ਬੀਬੇ ਜਿਹੇ ਹੁੰਦੇ ਸਨ ਪੁਰਾਣੇ ਗੈਂਗਸਟਰ

-ਜੋਧ ਸਿੰਘ ਮੋਗਾ
ਮੈਂ 75 ਸਾਲ ਪਹਿਲਾਂ ਦੀ ਗੱਲ ਕਰਨ ਲੱਗਾ ਹਾਂ, ਜਦੋਂ ਦਸਵੀਂ ਦਾ ਇਮਤਿਹਾਨ ਦਿੱਤਾ ਸੀ। ਉਸ ਸਮੇਂ ਪੰਜਾਬੀ ਦਾ ਇਕੋ ਹਫਤਾਵਾਰ ਅਖਬਾਰ ਮੋਗੇ ਆਉਂਦਾ ਸੀ, ਚਰਨ ਸਿੰਘ ਸੁਥਰੇ ਦਾ ‘ਮੌਜੀ’। ਬਾਕੀ ਉਰਦੂ ਭਾਸ਼ਾ ਦੇ ਮਿਲਾਪ, ਪ੍ਰਤਾਪ, ਪਰਭਾਤ ਅਖਬਾਰ ਆਉਂਦੇ ਹੁੰਦੇ ਸਨ। ਅੱਜ ਪੰਜਾਬੀ ਦੇ ਸੱਤ ਅੱਠ ਰੋਜ਼ਾਨਾ ਅਖਬਾਰ ਹਨ। ਇਨ੍ਹਾਂ ਦੀਆਂ ਖਬਰਾਂ ਦੀਆਂ ਸੁਰਖੀਆਂ ਵਿੱਚ ਗੈਂਗਸਟਰ ਸ਼ਬਦ ਵਰਤਿਆ ਹੁੰਦਾ ਹੈ। ਅੰਗਰੇਜ਼ੀ ਦਾ ਸ਼ਬਦ ਗੈਂਗਸਟਰ ਪੰਜਾਬੀ ਅਖਬਾਰਾਂ ਵਿੱਚ ਕਿੱਥੋਂ ਆ ਗਿਆ? ਸ਼ਾਇਦ ਇਸ ਲਈ ਇਕ ‘ਬਦਮਾਸ਼’ ਸ਼ਬਦ ਹੁਣ ਚੰਗਾ ਨਹੀਂ ਲੱਗਦਾ। ਵੈਸੇ ਵੀ ਅੱਜ ਦੇ ਬਦਮਾਸ਼ ਆਪਣੇ ਆਪ ਨੂੰ ‘ਗੈਂਗਸਟਰ’ ਕਹਾਉਣਾ ਵੱਧ ਸਤਿਕਾਰਤ ਸਮਝਦੇ ਹਨ।
ਖੈਰ ਗੱਲ ਮਾਰਚ 1944 ਦੀ ਹੈ, ਗੈਂਗਸਟਰਾਂ ਦੀ। ਮੋਗੇ ਵਿੱਚ ਜਿਸ ਥਾਂ ਅੱਜ ਕੱਲ੍ਹ ਕੈਂਪ ਕੱਪੜਾ ਮਾਰਕੀਟ ਹੈ, ਉਥੇ ਰੇਲਵੇ ਲਾਈਨ ਦੇ ਨੇੜੇ ਮੋਤੀ ਰਾਮ ਦਾ ਬਾਗ ਅਤੇ ਹਲਟੀ ਸੀ। ਉਥੇ ਇਕ ਅਖਾੜਾ ਵੀ ਸੀ, ਜਿਥੇ ਮੋਗੇ ਦੇ ਨੌਜਵਾਨ ਮੁੰਡੇ ਡੰਡ ਬੈਠਕਾਂ ਮਾਰਦੇ, ਮਾਲਸ਼ਾਂ ਕਰਦੇ, ਘੁਲਦੇ, ਹਲਟੀ ਗੇੜ ਕੇ ਨਹਾਉਂਦੇ ਤੇ ਸਰੀਰ ਬਣਾਉਂਦੇ ਸਨ। ਉਸ ਸਮੇਂ ਮੋਗਾ ਛੋਟਾ ਹੀ ਹੁੰਦਾ ਸੀ। ਪੁਰਾਣੇ ਮੋਗੇ ਦਾ ਬੇਬੇ ਭੋਲੀ ਦਾ ਮੁੰਡਾ ‘ਸ਼ੇਰਾ’ ਚੰਗਾ ਜਵਾਨ ਸੀ। ਪੂਰੀ ਲਿਸ਼ਕਦੀ ਟਿੰਡ ਅਤੇ ਤਕੜਾ ਭਲਵਾਨ। ਉਹ ਰੋਜ਼ ਆ ਕੇ ਘੁਲਦਾ, ਪੱਠਿਆਂ ਨੂੰ ਦਾਅ ਦੱਸਦਾ। ਹੁਣ ਦੂਜਿਆਂ ‘ਤੇ ਉਸ ਦੀ ਸਰਦਾਰੀ ਸੀ। ਆਪਣੇ ਆਪ ਨੂੰ ਕੁਝ ਸਮਝਦਾ ਸੀ ਉਹ। ਮੁੰਡੇ ਉਸ ਤੋਂ ਡਰਦੇ ਅਤੇ ਝੇਪ ਖਾਂਦੇ ਸਨ। ਉਹ ਆਪਣੇ ਆਪ ਨੂੰ ‘ਵੱਡਾ ਬਦਮਾਸ਼’ ਅਖਵਾ ਕੇ ਬੜਾ ਖੁਸ਼ ਹੁੰਦਾ, ਜੇ ਅੱਜ ਹੁੰਦਾ ਤਾਂ ਆਪਾਂ ਗੈਂਗਸਟਰ ਆਖਦੇ। ਉਸ ਦਾ ਗਰੁੱਪ ਬਣ ਗਿਆ, ਜਿਸ ਨੂੰ ਮਰਜ਼ੀ ਕੁੱਟ ਦੇਣਾ ਅਤੇ ਆਪਣਾ ਦਬਦਬਾ ਕਾਇਮ ਰੱਖਣਾ।
ਉਸ ਸਮੇਂ ਮੋਗੇ ਤਿੰਨ ਹੀ ਸਕੂਲ ਸਨ, ਆਰੀਆ, ਦੇਵ ਸਮਾਜ ਤੇ ਭੁਪਿੰਦਰਾ ਖਾਲਸਾ। ਚੜਿੱਕ ਵੱਲੋਂ ਵੀ ਪਿੰਡਾਂ ਦੇ ਮੁੰਡੇ ਇਕੱਠੇ ਹੋ ਕੇ ਖਾਲਸਾ ਸਕੂਲ ਪੜ੍ਹਨ ਆਉਂਦੇ ਸਨ। ਉਨ੍ਹਾਂ ਵਿੱਚ ਵੀ ਦੋ ਭਰਾ ਤਕੜੇ ਖਾਂਦੇ ਪੀਂਦੇ ਘਰਾਂ ਦੇ ਹੁੰਦੇ ਸਨ, ਬੜੇ ਖਰਾਟ। ਕੌਡੀ ਦੇ ਵਧੀਆ ਖਿਡਾਰੀ। ਵੱਡਾ ਭਰਾ ਰੱਸੇ ਦੀ ਟੀਮ ਦਾ ਕਪਤਾਨ ਅਤੇ ਸਦਾ ਬੀਂਡੀ ਲੱਗਦਾ। ਹਰ ਮੈਚ ‘ਚ ਝੰਡੀ। ਇਹ ਗੱਲ ਸ਼ੇਰੇ ਨੂੰ ਰੜਕਦੀ ਸੀ ਅਤੇ ਉਹ ਪੂਰੀ ਖਾਰ ਖਾਂਦਾ ਸੀ।
ਮਾਰਚ ਆ ਗਿਆ ਤੇ ਦਸਵੀਂ ਦੇ ਇਮਤਿਹਾਨ ਵੀ। ਉਸ ਸਮੇਂ ਪੰਜਾਬ ਯੂਨੀਵਰਸਿਟੀ, ਲਾਹੌਰ ਵੱਲੋਂ ਸਾਰੇ ਸਕੂਲਾਂ ਦਾ ਇਕੋ ਸੈਂਟਰ ਹੁੰਦਾ ਸੀ, ਡੀ ਐਮ ਕਾਲਜ ਦਾ ਸਾਹਮਣਾ ਹਾਲ। ਪੁਲਸ ਨਕਲ ਰੋਕਣ ਜਾਂ ਕਰਵਾਉਣ ਵਾਸਤੇ ਨਹੀਂ ਸੀ ਹੁੰਦੀ, ਨਕਲ ਦਾ ਰਿਵਾਜ ਹੀ ਨਹੀਂ ਸੀ। ਇਹ ਆਜ਼ਾਦੀ ਮਿਲਣ ਤੋਂ ਮਗਰੋਂ ਸ਼ੁਰੂ ਹੋਇਆ। ਚੜਿੱਕ ਵਾਲੇ ਵੱਡੇ ਭਰਾ ਦਾ ਵੀ ਦਸਵੀਂ ਦਾ ਇਮਤਿਹਾਨ ਸੀ। ਤਿੰਨ ਪਰਚੇ ਹੋ ਚੁੱਕੇ ਸਨ, ਦੋ ਅਜੇ ਬਾਕੀ ਸਨ। ਉਸ ਦਿਨ ਸ਼ੇਰੇ ਨੇ ਵੱਡੇ ਭਰਾ ਨੂੰ ਕਾਲਜ ਨੇੜੇ ਬਰਫ ਦੇ ਕਾਰਖਾਨੇ ਅੱਗੇ ਘੇਰ ਲਿਆ। ਦੋ ਚਾਰ ਗਾਲਾਂ ਅਤੇ ਫੇਰ ਹੱਥੋਪਾਈ। ਮੰੁਡੇ ਨੇ ਹੱਥ ਜੋੜੇ, ਮਿੰਨਤ ਕੀਤੀ, ‘ਬਾਈ, ਮੇਰਾ ਪਰਚਾ ਹੈ, ਜਾਣ ਦੇ।’ ਸ਼ੇਰਾ ਬੀਬਾ ਬਦਮਾਸ਼ ਸੀ, ਕੁਝ ਸੋਚਿਆ ਹੋਵੇਗਾ। ਉਸ ਨੇ ਕਿਹਾ, ‘ਪੁੱਤ ਤੈਨੂੰ ਲੱਤ ਹੇਠੋਂ ਲੰਘਾਉਣਾ ਹੈ, ਵੱਡਾ ਬਦਮਾਸ਼ ਬਣਿਆ ਫਿਰਦਾ ਹੈ।’ ਸ਼ੇਰੇ ਨੇ ਲੱਤ ਉਚੀ ਕੀਤੀ, ਉਹ ਵਿਚਾਰਾ ਸਾਰਿਆਂ ਦੇ ਸਾਹਵੇਂ ਲੱਤ ਹੇਠੋਂ ਦੀ ਲੰਘ ਗਿਆ। ਸ਼ੇਰੇ ਨੇ ਬੜ੍ਹਕ ਮਾਰੀ ਅਤੇ ਮੂੰਹ ਅੱਗੇ ਹੱਥ ਰੱਖ ਕੇ ਬੱਕਰਾ ਬੁਲਾਇਆ। ਗੱਲ ਮੁੱਕੀ। ਮੁੰਡੇ ਨੇ ਪਰਚਾ ਦਿੱਤਾ। ਦੂਜਾ ਪਰਚਾ ਵੀ ਦਿੱਤਾ ਤੇ ਇਮਤਿਹਾਨ ਮੁੱਕਿਆ। ਸ਼ੁਕਰ ਹੋਇਆ, ਪਾਸ ਹੋਣ ਜੋਗਾ ਹੋ ਗਿਆ।
ਹਫਤੇ ਕੁ ਮਗਰੋਂ ਚੜਿੱਕ ਵਾਲਾ ਇਹ ਮੁੰਡਾ ਦੋ ਚਾਰ ਸਾਥੀ ਲੈ ਕੇ ਮੋਗੇ ਆ ਗਿਆ। ਉਨ੍ਹਾਂ ਕੋਲ ਹਾਕੀਆਂ ਹੀ ਸਨ। ਉਹ ਬਲਬੀਰ ਓਲੰਪੀਅਨ ਦਾ ਸਮਾਂ ਸੀ। ਹਾਕੀ ਹੀ ਮੁੱਖ ਖੇਡ ਅਤੇ ਮੁੱਖ ਹਥਿਆਰ ਹੁੰਦੀ ਸੀ। ਅੱਜ ਵਾਂਗ ਗੈਂਗਸਟਰਾਂ ਕੋਲ ਬੇਸਬਾਲ, ਬੈਟ, ਪਿਸਤੌਲ, ਚਾਕੂ, ਕਿਰਪਾਨਾਂ ਅਤੇ ਜੀਪਾਂ ਨਹੀਂ ਸਨ ਹੁੰਦੀਆਂ। ਮੁੰਡਿਆਂ ਨੇ ਫਿਰ ਤੁਰ ਕੇ ਸ਼ੇਰੇ ਨੂੰ ਬਾਜ਼ਾਰ ਵਿੱਚ ਫੜ ਲਿਆ। ਚੜਿੱਕ ਵਾਲੇ ਇਕੱਲੇ ਨੇ ਉਸ ਨੂੰ ਢਾਹ ਲਿਆ। ਚੰਗੀ ਖੜਕਾਈ ਕੀਤੀ ਤੇ ਕਿਹਾ, ‘ਪੁੱਤ ਨਹੀਂ, ਬਾਈ, ਅੱਜ ਤਿੰਨ ਵਾਰੀ ਮੇਰੀ ਲੱਤ ਹੇਠੋਂ ਲੰਘਣਾ ਪੈਣਾ ਹੈ।’ ਤਿੰਨ ਵਾਰੀ ਸ਼ੇਰੇ ਨੂੰ ਲੱਤ ਹੇਠੋਂ ਦੀ ਲੰਘਾਇਆ। ਉਸ ਦੀ ਕਮੀਜ ਅਤੇ ਕੱਛਾ ਲੁਹਾ ਲਿਆ ਅਤੇ ਇਕੱਲੇ ਲਗੋਟ ਸਣੇ ਉਸ ਨੂੰ ਭੱਜਣਾ ਪਿਆ। ਮੁੰਡਿਆਂ ਨੇ ਇਕ ਹਾਕੀ ਉੱਤੇ ਉਸ ਦੀ ਕਮੀਜ਼ ਅਤੇ ਕੱਛਾ ਟੰਗਿਆ, ਫਾਟਕਾਂ ਤੋਂ ਲੈ ਕੇ ਅੱਜ ਦੇ ਦੇਵ ਹੋਟਲ ਤੱਕ ਬਾਜ਼ਾਰ ਵਿੱਚ ਜਲੂਸ ਕੱਢਿਆ ਅਤੇ ਦੱਸਿਆ, ‘ਇਹ ਹੈ ਤੁਹਾਡੇ ਮੋਗੇ ਦੇ ਬਦਮਾਸ਼ ਦਾ ਕੱਛਾ ਤੇ ਝੱਗਾ।’
ਦੱਸਦੇ ਹਨ ਕਿ ਕੁਝ ਦਿਨਾਂ ਮਗਰੋਂ ਮੋਗੇ ਦੇ ਕੁਝ ਸਿਆਣੇ ਬੰਦੇ ਲੈ ਕੇ ਸ਼ੇਰਾ ਚੜਿੱਕ ਗਿਆ, ਸੁਲ੍ਹਾ ਕਰਵਾਈ, ਹੱਥ ਮਿਲਾਏ ਤੇ ਜੱਫੀ ਪਾਈ। ਮੁੜ ਕੇ ਸ਼ੇਰਾ ਮੋਗੇ ਨਹੀਂ ਦਿੱਸਿਆ। ਉਹ ਸਮਾਂ ਐਨਾ ਖਤਰਨਾਕ ਨਹੀਂ ਸੀ। ਗੈਂਗਸਟਰ ਤਾਂ ਸਨ ਪਰ ਨਸ਼ਾਮੁਕਤ। ਘਿਓ ਪੀਂਦੇ ਸਨ, ਮਾਰੂ ਹਥਿਆਰ ਨਹੀਂ ਸਨ ਰੱਖਦੇ। ਉਨ੍ਹਾਂ ਗੈਂਗਸਟਰਾਂ ਅਤੇ ਅੱਜ ਦੇ ਗੈਂਗਸਟਰਾਂ ਦੇ ਕਾਰਿਆਂ ਬਾਰੇ ਪੜ੍ਹ ਸੁਣ ਕੇ ਇਹੋ ਮਹਿਸੂਸ ਹੁੰਦਾ ਹੈ ਕਿ ਬੜੇ ਭਲੇ ਦਿਨ ਸਨ ਉਹ।