾਈ, ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਪਿਤਾ ਨੂੰ ਇਹ ਮਹਿਸੂਸ ਹੋਵੇ ਕਿ ਉਹ ਘਰ ਖਰੀਦ ਨਹੀਂ ਸਕੇ ਅਤੇ ਆਪਣੀ ਬੇਟੀ ਦੇ ਘਰ ਵਿੱਚ ਰਹਿ ਰਹੇ ਸਨ। ਨਿਸ਼ੀ ਦਾ ਪਤੀ ਬਹੁਤ ਚੰਗੇ ਸੁਭਾਅ ਦਾ ਸੀ। ਉਨ੍ਹਾਂ ਨੇ ਵੀ ਚਾਂਦ ਲਈ ਬਹੁਤ ਸਾਰੇ ਰਿਸ਼ਤੇ ਲੱਭੇ, ਪਰ ਕੋਈ ਵੀ ਰਿਸ਼ਤਾ ਸਿਰੇ ਨਹੀਂ ਸੀ ਚੜ੍ਹ ਸਕਿਆ। ਇਸ ਉਤੇ ਤਾਈ ਜੀ ਦੇ ਘਰ ਵਿੱਚ ਮੁੜ ਕਲੇਸ਼ ਵਧ ਗਿਆ। ਉਨ੍ਹਾਂ ਦੀ ਨੂੰਹ ਨੇ ਦੁਬਾਰਾ ਕਲੇਸ਼ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨਾਲ ਮਿਲ ਕੇ ਨਹੀਂ ਸੀ ਰਹਿਣਾ ਚਾਹੁੰਦੀ। ਇਸ ਦੌਰਾਨ ਤਾਇਆ ਜੀ ਪੂਰੇ ਹੋ ਗਏ ਅਤੇ ਤਾਈ ਜੀ ਦੀ ਹਾਲਤ ਵੀ ਤਾਇਆ ਜੀ ਦੇ ਜਾਣ ਤੋਂ ਬਾਅਦ ਜ਼ਿਆਦਾ ਖਰਾਬ ਰਹਿਣ ਲੱਗ ਪਈ। ਤਾਈ ਜੀ ਚਾਹੁੰਦੇ ਸਨ ਕਿ ਚਾਂਦ ਦੀ ਸ਼ਾਦੀ ਉਨ੍ਹਾਂ ਦੇ ਹੁੰਦੇ ਹੀ ਹੋ ਜਾਵੇ ਤਾਂ ਚੰਗਾ ਹੈ। ਚਾਂਦ ਵੀ ਘਰ ਦੇ ਹਾਲਾਤ ਕਾਰਨ ਏਨੀ ਮਜਬੂਰ ਹੋ ਗਈ ਕਿ ਜੋ ਵੀ ਰਿਸ਼ਤਾ ਆਇਆ ਉਸ ਨੇ ਵਿਆਹ ਲਈ ਹਾਂ ਕਰ ਦਿੱਤੀ। ਉਸ ਦਾ ਪਤੀ ਦੋ ਬੱਚਿਆਂ ਦਾ ਬਾਪ ਸੀ।
ਵਿਆਹ ਤੋਂ ਬਾਅਦ ਉਹ ਵੀ ਉਸੇ ਘਰ ਵਿੱਚ ਆ ਕੇ ਰਹਿਣ ਲੱਗ ਪਿਆ, ਕਿਉਂਕਿ ਉਹ ਰਿਟਾਇਰ ਹੋ ਚੁੱਕਾ ਸੀ ਤੇ ਚਾਂਦ ਸਕੂਲ ਵਿੱਚ ਪ੍ਰਿੰਸੀਪਲ ਦੀ ਨੌਕਰੀ ਕਰ ਰਹੀ ਸੀ। ਚਾਂਦ ਦੇ ਪਤੀ ਦੀ ਪਹਿਲੀ ਪਤਨੀ ਦੇ ਦੋਵਾਂ ਲੜਕੀਆਂ ਦਾ ਵਿਆਹ ਹੋ ਚੁੱਕਾ ਸੀ ਤੇ ਦੋਵੇਂ ਆਪਣੇ ਆਪਣੇ ਸਹੁਰੇ ਘਰ ਰਹਿ ਰਹੀਆਂ ਸਨ। ਉਨ੍ਹਾਂ ਨੂੰ ਆਪਣੀ ਨਵੀਂ ਮਾਂ ਨਾਲ ਕੋਈ ਮਤਲਬ ਨਹੀਂ ਸੀ। ਚਾਂਦ ਦਾ ਛੋਟਾ ਭਰਾ, ਜਿਸ ਦਾ ਨਾਮ ਉਮੇਸ਼ ਸੀ, ਵੀ ਹੁਣ ਇੰਜੀਨੀਅਰ ਬਣ ਗਿਆ ਅਤੇ ਉਸ ਦੀ ਸ਼ਾਦੀ ਵੀ ਪੱਕੀ ਹੋ ਗਈ ਸੀ ਜਿਸ ਦੀ ਤਿਆਰੀ ਵਿੱਚ ਪੂਰੇ ਸ਼ੌਕ ਨਾਲ ਚਾਂਦ ਜੁੜ ਗਈ। ਕੁਝ ਦਿਨ ਬਾਅਦ ਉਸ ਦਾ ਵੀ ਵਿਆਹ ਹੋ ਗਿਆ। ਛੋਟੇ ਭਰਾ ਦੀ ਪਤਨੀ ਆਪਣੀ ਜੇਠਾਣੀ ਤੋਂ ਵੀ ਵੱਧ ਤੇਜ਼ ਨਿਕਲੀ ਜਿਸ ਦਾ ਨਾਂ ਮੀਰਾ ਸੀ। ਉਸ ਨੂੰ ਆਪਣੇ ਸਹੁਰੇ ਪਰਵਾਰ ਵੱਲ ਵੇਖ ਕੇ ਹੀ ਫਿਟ ਪੈਣੇ ਸ਼ੁਰੂ ਹੋ ਜਾਂਦੇ ਸਨ। ਉਹ ਇੰਦੌਰ ਰਹਿੰਦੀ ਸੀ। ਕੋਈ ਉਨ੍ਹਾਂ ਦੇ ਘਰ ਨਹੀਂ ਜਾਂਦਾ ਸੀ। ਇਸ ਦੌਰਾਨ ਪਹਿਲਾਂ ਤਾਈ ਜੀ ਪੂਰੇ ਹੋ ਗਏ ਅਤੇ ਦੋ ਸਾਲ ਬਾਅਦ ਚਾਂਦ ਦੇ ਪਤੀ ਦਾ ਦਿਹਾਂਤ ਹੋ ਗਿਆ। ਹੁਣ ਚਾਂਦ ਬਿਲਕੁਲ ਇਕੱਲੀ ਹੋ ਗਈ। ਉਹ ਆਪ ਵੀ ਨੌਕਰੀ ਤੋਂ ਰਿਟਾਇਰ ਹੋ ਗਈ। ਉਹ ਆਪਣੇ ਬਣਾਏ ਘਰ ਵਿੱਚ ਇਕੱਲੀ ਇੱਕ ਪਿਛਲੇ ਕਮਰੇ ਵਿੱਚ ਰਹਿੰਦੀ ਸੀ। ਉਸ ਦੀ ਵੱਡੀ ਭੈਣ ਨਿਸ਼ੀ ਦਾ ਪਰਵਾਰ ਹੜ੍ਹਾਂ ਵਿੱਚ ਰੁੜ ਕੇ ਖਤਮ ਹੋ ਗਿਆ ਸੀ ਅਤੇ ਬਾਕੀ ਸਾਰੇ ਘਰ ‘ਤੇ ਉਸ ਦੇ ਭਰਾਵਾਂ ਨੇ ਕਬਜ਼ਾ ਕਰ ਲਿਆ ਸੀ।
ਪੂਜਾ ਜਦੋਂ ਵੀ ਚਾਂਦ ਨੂੰ ਮਿਲਣ ਜਾਂਦੀ ਤਾਂ ਉਸ ਨੂੰ ਚਾਂਦ ਦੀ ਹਾਲਤ ਵੇਖ ਕੇ ਬਹੁਤ ਤਰਸ ਆਉਂਦਾ ਅਤੇ ਜੋ ਵੀ ਬਣ ਸਕਦਾ, ਉਹ ਉਸ ਦੀ ਮਦਦ ਕਰਦੀ ਸੀ। ਪੂਜਾ ਨੇ ਕਈ ਵਾਰ ਚਾਂਦ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਘਰ ਬਣਾਉਣ ਲਈ ਸਾਰੀ ਮਿਹਨਤ ਉਸ ਨੇ ਕੀਤੀ ਹੈ। ਉਸ ਨੂੰ ਆਪਣਾ ਹੱਕ ਮੰਗਣਾ ਚਾਹੀਦਾ ਹੈ, ਜੇ ਹੋ ਸਕੇ ਤਾਂ ਅਦਾਲਤ ਦਾ ਸਹਾਰਾ ਲੈਣਾ ਚਾਹੀਦਾ ਹੈ, ਪਰ ਚਾਂਦ ਨਹੀਂ ਮੰਨੀ, ਹਾਲਾਂਕਿ ਸਰਕਾਰੀ ਕਾਨੂੰਨ ਅਨੁਸਾਰ ਲੜਕੀਆਂ ਨੂੰ ਬਰਾਬਰ ਦਾ ਹਿੱਸਾ ਮਿਲ ਸਕਦਾ ਹੈ। ਚਾਂਦ ਕਹਿੰਦੀ ਸੀ ਕਿ ਜਦੋਂ ਰੱਬ ਨੇ ਉਸ ਨੂੰ ਕੁਝ ਨਹੀਂ ਦਿੱਤਾ, ਇਸ ਲਈ ਜੋ ਹੈ ਉਹ ਉਸ ਵਿੱਚ ਖੁਸ਼ ਹੈ। ਉਹ ਕਹਿੰਦੀ ਸੀ ਕਿ ਘੱਟੋ ਘੱਟ ਮੇਰੇ ਭਰਾ ਤਾਂ ਇਸ ਹਾਲਤ ਵਿੱਚ ਖੁਸ਼ ਹਨ, ਜਿਨ੍ਹਾਂ ਨੂੰ ਉਸ ਨੇ ਬੱਚਿਆਂ ਵਾਂਗ ਪਾਲਿਆ ਹੈ। ਮੈਨੂੰ ਪੈਨਸ਼ਨ ਮਿਲਦੀ ਹੈ, ਜਿਸ ਵਿੱਚ ਗੁਜ਼ਾਰਾ ਹੋ ਜਾਂਦਾ ਹੈ। ਮੈਨੂੰ ਹੋਰ ਪੈਸੇ ਦੀ ਕੋਈ ਲੋੜ ਨਹੀਂ। ਮੈਨੂੰ ਹੋਰ ਪੈਸੇ ਜਾਂ ਕਿਸੇ ਚੀਜ਼ ਦਾ ਲਾਲਚ ਨਹੀਂ। ਉਸ ਦੀ ਇਹ ਗੱਲ ਸੁਣ ਕੇ ਪੂਜਾ ਸੋਚਣ ਲੱਗ ਪਈ ਕਿ ਲੋਕ ਆਵੇਂ ਹੀ ਲੜਕਾ ਜੰਮਣ ਲਈ ਮੰਨਤਾਂ ਮੰਗਦੇ ਰਹਿੰਦੇ ਹਨ। ਬੇਟੀਆਂ ਵੀ ਆਪਣੀ ਜ਼ਿੰਮੇਵਾਰੀ ਤੇ ਫਰਜ਼ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ।