ਬੇਅੰਤ ਸਿੰਘ ਕਤਲ ਕੇਸ ਵਿੱਚ ਆਖਰੀ ਗਵਾਹ ਪੇਸ਼ ਕਰਨ ਦਾ ਹੁਕਮ

Fullscreen capture 8122017 52403 PMਚੰਡੀਗੜ੍ਹ, 12 ਅਗਸਤ, (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਅੱਜ ਬੁੜੈਲ ਜੇਲ੍ਹ ਵਿੱਚ ਲੱਗੀ ਵਿਸ਼ੇਸ਼ ਅਦਾਲਤ ਵਿੱਚ ਸੀ ਬੀ ਆਈ ਇੰਸਪੈਕਟਰ ਏ ਪੀ ਚੰਦਰਾ ਦੇ ਬਿਆਨ ਦਰਜ ਹੋਏ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਇੰਸਪੈਕਟਰ ਏ ਪੀ ਚੰਦਰਾ ਨੇ ਕਿਹਾ ਕਿ ਉਸ ਨੂੰ ਅਸਿਸਟੈਂਟ ਜਾਂਚ ਅਧਿਕਾਰੀ ਵਜੋਂ 5 ਸਤੰਬਰ 1995 ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਕੰਮ ਇਸ ਕੇਸ ਦੀ ਜਾਂਚ ਦੌਰਾਨ ਮੁੱਖ ਜਾਂਚ ਅਧਿਕਾਰੀ ਆਰ ਐਸ ਪੂਨੀਆਂ ਦੀ ਸਹਾਇਤਾ ਕਰਨਾ ਸੀ। ਉਨ੍ਹਾਂ ਦੱਸਿਆ ਕਿ ਉਹ ਇੰਸਪੈਕਟਰ ਓਮ ਪ੍ਰਕਾਸ਼ ਦੇ ਨਾਲ ਮਨੁੱਖੀ ਬੰਬ ਬਣ ਚੁੱਕੇ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਤੇ ਭਰਾ ਚਮਕੌਰ ਸਿੰਘ ਨੂੰ ਦਿਲਾਵਰ ਸਿੰਘ ਦੇ ਸਰੀਰ ਦੇ ਹਿੱਸਿਆਂ ਦੀ ਪਛਾਣ ਕਰਨ ਲਈ ਪੀ ਜੀ ਆਈ ਵਿੱਚ ਲਿਆਏ ਸਨ ਤੇ ਦੋਵਾਂ ਨੇ ਉਸ ਸਮੇਂ ਪਛਾਣ ਕੀਤੀ ਸੀ, ਜਿਸ ਦੀ ਪੁਸ਼ਟੀ ਕਰਨ ਲਈ ਮੀਮੋ ਬਣਾ ਕੇ ਮੁੱਖ ਜਾਂਚ ਅਧਿਕਾਰੀ ਆਰ ਐਸ ਪੁਨੀਆ ਨੂੰ ਸੌਂਪ ਦਿੱਤੀ ਸੀ।
ਇਸ ਦੌਰਾਨ ਅੱਜ ਅਦਾਲਤ ਨੇ ਸੀ ਬੀ ਆਈ ਨੂੰ ਨਿਰਦੇਸ਼ ਦਿੱਤੇ ਕੇ ਇਸ ਕੇਸ ਦੇ ਆਖ਼ਰੀ ਗਵਾਹ ਡੀ ਐਨ ਏ ਐਕਸਪਰਟ ਹੈਦਰਾਬਾਦ ਦੇ ਡਾ. ਲਾਲਜੀਤ ਦੀ ਗਵਾਹੀ ਲਈ ਉਨ੍ਹਾਂ ਦੀ ਮੌਜੂਦਗੀ ਯਕੀਨੀ ਕੀਤੀ ਜਾਵੇ। ਅਦਾਲਤ ਨੇ ਹੁਕਮ ਦਿੱਤਾ ਕਿ 20 ਅਗਸਤ ਤੱਕ ਡਾ. ਲਾਲਜੀਤ ਦੇ ਅਦਾਲਤ ਵਿਚ ਪੇਸ਼ ਹੋਣ ਬਾਰੇ ਸੀ ਬੀ ਆਈ ਸਟੇਟਸ ਰਿਪੋਰਟ ਪੇਸ਼ ਕਰੇ, ਜਿਸ ਵਿੱਚ ਦੱਸਿਆ ਜਾਵੇ ਕਿ ਡਾ. ਲਾਲਜੀਤ ਖ਼ੁਦ ਅਦਾਲਤ ਵਿਚ ਆ ਸਕਦੇ ਹਨ ਜਾਂ ਵੀਡੀਓ ਕਾਨਫ਼ਰੰਸ ਰਾਹੀ ਪੇਸ਼ ਹੋ ਸਕਦੇ ਹਨ। ਇਸ ਕੇਸ ਦੀ ਅਗਲੀ ਸੁਣਵਾਈ 24 ਅਗਸਤ ਨੂੰ ਹੋਵੇਗੀ।