ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਚਚੇਰੀ ਭੈਣ ਦਾ ਨਾਂਅ ਸਿਰਜਨ ਘਪਲੇ ਨਾਲ ਜੁੜਿਆ

rekha modi
ਪਟਨਾ, 3 ਸਤੰਬਰ (ਪੋਸਟ ਬਿਊਰੋ)- ਬਿਹਾਰ ‘ਚਚਰਚਿਤ ਸਿਰਜਨ ਘਪਲੇ ‘ਚ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਦੀ ਚਚੇਰੀ ਭੈਣ ਰੇਖਾ ਮੋਦੀ ਦਾ ਨਾਂਅ ਆਉਣ ‘ਤੇ ਸਿਆਸੀ ਪਾਰਾ ਚੜ੍ਹਨ ਲੱਗਾ ਹੈ। ਇਸ ਬਾਰੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਕਹਿਣਾ ਹੈ ਕਿ ਸਿਰਜਨ ਘਪਲੇ ‘ਚਜਿਸ ਰੇਖਾ ਮੋਦੀ ਦਾ ਨਾਂਅ ਲਿਆ ਜਾ ਰਿਹਾ ਹੈ, ਉਸ ਨਾਲ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਵਾਰ ਦਾ ਕੋਈ ਲੈਣਾ-ਦੇਣਾ ਨਹੀਂ।
ਜਿ਼ਕਰ ਯੋਗ ਹੈ ਕਿ ਰੇਖਾ ਮੋਦੀ ਨੇ 2010 ਵਿੱਚ ਆਪਣੇ ਸਕੇ ਭਰਾ ਮਹਾਵੀਰ ਮੋਦੀ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਸੀ, ਜਿਸ ਵਿੱਚ ਸੁਸ਼ੀਲ ਮੋਦੀ ਨੂੰ ਵੀ ਦੋਸ਼ੀ ਲਿਖਿਆ ਗਿਆ ਸੀ। ਬਾਅਦ ਵਿੱਚ ਸੁਸ਼ੀਲ ਦੇ ਵਿਰੁੱਧ ਕੇਸ ਨੂੰ ਪੁਲਸ ਨੇ ਗਲਤ ਕਰਾਰ ਦਿੱਤਾ ਸੀ। ਇਸ ਮਗਰੋਂ ਰੇਖਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਇਹ ਮਾਮਲਾ ਅਜੇ ਵੀ ਪੈਂਡਿੰਗ ਹੈ। ਇੱਕ ਨਿਊਜ਼ ਚੈਨਲ ਅਨੁਸਾਰ ਰੇਖਾ ਮੋਦੀ ਦਾ ਸਿਰਜਨ ਘਪਲੇ ਦੀ ਮੁੱਖ ਮੁਲਜ਼ਮ ਮਨੋਰਮਾ ਦੇਵੀ ਨਾਲ ਗੂੜ੍ਹੇ ਸੰਬੰਧ ਰਹੇ ਹਨ। ਜਾਂਚ ਏਜੰਸੀਆਂ ਨੂੰ ਸਿਰਜਨ ਦੇ ਖਾਤੇ ਵਿੱਚੋਂ ਭੁਗਤਾਨ ਕਰ ਕੇ ਬਹੁਤ ਵੱਡੀ ਗਿਣਤੀ ਵਿੱਚ ਗਹਿਣਿਆਂ ਖਾਸ ਕਰ ਕੇ ਹੀਰੇ ਦੀ ਖਰੀਦ ਦੇ ਸਬੂਤ ਮਿਲੇ ਹਨ। ਇਹ ਗਹਿਣੇ ਸਿਆਸੀ ਆਗੂਆਂ ਤੇ ਅਫਸਰਾਂ ਦੇ ਪਰਵਾਰਾਂ ਨੂੰ ਗਿਫਟ ਵਜੋਂ ਦਿੱਤੇ ਜਾਂਦੇ ਸਨ। ਜਾਂਚ ਵਿੱਚ ਪਤਾ ਲੱਗਾ ਕਿ ਪਟਨਾ ਦੇ ਇੱਕ ਜਿਊਲਰਜ਼ ਨੂੰ ਇਨ੍ਹਾਂ ਗਹਿਣਿਆਂ ਦੀ ਖਰੀਦ ਦਾ ਭੁਗਤਾਨ ਕਦੇ ਸਿੱਧਿਆਂ, ਪਰ ਜ਼ਿਆਦਾਤਰ ਰੇਖਾ ਮੋਦੀ ਦੀ ਇੱਕ ਕੰਪਨੀ ਰਾਹੀਂ ਕੀਤਾ ਗਿਆ। ਹਾਲਾਂਕਿ ਰੇਖਾ ਫਿਲਹਾਲ ਗਾਇਬ ਹੈ।