ਬੀਸੀ ਵਿੱਚ ਹਾਈਕਿੰਗ ਕਰ ਰਹੇ ਗਰੁੱਪ ਦੇ ਪੰਜ ਮੈਂਬਰ ਪਹਾੜੀ ਤੋਂ ਡਿੱਗ ਕੇ ਹਲਾਕ

2d0b067d660cef3ba6462c283d5442a1ਲਾਇਨਜ਼ ਬੇਅ, ਬੀਸੀ, 9 ਅਪਰੈਲ (ਪੋਸਟ ਬਿਊਰੋ) : ਵੈਨਕੂਵਰ ਦੇ ਉੱਤਰ ਵੱਲ ਪਹਾੜੀਆਂ ਉੱਤੇ ਚੜ੍ਹਾਈ ਕਰ ਰਹੇ ਹਾਈਕਰਜ਼ ਉੱਤੇ ਉਸ ਸਮੇਂ ਮੁਸੀਬਤ ਦਾ ਪਹਾੜ ਟੁੱਟ ਪਿਆ ਜਦੋਂ ਉਹ ਬਰਫ ਦੀ ਪਤਲੀ ਤੇ ਅਸਥਿਰ ਪਰਤ ਨੂੰ ਪਾਰ ਕਰਦੇ ਸਮੇਂ ਉਸ ਦੇ ਟੁੱਟ ਜਾਣ ਕਾਰਨ 500 ਮੀਟਰ ਹੇਠਾਂ ਜਾ ਡਿੱਗੇ। ਇਹ ਜਾਣਕਾਰੀ ਐਤਵਾਰ ਨੂੰ ਸਰਚ ਮੈਨੇਜਰ ਵੱਲੋਂ ਦਿੱਤੀ ਗਈ।

ਮਾਰਟਿਨ ਕੌਲਵੈੱਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਊਂਟ ਹਾਰਵੇ ਦੇ ਤਲ ਤੋਂ ਚਾਰ ਲਾਸ਼ਾਂ ਮਿਲਣ ਤੋਂ ਕਈ ਘੰਟਿਆਂ ਬਾਅਦ ਪੰਜਵੀਂ ਲਾਸ਼ ਵੀ ਉਨ੍ਹਾਂ ਨੂੰ ਲੱਭ ਗਈ। ਦਿਨ ਵੇਲੇ ਲਾਇਨਜ਼ ਬੇਅ ਵਿੱਚ ਸਰਚ ਹੈੱਡਕੁਆਰਟਰਜ਼ ਵਿਖੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਨੂੰ ਵੱਡੀ ਤ੍ਰਾਸਦੀ ਦੱਸਿਆ। ਕੌਲਵੈੱਲ ਨੇ ਦੱਸਿਆ ਕਿ ਸਰਚ ਤੇ ਰੈਸਕਿਊ ਅਮਲੇ ਨੂੰ ਸ਼ਨਿੱਚਰਵਾਰ ਦੁਪਹਿਰ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ।

ਹਾਈਕਰਜ਼ ਦਾ ਛੇਵਾਂ ਸਾਥੀ ਉਨ੍ਹਾਂ ਤੋਂ ਕਾਫੀ ਪਿੱਛੇ ਰਹਿ ਗਿਆ ਸੀ ਤੇ ਜਦੋਂ ਉਹ ਪਹਾੜੀ ਦੀ ਚੋਟੀ ਉੱਤੇ ਪਹੁੰਚਿਆ ਤਾਂ ਪੰਜ ਹੋਰ ਹਾਈਕਰਜ਼ ਲਾਪਤਾ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਚੋਟੀ ਵੱਲ ਬਾਕੀ ਹਾਈਕਰਜ਼ ਵੱਲੋਂ ਛੱਡੇ ਟਰੈਕ ਤਾਂ ਸਨ ਪਰ ਬਰਫ ਟੁੱਟਣ ਦਾ ਕੋਈ ਨਿਸ਼ਾਨ ਨਹੀਂ ਸੀ। ਉਸ ਨੇ ਦੱਸਿਆ ਕਿ ਇੰਜ ਲੱਗ ਰਿਹਾ ਸੀ ਕਿ ਹਾਈਕਰਜ਼ ਦਾ ਗਰੁੱਪ ਐਨ ਕਿਨਾਰੇ ਵੱਲ ਚਲਾ ਗਿਆ ਸੀ ਤੇ ਉਹ ਬਰਫ ਅਜੇ ਤਾਜ਼ਾ ਹੀ ਡਿੱਗੀ ਹੋਵੇਗੀ ਜਿਸ ਕਾਰਨ ਉਹ ਟੁੱਟ ਗਈ ਹੋਵੇਗੀ ਤੇ ਉਹ ਹੇਠਾਂ ਡਿੱਗ ਗਏ ਹੋਣਗੇ। ਇਹ ਸੱਭ ਬਹੁਤ ਹੀ ਖਤਰਨਾਕ ਰਿਹਾ ਹੋਵੇਗਾ।
ਕੋਲਵੈੱਲ ਨੇ ਦੱਸਿਆ ਕਿ ਜਿਊਂਦੇ ਬਚੇ ਹਾਈਕਰ ਨੇ ਉਸ ਪਗਡੰਡੀ ਉੱਤੇ ਜਾ ਰਹੇ ਇੱਕ ਹੋਰ ਵਿਅਕਤੀ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਤੇ ਫਿਰ ਉਸ ਨੇ ਪੁਲਿਸ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ। ਸਰਚਰਜ਼ ਨੇ ਹੈਲੀਕਾਪਟਰ ਰਾਹੀਂ ਗਰੁੱਪ ਦੇ ਲੰਮੇਂ ਟਰੈਕ ਤੋਂ ਬਾਅਦ ਪਏ ਮਲਬੇ ਨੂੰ ਲੱਭ ਲਿਆ। ਕੋਲਵੈੱਲ ਨੇ ਦੱਸਿਆ ਕਿ ਪੰਜ ਹਾਈਕਰਜ਼ ਤਾਂ ਬੀਸੀ ਦੇ ਲੋਅਰ ਮੇਨਲੈਂਡ ਤੋਂ ਸਨ ਤੇ ਉਹ ਨਿਯਮਿਤ ਤੌਰ ਉੱਤੇ ਹਾਈਕਿੰਗ ਕਰਨ ਵਾਲੇ ਗਰੁੱਪ ਦਾ ਹਿੱਸਾ ਸਨ।
ਹਾਈਕਰਜ਼ ਦੇ ਜਿਊਂਦੇ ਬਚੇ ਸਾਥੀ ਨੂੰ ਅਜੇ ਵੀ ਇਸ ਘਟਨਾ ਉੱਤੇ ਯਕੀਨ ਨਹੀਂ ਹੈ ਪਰ ਉਸ ਨੇ ਸਰਚ ਟੀਮ ਨੂੰ ਬਹੁਤ ਕੀਮਤੀ ਜਾਣਕਾਰੀ ਦਿੱਤੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਰਚ ਹੈੱਡਕੁਆਰਟਰ ਦੇ ਨੇੜੇ ਸਥਾਨਕ ਲਾਇਬ੍ਰੇਰੀ ਕੋਲ ਆਪਣੇ ਪਿਆਰਿਆਂ ਦੀ ਖਬਰਸਾਰ ਲਈ ਇੱਕਠੇ ਹੋਏ। ਅਜੇ ਤੱਕ ਮ੍ਰਿਤਕਾਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।