ਬੇਘਰੇ ਲੋਕਾਂ ਨੂੰ ਹਾਊਸਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਿਬਰਲਾਂ ਨੇ ਅਹਿਮ ਪ੍ਰੋਗਰਾਮ ਵਿੱਚ ਕੀਤੀ ਤਬਦੀਲੀ

ਟੋਰਾਂਟੋ, 11 ਜੂਨ (ਪੋਸਟ ਬਿਊਰੋ) : ਸੋਸ਼ਲ ਡਿਵੈਲਪਮੈਂਟ ਮੰਤਰੀ ਜੀਨ ਯਵੇਸ ਡਕਲਸ ਨੇ ਅੱਜ ਬੇਘਰੇ ਲੋਕਾਂ ਦੀ ਮਦਦ ਲਈ ਅਹਿਮ ਪ੍ਰੋਗਰਾਮ ਵਿੱਚ ਤਬਦੀਲੀਆਂ ਦਾ ਖੁਲਾਸਾ ਕੀਤਾ। ਇਸ ਪ੍ਰੋਗਰਾਮ ਲਈ ਅਗਲੇ ਦਹਾਕੇ ਵਾਸਤੇ ਰਾਖਵੇਂ ਰੱਖੇ ਗਏ 2.1 ਬਿਲੀਅਨ ਡਾਲਰ ਦੇ ਫੰਡ ਸਬੰਧੀ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕੁੱਝ ਹੱਦ ਤੱਕ ਸਫਲਤਾ ਹਾਸਲ ਕਰਨ ਦੇ ਬਾਵਜੂਦ ਇਸ ਪ੍ਰੋਗਰਾਮ ਦੀ ਕਾਫੀ ਨੁਕਤਾਚੀਨੀ ਹੋਈ। ਇਸ ਦੀ ਰਿਪੋਰਟਿੰਗ ਦਾ ਸਿਸਟਮ ਸਹੀ ਨਾ ਹੋਣ ਕਾਰਨ ਤੇ ਇਸ ਦਾ ਟੀਚਾ ਬਹੁਤ ਹੱਦ ਤੱਕ ਸੀਮਤ ਹੋਣ ਕਾਰਨ ਇਹ ਹੋਇਆ ਦੱਸਿਆ ਜਾਂਦਾ ਹੈ। ਸਰਕਾਰ ਹੁਣ ਨਤੀਜਿਆਂ ਦੇ ਆਧਾਰ ਵਾਲੀ ਪਹੁੰਚ ਅਪਨਾਉਣ ਵੱਲ ਧਿਆਨ ਦੇ ਰਹੀ ਹੈ ਤੇ ਉਸ ਤੋਂ ਉਮੀਦ ਵੀ ਇਹੋ ਕੀਤੀ ਜਾਂਦੀ ਹੈ। ਇਸ ਲਈ ਹੁਣ ਸਰਕਾਰ ਸਮੇਂ ਦੇ ਹਿਸਾਬ ਨਾਲ ਫੰਡ ਜਾਰੀ ਕਰਨ ਦੀ ਥਾਂ ਨਤੀਜਿਆਂ ਉੱਤੇ ਅਧਾਰਤ ਪਹੁੰਚ ਲਈ ਹੀ ਪੈਸੇ ਮੁਹੱਈਆ ਕਰਾਵੇਗੀ।
ਹੁਣ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਬੇਘਰੇ ਲੋਕਾਂ ਨੂੰ ਹਾਊਸਿੰਗ ਤੇ ਸਬੰਧਤ ਸੇਵਾਵਾਂ ਤੁਰੰਤ ਮੁੱਹਈਆ ਕਰਵਾਈਆਂ ਜਾਣ ਨਾ ਕਿ ਪਹਿਲਾਂ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਆਖਿਆ ਜਾਵੇ। ਟੋਰਾਂਟੋ ਵਿੱਚ ਹੋਇਆ ਇਹ ਐਲਾਨ ਕੌਮੀ ਗਰੀਬੀ ਘਟਾਉਣ ਦੀ ਰਣਨੀਤੀ ਦਾ ਹੀ ਹਿੱਸਾ ਹੈ। ਲਿਬਰਲਾਂ ਵੱਲੋਂ ਅਗਲੇ ਸਾਲ ਤੱਕ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।