ਬੀਰ ਦਵਿੰਦਰ ਨੇ ਕਿਹਾ: ਅਕਾਲੀ ਦਲ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੋਹ ਕਿਉਂ ਭੰਗ ਹੋ ਗਿਐ

bir davinder singh
ਪਟਿਆਲਾ, 12 ਸਤੰਬਰ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕਿ ਉਸ ਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਤੋਂ ਮੋਹ ਕਿਉਂ ਭੰਗ ਹੋਇਆ ਹੈ? ਇਸ ਦੇ ਪਿੱਛੇ ਆਰ ਐੱਸ ਐੱਸ ਅਤੇ ਭਾਜਪਾ ਦਬਾਅ ਤਾਂ ਨਹੀਂ? ਜਾਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਕਰ ਕੇ ਅਕਾਲੀ ਆਗੂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੋਣ ਤੋਂ ਵੀ ਡਰਨ ਲੱਗੇ ਹਨ?
ਕੱਲ੍ਹ ਇਥੇ ਗੱਲਬਾਤ ਦੌਰਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਵਾਰ ਵੱਲੋਂ ਆਰ ਐੱਸ ਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਈ ਇਹ ਨਵੀਂ ਪਿਰਤ ਸਮੁੱਚੀ ਸਿੱਖ ਕੌਮ ਦਾ ਧਿਆਨ ਮੰਗਦੀ ਹੈ ਕਿ 10 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਪੁਰਬ ਸਮੇਂ ਅਕਾਲੀ ਦਲ ਦੀ ਪੰਥਕ ਕਾਨਫਰੰਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਸਾਲ 1977 ਦੀਆਂ ਵਿਧਾਨ ਸਭਾ ਚੋਣਾਂ ਤੱਕ ਬਤੌਰ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹ ਅਕਾਲੀਆਂ ਦੀਆਂ ਵੱਡੀਆਂ ਪੰਥਕ ਕਾਨਫਰੰਸਾਂ ਵਿੱਚ ਸ਼ਾਮਲ ਹੁੰਦਾ ਰਿਹਾ ਹਾਂ, ਮੈਨੂੰ ਅਕਾਲੀ ਦਲ ਦੀ ਇੱਕ ਵੀ ਅਜਿਹੀ ਪੰਥਕ ਕਾਨਫਰੰਸ ਯਾਦ ਨਹੀਂ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਵਿਸਾਰਿਆ ਗਿਆ ਹੋਵੇ। ਬਾਦਲ ਪਰਵਾਰ ਦਾ ਅਕਾਲੀ ਦਲ ‘ਤੇ ਕਬਜ਼ਾ ਕਰਨ ਅਤੇ ‘ਗੁਰੂ ਕੀਆਂ ਗੋਲਕਾਂ’ ਵਰਤਣ ਵੇਲੇ ਬਾਦਲਾਂ ਦਾ ਅਕਾਲੀ ਦਲ ਧਰਮ ਤੇ ਰਾਜਨੀਤੀ ਦੇ ਇੱਕ ਹੋਣ ਦਾ ਦਾਅਵਾ ਕਰਦਾ ਹੈ, ਪਰ ਜਦੋਂ ਕਾਬਜ਼ ਹੋ ਜਾਵੇ ਤਾਂ ਸਿੱਖੀ ਦੀਆਂ ਧਾਰਮਕ ਅਤੇ ਪੰਥਕ ਰਵਾਇਤਾਂ ਨੂੰ ਜ਼ਾਤੀ ਮੁਫਾਦਾਂ ਲਈ ਪਿੱਠ ਦੇ ਜਾਂਦਾ ਹੈ। ਇਹ ਵਰਤਾਰਾ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਨਹੀਂ। ਇੰਝ ਲੱਗਦਾ ਹੈ ਜਿਵੇਂ ਅਕਾਲੀ ਦਲ ਦੇ ਸਾਰੇ ਕਾਰਕੁਨਾਂ ਦੀਆਂ ‘ਪੰਥਕ ਜ਼ਮੀਰਾਂ’ ਕਿਤੇ ਗਵਾਚ ਗਈਆਂ ਹਨ। ਕੀ ਅਕਾਲੀ ਦਲ ਦੇ ਪ੍ਰਧਾਨ ਦੱਸਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਓਟ-ਆਸਰੇ ਤੋਂ ਬਿਨਾਂ ਤੁਹਾਡਾ ‘ਪੰਥ’ ਕੀ ਹੈ? ਅਕਾਲੀ ਦਲ ਦੀਆਂ ਪੰਥਕ ਕਾਨਫਰੰਸਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਮਨਫੀ ਕਰਨ ਪਿੱਛੇ ਤੁਹਾਡੇ ਕੀ ਮਨਸ਼ੇ ਹਨ? ਕੀ ਤੁਸੀਂ ਦਿੱਲੀ ਦੀ ਹਰਸਿਮਰਤ ਕੌਰ ਬਾਦਲ ਦੀ ਨਿਗੂਣੀ ਵਜ਼ੀਰੀ ਲਈ ਆਰ ਐੱਸ ਐੱਸ ਦੇ ਅੱਗੇ ਆਤਮ ਸਮਰਪਣ ਕਰ ਕੇ ਪੰਥਕ ਰਵਾਇਤਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਤਿਲਾਂਜਲੀ ਦੇ ਦਿੱਤੀ ਹੈ? ਉਨ੍ਹਾਂ ਕਿਹਾ ਕਿ ਦੋ ਦਿਨ ਬਾਦਲਾਂ ਦੇ ਚੈਨਲ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਦੇ ਗੁਰਗੱਦੀ ਪੁਰਬ ਸਮੇਂ ਅਕਾਲੀ ਕਾਨਫਰੰਸ ਵਿੱਚ ਕੀਤੀ ਤਕਰੀਰ ਦਾ ਸਾਰਾ ਸਿੱਧਾ ਪ੍ਰਸਾਰਨ ਮੈਂ ਖੁਦ ਸੁਣਿਆ ਹੈ। ਸੁਖਬੀਰ ਸਿੰਘ ਬਾਦਲ ਨੇ 45 ਮਿੰਟ ਦੀ ਖਡੂਰ ਸਾਹਿਬ ਦੀ ਸਪੀਚ ਵਿੱਚ ਇੱਕ ਵਾਰ ਵੀ ਨਾ ਗੁਰੂ ਅੰਗਦ ਸਾਹਿਬ ਦਾ ਨਾਂਅ ਲਿਆ ਅਤੇ ਨਾ ਗੁਰਗੱਦੀ ਪੁਰਬ ਦੇ ਪ੍ਰਸੰਗ ਦਾ ਜ਼ਿਕਰ ਕੀਤਾ ਹੈ। ਸਾਰੀ ਸਪੀਚ ਵਿੱਚ ਆਪਣੀ ਅਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ‘ਮੈਂ-ਮੈਂ’ ਦਾ ਰਾਗ ਅਲਾਪਦਾ ਰਿਹਾ ਹੈ। ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਪੰਥਕ ਸਫਾਂ ਲਈ ਭਲਾ ਹੋਰ ਕੀ ਹੋ ਸਕਦੀ ਹੈ?