ਬੇਘਰੇ ਸੀਨੀਅਰ ਸੈਨਿਕਾਂ ਦੀ ਗਿਣਤੀ ਵਿੱਚ ਸਾਲ ਦਰ ਸਾਲ ਹੋ ਰਿਹਾ ਹੈ ਵਾਧਾ

*ਸਤੰਬਰ ਤੱਕ ਅਜਿਹੇ ਸੈਨਿਕਾਂ ਦੀ ਗਿਣਤੀ 770 ਦਰਜ ਕੀਤੀ ਗਈ

ਓਟਵਾ, 8 ਨਵੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਦੇ ਰਡਾਰ ਉੱਤੇ ਬੇਘਰ ਸੀਨੀਅਰ ਸੈਨਿਕਾਂ ਦੀ ਗਿਣਤੀ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਇਸ ਸਮੇਂ ਸਤੰਬਰ ਦੇ ਮਹੀਨੇ ਤੱਕ ਅਜਿਹੇ ਸੈਨਿਕਾਂ ਦੀ ਗਿਣਤੀ 770 ਦਰਜ ਕੀਤੀ ਗਈ। ਹੁਣ ਜਦੋਂ ਰਿਮੈਂਬਰੈਂਸ ਡੇਅ ਆਉਣ ਵਾਲਾ ਹੈ, ਅਜਿਹੇ ਵਿੱਚ ਇਸ ਹਫਤੇ ਹਾਊਸ ਆਫ ਕਾਮਨਜ਼ ਵਿੱਚ ਦਾਖਲ ਕਰਵਾਏ ਗਏ ਦਸਤਾਵੇਜ਼ਾਂ ਵਿੱਚ ਬੇਘਰੇ ਕੈਨੇਡੀਅਨ ਸੀਨੀਅਰ ਸੈਨਿਕਾਂ ਲਈ ਆਸ ਦੀ ਕਿਰਨ ਬੱਝੀ ਹੈ। ਵੈਟਰਨਜ਼ ਦੇ ਇੱਕ ਗਰੁੱਪ ਅਨੁਸਾਰ ਇਹ ਅੰਕੜੇ ਹਕੀਕਤ ਹੀ ਬਿਆਨ ਕਰਦੇ ਹਨ ਤੇ ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਵੈਟਰਨਜ਼ ਅਫੇਅਰਜ਼ ਕੈਨੇਡਾ ਅਨੁਸਾਰ ਬੇਘਰੇ ਸੀਨੀਅਰ ਸੈਨਿਕਾਂ ਦੀ ਗਿਣਤੀ ਵਿੱਚ ਸਾਲ 2015 ਤੋਂ ਵਾਧਾ ਹੋਣਾ ਸ਼ੁਰੂ ਹੋਇਆ। ਪਹਿਲੀ ਜਨਵਰੀ,2015 ਨੂੰ ਵਿਭਾਗ ਨੇ ਸਰਕਾਰੀ ਰਿਕਾਰਡ ਮੁਤਾਬਕ 475 ਅਜਿਹੇ ਮਾਮਲਿਆਂ ਦੀ ਜਾਣਕਾਰੀ ਹੋਣ ਦੀ ਪੁਸ਼ਟੀ ਕੀਤੀ, ਪਹਿਲੀ ਜਨਵਰੀ 2016 ਤੱਕ ਇਹ ਅੰਕੜਾ 578 ਤੱਕ ਅੱਪੜ ਗਿਆ ਤੇ ਪਹਿਲੀ ਜਨਵਰੀ, 2017 ਨੂੰ ਕੈਨੇਡਾ ਵਿੱਚ 687 ਬੇਘਰੇ ਸੀਨੀਅਰ ਸੈਨਿਕ ਰਿਕਾਰਡ ਕੀਤੇ ਗਏ। ਇਸੇ ਸਾਲ ਭਾਵ ਸਤੰਬਰ 2017 ਤੱਕ ਇਹ ਅੰਕੜਾ 770 ਤੱਕ ਅੱਪੜ ਚੁੱਕਿਆ ਹੈ। ਵੈਟਰਨਜ਼ ਐਮਰਜੰਸੀ ਟਰਾਂਸਿਸ਼ਨ ਸਰਵਿਸਿਜ਼ ਕੈਨੇਡਾ (ਵੈਟਸ ਕੈਨੇਡਾ) ਦੀ ਚੇਅਰ ਤੇ ਸਹਿ-ਬਾਨੀ ਡੈਬੀ ਲੋਥਰ ਨੇ ਆਖਿਆ ਕਿ ਅਸੀਂ ਵੀ ਇਹੋ ਮੰਨ ਕੇ ਚੱਲ ਰਹੇ ਹਾਂ ਕਿ ਇਹ ਸਮੱਸਿਆ ਇਸ ਸਮੇਂ ਕਾਫੀ ਵੱਧ ਚੁੱਕੀ ਹੈ। ਵੈਟਸ ਕੈਨੇਡਾ ਅਜਿਹੀ ਵਾਲੰਟੀਅਰ ਸੰਸਥਾ ਹੈ ਜਿਹੜੀ ਬੇਘਰੇ ਸੀਨੀਅਰ ਸੈਨਿਕਾਂ ਦੀ ਪਛਾਣ ਕਰਨ ਤੇ ਉਨ੍ਹਾਂ ਦੀ ਸਹਾਇਤਾ ਕਰਨ ਦਾ ਕੰਮ ਕਰਦੀ ਹੈ। ਲੋਥਰ ਨੇ ਇਹ ਵੀ ਆਖਿਆ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ ਤੇ ਇਸ ਵਿੱਚ ਅਜੇ ਹੋਰ ਵਾਧਾ ਹੋਣ ਦਾ ਖਦਸ਼ਾ ਹੈ।ਜਿਨ੍ਹਾਂ ਪ੍ਰੋਵਿੰਸਾਂ ਵਿੱਚ ਬੇਘਰੇ ਸੀਨੀਅਰ ਸੈਨਿਕਾਂ ਦੀ ਗਿਣਤੀ ਸੱਭ ਤੋਂ ਵੱਧ ਹੈ ਉਹ ਹਨ ਓਨਟਾਰੀਓ, ਜਿੱਥੇ ਪਹਿਲੀ ਸਤੰਬਰ, 2017 ਤੱਕ 285 ਬੇਘਰੇ ਸੀਨੀਅਰ ਸੈਨਿਕ ਸਨ, ਬ੍ਰਿਟਿਸ਼ ਕੋਲੰਬੀਆ ਜਿੱਥੇ ਇਹ ਗਿਣਤੀ 147 ਪਾਈ ਗਈ ਤੇ ਅਲਬਰਟਾ ਵਿੱਚ ਇਹ ਗਿਣਤੀ 134 ਰਹੀ। 64 ਅਜਿਹੇ ਬੇਘਰੇ ਸੀਨੀਅਰ ਸੈਨਿਕ ਹਨ ਜਿਨ੍ਹਾਂ ਦੀ ਲੋਕੇਸ਼ਨ ਬਾਰੇ ਹੀ ਪਤਾ ਨਹੀਂ ਹੈ। ਦਸਤਾਵੇਜ਼ਾਂ ਵਿੱਚ ਵੈਟਰਨਜ਼ ਅਫੇਅਰਜ਼ ਕੈਨੇਡਾ ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ ਵਿਭਾਗ ਸਿਰਫ ਉਨ੍ਹਾਂ ਬੇਘਰੇ ਸੀਨੀਅਰ ਸੈਨਿਕਾਂ ਨੂੰ ਹੀ ਇਸ ਮਾਮਲੇ ਵਿੱਚ ਗਿਣ ਸਕਦਾ ਹੈ ਜਿਹੜੇ ਬੇਘਰ ਹੋਣ ਮਗਰੋਂ ਆਪਣੀ ਸ਼ਨਾਖ਼ਤ ਆਪ ਦੱਸਦੇ ਹਨ ਤੇ ਸੇਵਾਵਾਂ ਹਾਸਲ ਕਰਨ ਲਈ ਵਿਭਾਗ ਕੋਲ ਆਪਣਾ ਨਾਂ ਦਰਜ ਕਰਵਾਉਂਦੇ ਹਨ। ਵੈਟਰਨਜ਼ ਅਫੇਅਰਜ਼ ਮੰਤਰੀ ਸੀਮਸ ਓ’ਰੀਗਨ ਦਾ ਕਹਿਣਾ ਹੈ ਕਿ ਬੇਘਰੇ ਸੀਨੀਅਰ ਸੈਨਿਕਾਂ ਦਾ ਅੰਕੜਾ ਭਾਵੇਂ ਕਿੰਨਾਂ ਵੀ ਹੋਵੇ ਇਹ ਸਵੀਕਾਰ ਕਰਨ ਯੋਗ ਨਹੀਂ ਹੈ। ਮੰਤਰੀ ਦਾ ਕਹਿਣਾ ਹੈ ਕਿ ਬੇਘਰੇ ਸੀਨੀਅਰ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਇਸ ਲਈ ਵੀ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਭਣ ਦੀਆਂ ਲਗਾਤਾਰ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਹਨ ਤੇ ਫਿਰ ਉਨ੍ਹਾਂ ਨੂੰ ਫੈਡਰਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਓ’ਰੀਗਨ ਨੇ ਵੈਟਸ ਕੈਨੇਡਾ ਨਾਲ ਭਾਈਵਾਲੀ ਸਿਰ ਇਸ ਦਾ ਸਿਹਰਾ ਬੰਨ੍ਹਿਆ। 2017 ਦੇ ਬਜਟ ਵਿੱਚ ਚਾਰ ਸਾਲਾਂ ਦੇ ਅਰਸੇ ਵਿੱਚ ਵੈਟਰਨਜ਼ ਲਈ 4 ਮਿਲੀਅਨ ਡਾਲਰ ਦਾ ਐਮਰਜੰਸੀ ਫੰਡ ਵੀ ਰੱਖਿਆ ਗਿਆ। ਇਹ ਉਨ੍ਹਾਂ ਦੀਆਂ ਆਮ ਲੋੜਾਂ ਜਿਵੇਂ ਸੈ਼ਲਟਰ ਤੇ ਭੋਜਨ ਆਦਿ ਲਈ ਸੀ।