ਬਿੱਲ 148: ਵੱਡਿਆਂ ਦੇ ਵਿਵਾਦ ਵਿੱਚ ਆਮ ਆਦਮੀ ਦਾ ਨੁਕਸਾਨ

ਉਂਟੇਰੀਓ ਸਰਕਾਰ ਵੱਲੋਂ ਬੀਤੇ ਦਿਨੀਂ ਪਾਸ ਕੀਤੇ ਗਏ ਬਿੱਲ 148 ਦਾ ਇੱਕ ਅਹਿਮ ਅੰਗ ਘੱਟੋ ਘੱਟ ਤਨਖਾਹ ਦਾ 1 ਜਨਵਰੀ 2018 ਤੋਂ 14 ਡਾਲਰ ਪ੍ਰਤੀ ਘੰਟਾ ਕੀਤਾ ਜਾਣਾ ਸੀ। ਸੁਭਾਵਿਕ ਹੈ ਕਿ ਇਸ ਐਲਾਨ ਨਾਲ ਉਹਨਾਂ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਜਿਹੜੇ ਟਿਮ ਹਾਰਟਨ, ਮੈਕਡੋਨਾਲਡ ਅਤੇ ਇਹੋ ਜਿਹੇ ਹੋਰ ਅਨੇਕਾਂ ਛੋਟੇ ਵੱਡੇ ਅਦਾਰਿਆਂ ਵਿੱਚ ਘੱਟੋ ਘੱਟ ਤਨਖਾਹ ਉੱਤੇ ਕੰਮ ਕਰ ਰਹੇ ਹਨ। ਪਰ ਸਾਢੇ ਗਿਆਰਾਂ ਡਾਲਰ ਤੋਂ 14 ਡਾਲਰ ਪ੍ਰਤੀ ਘੰਟਾ ਦੇ ਯਕਦਮ ਢਾਈ ਡਾਲਰ ਪ੍ਰਤੀ ਘੰਟਾ ਦੇ ਵਾਧੇ ਨੂੰ ਵਿਉਪਾਰੀ ਜਗਤ ਵਰਕਰ ਦੇ ਲਿਹਾਜ਼ ਤੋਂ ਨਹੀਂ ਸਗੋਂ ਆਪਣੇ ਮੁਨਾਫੇ ਜਾਂ ਘਾਟੇ ਦੇ ਲੈਂਜ਼ ਲਗਾ ਕੇ ਵੇਖਦਾ ਹੈ।

ਇਸਦੀ ਇੱਕ ਮਿਸਾਲ ਟਿਮ ਹਾਰਟਨ ਹੈ। ਟਿਮ ਹਾਰਟਨ ਦੇ ਸੰਸਥਾਪਕ ਦੇ ਬੱਚਿਆਂ ਨੇ ਆਪਣੀ ਮਲਕੀਅਤ ਵਾਲੀਆਂ ਟਿਮ ਹਾਰਟਨ ਦੀਆਂ ਦੋ ਲੋਕੇਸ਼ਨਾਂ ਉੱਤੇ ਵਰਕਰਾਂ ਦੇ ਲਾਭਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਕਾਰਣ ਕਿ ਘੱਟੋ ਘੱਟ ਤਨਖਾਹ ਵਿੱਚ ਹੋਏ ਵਾਧੇ ਕਾਰਣ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਟਿਮ ਹਾਰਟਨ ਨੇ ਸਿਹਤ ਲਾਭਾਂ ਵਿੱਚ ਕਟੌਤੀ, ਵਰਦੀਆਂ ਦਾ ਖਰਚਾ ਮੁਲਾਜ਼ਮ ਤੋਂ ਲੈਣਾ, ਕੰਮ ਉੱਤੇ ਮਿਲਣ ਵਾਲੇ ਬਰੇਕਾਂ ਉੱਤੇ ਰੋਕ ਲਾਉਣ ਵਰਗੇ ਕਦਮ ਚੁੱਕੇ ਹਨ। ਇਹ ਕਟੌਤੀਆਂ ਉਂਟੇਰੀਓ ਭਰ ਦੇ ਟਿਮ ਹਾਰਟਨਾਂ ਵਿੱਚ ਲਾਗੂ ਕੀਤੇ ਜਾਣ ਦੇ ਸਮਾਚਾਰ ਮਿਲ ਰਹੇ ਹਨ।

ਕਿਉਂਕਿ ਟਿਮ ਹਾਰਟਨ ਉਹ ਵਿਉਪਾਰ ਹੈ ਜਿਸਦਾ ਨਾਮ ਕੈਨੇਡੀਅਨਾਂ ਦੇ ਮਨ-ਮਸਤਕਾਂ ਉੱਤੇ ਛਾਇਆ ਹੋਇਆ ਹੈ, ਇਸਦਾ ਨੋਟਿਸ ਮੀਡੀਆ ਤੋਂ ਲੈ ਕੇ ਪ੍ਰੀਮੀਅਰ ਕੈਥਲਿਨ ਵਿੱਨ ਤੋਂ ਆਮ ਨਾਗਰਿਕ ਤੱਕ ਸੱਭਨਾਂ ਵੱਲੋਂ ਲਿਆ ਜਾ ਰਿਹਾ ਹੈ। ਜੂਨ 2018 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੀਮੀਅਰ ਵਿੱਨ ਨੇ ਆਪਣਾ ਗੁੱਸਾ ਕੱਢਦੇ ਹੋਏ ਟਿਮ ਹਾਰਟਨ ਦੇ ਕਦਮ ਨੂੰ ਬੁਲਿੰਗ ਭਾਵ ਧੱਕੇਸ਼ਾਹੀ ਦਾ ਨਾਮ ਦਿੱਤਾ ਹੈ। ਪਰ ਕੌੜੀ ਸੱਚਾਈ ਇਹ ਹੈ ਕਿ ਹਰ ਕਿਸਮ ਦੇ ਛੋਟੇ ਵੱਡੇ ਵਿਉਪਾਰ (small businesses) ਵਧੀ ਤਨਖਾਹ ਦੇ ਝੱਟਕੇ ਨੂੰ ਸਹਾਰਨ ਵਾਸਤੇ ਕੰਮ ਦੇ ਘੰਟੇ ਘੱਟ ਕਰਨ, ਲਾਭਾਂ ਵਿੱਚ ਕਟੌਤੀਆਂ ਅਤੇ ਜੌਬਾਂ ਨੂੰ ਘਟਾਉਣ ਵਰਗੇ ਕਦਮ ਚੁੱਕ ਰਹੇ ਹਨ।

ਟਿਮ ਹਾਰਟਨ ਪ੍ਰਤੀ ਪ੍ਰੀਮੀਅਰ ਵਿੱਨ ਦਾ ਪ੍ਰਤੀਕਰਮ ਸਮਝ ਆਉਂਦਾ ਹੈ। ਮੁਮਕਿਨ ਹੈ ਕਿ ਹੁਣ ਕੰਜ਼ਰਵੇਟਿਵ ਪਾਰਟੀ ਨੇਤਾ ਪੈਟਰਿਕ ਬਰਾਊਨ ਆਖਣਗੇ ਕਿ ਉਹ ਤਾਂ ਪਹਿਲਾਂ ਹੀ ਤਨਖਾਹ ਵਿੱਚ ਯਕਦਮ ਵਾਧੇ ਦੀ ਥਾਂ ਤਨਖਾਹ ਵਿੱਚ ਸਹਿਜੇ ਸਹਿਜੇ ਵਾਧਾ ਕਰਨ ਦੇ ਹੱਕ ਵਿੱਚ ਸਨ। ਇਹ ਸਾਰੀਆਂ ਗੱਲਾਂ ਸਿਆਸੀ ਹਨ ਜਿਹਨਾਂ ਦਾ ਆਮ ਉਂਟੇਰੀਓ ਵਾਸੀ ਦੇ ਜੀਵਨ ਨਾਲ ਕੋਈ ਸਿੱਧਾ ਵਾਹ ਵਾਸਤਾ ਨਹੀਂ ਹੈ। ਆਮ ਉਂਟੇਰੀਓ ਵਾਸੀ ਇਸ ਗੱਲ ਤੋਂ ਚਿੰਤਤ ਹੈ ਕਿ ਇਹਨਾਂ ਵੱਡਿਆਂ ਦੇ ਭੇੜ ਵਿੱਚ ਉਸਦੇ ਹਿੱਤਾਂ ਦਾ ਨੁਕਸਾਨ ਹੁੰਦਾ ਹੈ। ਤਨਖਾਹ ਵੱਧਦੀ ਹੈ ਤਾਂ ਤਾਂ ਵਿਚਾਰੇ ਗਰੀਬ ਵਰਗ ਦੇ ਲਾਭ ਅਤੇ ਨੌਕਰੀਆਂ ਘੱਟਦੀਆਂ ਹਨ ਅਤੇ ਜੇ ਤਨਖਾਹ ਨਹੀਂ ਵੱਧਦੀ ਤਾਂ ਘਰ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ। ਇਹ ਐਸੀ ਸਥਿਤੀ ਹੈ ਜਿਸਦਾ ਹੱਲ ਬਹੁਤ ਗੁੰਝਲਦਾਰ ਹੈ।

ਵਰਨਣਯੋਗ ਹੈ ਕਿ ਉਂਟੇਰੀਓ ਵਿੱਚ 1970 ਵਿੱਚ ਘੱਟੋ ਘੱਟ ਤਨਖਾਹ 1 ਡਾਲਰ 50 ਸੈਂਟ ਪ੍ਰਤੀ ਘੰਟਾ ਹੁੰਦੀ ਸੀ। ਜੇਕਰ ਇਸ ਦਰ ਨੂੰ 1970 ਤੋਂ 2017 ਤੱਕ ਵਧੀਆਂ ਦਰਾਂ ਨਾਲ ਮੇਲ ਕਰਕੇ ਵੇਖਿਆ ਜਾਵੇ ਤਾਂ ਇਹ ਤਨਖਾਹ ਵਰਤਮਾਨ ਵਿੱਚ 9 ਡਾਲਰ 64 ਸੈਂਟ ਪ੍ਰਤੀ ਘੰਟਾ ਬਣਨੀ ਸੀ। ਜੇ 2005 ਵਿੱਚ ਘੱਟੋ ਘੱਟ ਤਨਖਾਹ 7 ਡਾਲਰ 45 ਸੈਂਟ ਨੂੰ ਵਧੀਆਂ ਦਰਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਉਂਟੇਰੀਓ ਵਿੱਚ ਅੱਜ ਘੱਟੋ ਘੱਟ ਤਨਖਾਹ 9 ਡਾਲਰ 11 ਸੈਂਟ ਬਣਨੀ ਸੀ। ਇਸ ਹਿਸਾਬ ਨਾਲ ਉਂਟੇਰੀਓ ਵਿੱਚ 14 ਡਾਲਰ ਪ੍ਰਤੀ ਘੰਟਾ ਤਨਖਾਹ ਦਾ ਲਾਗੂ ਹੋ ਜਾਣਾ ਅਤੇ ਅਲਬਰਟਾ ਵਿੱਚ 15 ਡਾਲਰ ਪ੍ਰਤੀ ਘੰਟਾ ਲਾਗੂ ਹੋਣ ਵਾਲੀ ਦਰ ਕਾਫੀ ਚੰਗੀ ਹੈ ਪਰ ਵਿਉਪਾਰੀ ਜਗਤ ਇਸਨੂੰ ਵੱਡਾ ਬੋਝ ਸਮਝ ਰਿਹਾ ਹੈ। ਬੈਂਕ ਆਫ ਕੈਨੇਡਾ ਦਾ ਅਨੁਮਾਨ ਹੈ ਕਿ ਵਧੀਆਂ ਤਨਖਾਹ ਦੀਆਂ ਦਰਾਂ ਕਾਰਣ 2019 ਤੱਕ ਕੈਨੇਡਾ ਭਰ ਵਿੱਚ 60 ਹਜ਼ਾਰ ਨੌਕਰੀਆਂ ਚਲੇ ਜਾਣ ਦਾ ਖਤਰਾ ਹੈ।

ਸਮੁੱਚੀ ਸਥਿਤੀ ਕਾਫੀ ਜਟਿਲ ਹੈ ਜਿਸ ਪ੍ਰਤੀ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਵਰਕਰਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਵਿਉਪਾਰੀ ਜਗਤ ਨੂੰ ਭਰੋਸੇ ਵਿੱਚ ਲਿਆ ਜਾਣਾ ਲਾਜ਼ਮੀ ਹੈ। ਅਜਿਹਾ ਮਹਿਜ਼ ਟਿਮ ਹਾਰਟਨ ਵੱਲੋਂ ਪੈਦਾ ਕੀਤੀ ਗਈ ਸਥਿਤੀ ਦੇ ਪ੍ਰਤੀਕਰਮ ਵਿੱਚ ਗਰਮਾ ਗਰਮ ਬਿਆਨ ਦੇ ਕੇ ਨਹੀਂ ਕੀਤਾ ਜਾ ਸਕਦਾ ਸਗੋਂ ਇਕਾਨਮੀ ਨੂੰ ਮਜ਼ਬੂਤ ਕਰਨ ਲਈ ਮਾਰਕੀਟ ਤਾਕਤਾਂ ਨੂੰ ਸਹਾਰਾ ਦਿੱਤੇ ਜਾਣਾ ਸਹੀ ਕਦਮ ਹੋਵੇਗਾ। ਜਦੋਂ ਵਿਉਪਾਰ ਵਿਕਾਸ ਕਰਦਾ ਹੈ, ਨੌਕਰੀਆਂ ਪਿੱਛੇ ਪਿੱਛੇ ਚਲੀਆਂ ਆਉਂਦੀਆਂ ਹਨ।