ਬਿਲਕੁਲ ਸਿਹਤਮੰਦ ਹਨ ਟਰੰਪ : ਡਾ. ਜੈਕਸਨ


ਵਾਸਿ਼ੰਗਟਨ, 16 ਜਨਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਕੀਤੀ ਗਈ ਸਿਹਤ ਸਬੰਧੀ ਜਾਂਚ ਤੋਂ ਬਾਅਦ ਉਨ੍ਹਾਂ ਦੇ ਡਾਕਟਰ ਨੇ ਮੰਗਲਵਾਰ ਨੂੰ ਆਖਿਆ ਕਿ ਉਹ ਬਿਲਕੁਲ ਤੰਦਰੁਸਤ ਹਨ। ਜਿ਼ਕਰਯੋਗ ਹੈ ਕਿ ਵਾੲ੍ਹੀਟ ਹਾਊਸ ਤੋਂ ਲਗਾਤਾਰ ਟਰੰਪ ਦੀ ਮਾਨਸਿਕ ਸਿਹਤ ਸਬੰਧੀ ਸਵਾਲ ਪੁੱਛੇ ਜਾਂਦੇ ਰਹੇ ਹਨ।
ਪਿਛਲੇ ਹਫਤੇ ਟਰੰਪ ਦੀ ਸਿਹਤ ਸਬੰਧੀ ਜਾਂਚ ਕਰਨ ਵਾਲੇ ਨੇਵੀ ਡਾਕਟਰ ਰੌਨੀ ਜੈਕਸਨ ਨੇ ਆਖਿਆ ਕਿ ਯਾਦਦਾਸ਼ਤ ਜਾਣ ਸਬੰਧੀ ਸ਼ੁਰੂਆਤੀ ਲੱਛਣਾਂ ਤੇ ਮਾਨਸਿਕ ਸਿਹਤ ਸਬੰਧੀ ਹੋਰ ਜਾਂਚ ਕਰਨ ਵਾਸਤੇ ਟਰੰਪ ਦੇ ਕਰਵਾਏ ਗਏ ਮੁੱਢਲੇ ਟੈਸਟ ਠੀਕ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 6 ਫੁੱਟ 3 ਇੰਚ ਕੱਦਕਾਠੀ ਵਾਲੇ ਰਾਸ਼ਟਰਪਤੀ ਦਾ ਵਜ਼ਨ 239 ਪਾਊਂਡ ਹੈ ਤੇ ਸਤੰਬਰ 2016 ਨਾਲੋਂ ਉਹ ਤਿੰਨ ਪਾਊਂਡ ਵੱਧ ਹੀ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਰਾਸ਼ਟਰਪਤੀ ਦੀ ਸਮੁੱਚੀ ਸਿਹਤ ਬਿਲਕੁਲ ਠੀਕ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਜੈਕਸਨ ਨੇ ਹੀ ਆਖਿਆ ਸੀ ਕਿ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੌਰਾਨ ਟਰੰਪ ਸਿਹਤਮੰਦ ਰਹਿਣਗੇ ਫਿਰ ਭਾਵੇਂ ਉਨ੍ਹਾਂ ਦਾ ਇਸ ਦੌਰਾਨ ਖਾਣ ਪੀਣ ਫਾਸਟ ਫੂਡ ਨਾਲ ਭਰਪੂਰ ਹੈ ਤੇ ਉਹ ਕਸਰਤ ਦੇ ਨਾਂ ਉੱਤੇ ਸਿਰਫ ਵੀਕੈਂਡਜ਼ ਉੱਤੇ ਗੌਲਫ ਖੇਡਣ ਹੀ ਜਾਂਦੇ ਹਨ। ਜੈਕਸਨ ਨੇ ਆਖਿਆ ਕਿ ਇਹ ਜੀਨਜ਼ ਦਾ ਹੀ ਕਮਾਲ ਆਖਿਆ ਜਾ ਸਕਦਾ ਹੈ। ਉਨ੍ਹਾਂ ਦੇ ਜੀਨਜ਼ ਕਾਫੀ ਚੰਗੇ ਹਨ।
ਜੈਕਸਨ ਨੇ ਆਖਿਆ ਕਿ 71 ਸਾਲਾ ਟਰੰਪ ਦੀ ਸਿਹਤ ਬਿਲਕੁਲ ਭਲੀ ਚੰਗੀ ਹੈ ਤੇ ਇਸ ਉੱਤੇ ਉਨ੍ਹਾਂ ਨੂੰ ਰਸ਼ਕ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਕਸਰ ਉਨ੍ਹਾਂ ਦੀ ਸਿਹਤ ਸਬੰਧੀ ਉੱਠਣ ਵਾਲੇ ਸਵਾਲਾਂ ਦੇ ਚੱਲਦਿਆਂ ਰਾਸ਼ਟਰਪਤੀ ਨੇ ਆਪ ਹੀ ਇਹ ਜਾਂਚ ਕਰਨ ਲਈ ਆਖਿਆ ਸੀ।