ਬੇਅਵਿਊ ਵਿਲੇਜ ਵਿੱਚ ਗੋਲੀ ਦਾ ਸਿ਼ਕਾਰ ਹੋਏ ਵਿਅਕਤੀ ਦੀ ਮੌਤ

ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਬੇਅਵਿਊ ਵਿਲੇਜ ਵਿੱਚ ਚੱਲੀ ਗੋਲੀ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ।
ਵੀਰਵਾਰ ਦੇਰ ਰਾਤ ਨੂੰ ਬੇਅਵਿਊ ਤੇ ਫਿੰਚ ਐਵਨਿਊਜ਼ ਨੇੜੇ ਬਰਬੈਂਕ ਡਰਾਈਵ ਤੇ ਕੈਨੇਰੀ ਕ੍ਰੀਸੈਂਟ ਇਲਾਕੇ ਨੇੜੇ ਇੱਕ ਘਰ ਵਿੱਚ ਇਹ ਗੋਲੀ ਚੱਲੀ। ਜਦੋਂ ਐਮਰਜੰਸੀ ਅਮਲਾ ਮੌਕੇ ਉੱਤੇ ਪਹੁੰਚਿਆ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਤੇ ਉਸ ਦੇ ਗੋਲੀ ਲੱਗੀ ਹੋਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਸੋਮਵਾਰ ਸਵੇਰੇ ਪੁਲਿਸ ਨੇ ਦੱਸਿਆ ਕਿ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਸ ਵਿਅਕਤੀ ਨੇ ਦਮ ਤੋੜ ਦਿੱਤਾ।
ਇਸ ਮਾਮਲੇ ਦੀ ਜਾਂਚ ਹੋਮੀਸਾਈਡ ਯੂਨਿਟ ਨੇ ਆਪਣੇ ਹੱਥ ਲੈ ਲਈ ਹੈ। ਪੁਲਿਸ ਨੇ ਦੱਸਿਆ ਕਿ ਉਹ ਇਸ ਮਾਮਲੇ ਨਾਲ ਸਬੰਧਤ ਇੱਕ ਕਾਲੇ ਰੰਗ ਦੀ ਐਸਯੂਵੀ ਦੀ ਭਾਲ ਕਰ ਰਹੀ ਹੈ। ਇਸ ਗੱਡੀ ਦੀ ਪਛਾਣ 2017 ਮਾਡਲ ਦੀ ਕਾਲੇ ਰੰਗ ਦੀ ਜੀਪ ਗ੍ਰੈਂਡ ਚਿਰੋਕੀ ਵਜੋਂ ਹੋਈ ਹੈ ਜਿਸ ਉੱਤੇ ਸੀਏਡੀਐਨ 350 ਨੰਬਰ ਦੀ ਲਾਇਸੰਸ ਪਲੇਟ ਲੱਗੀ ਹੋਈ ਹੈ।
ਪੁਲਿਸ ਨੇ ਪਹਿਲਾਂ ਇਹ ਆਖਿਆ ਸੀ ਕਿ ਗੱਡੀ ਦਾ ਡਰਾਈਵਰ ਹਥਿਆਰਬੰਦ ਹੈ ਤੇ ਉਹ ਖਤਰਨਾਕ ਹੋ ਸਕਦਾ ਹੈ। ਜੇ ਕਿਸੇ ਨੂੰ ਵੀ ਇਹ ਗੱਡੀ ਨਜ਼ਰ ਆਵੇ ਤਾਂ ਤੁਰੰਤ 911 ਉੱਤੇ ਕਾਲ ਕੀਤੀ ਜਾਵੇ। ਪੁਲਿਸ ਨੇ ਇਸ ਮਾਮਲੇ ਵਿੱਚ ਹਲਾਕ ਹੋਏ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ।