ਬਿਟਕੁਆਇਨ ਤੋਂ ਕਮਾਈ ਕਰਨ ਵਾਲਿਆਂ ਉੱਤੇ ਸ਼ਿਕੰਜਾ ਕੱਸਣ ਲੱਗਾ


ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਦੇਸ਼ ਵਿੱਚ ਕ੍ਰਿਪਟੋ ਕਰੰਸੀ ਬਿਟਕੁਆਇਨ ਤੋਂ ਕਮਾਈ ਕਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਫੇਜ਼ ਵਿੱਚ ਬਿਟਕੁਆਇਨ ਦੀ ਟ੍ਰੇਡਿੰਗ ਕਰਨ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਹੁਣ ਅਗਲੇ ਫੇਜ਼ ਵਿੱਚ ਬਿਟਕੁਆਇਨ ਦੀ ਟ੍ਰੇਡਿੰਗ ਅਤੇ ਇਸ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਆਮਦਨ ਟੈਕਸ ਵਿਭਾਗ ਨੇ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਵਿਭਾਗ ਦੀ ਇਸ ਕਾਰਵਾਈ ਨਾਲ ਬਿਟਕੁਆਇਨ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ। ਹੁਣ ਤੱਕ ਬਿਟਕੁਆਇਨ ਦੀ ਟ੍ਰੇਡਿੰਗ ਕਰਨ ਵਾਲੇ 50 ਵਿਅਕਤੀਆਂ ਨੂੰ ਵਿਭਾਗ ਨੋਟਿਸ ਭੇਜ ਚੁੱਕਾ ਹੈ।
ਅਸਲ ਵਿੱਚ ਕ੍ਰਿਪਟੋ ਕਰੰਸੀ ਬਿਟਕੁਆਇਨ ਨੇ ਭਾਰਤ ਵਿੱਚ ਆਪਣੀ ਪਕੜ ਬੜੀ ਮਜ਼ਬੂਤ ਕਰ ਲਈ ਹੈ। ਭਾਰਤ ਸਰਕਾਰ ਨੇ ਇਸ ਕਰੰਸੀ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਹੈ। ਹੁਣ ਵਰਚੁਅਲ ਕਰੰਸੀ ਬਿਟਕੁਆਇਨ ਦੇ ਨਾਲ ਮੋਟੀ ਕਮਾਈ ਕਰਨ ਵਾਲੇ ਲੋਕਾਂ ‘ਤੇ ਆਮਦਨ ਟੈਕਸ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਘੇਰੇ ਵਿੱਚ ਆਉਣ ਵਾਲਿਆਂ ਵਿਚੋਂ ਹੁਣ ਤੱਕ ਵਿਭਾਗ ਵੱਲੋਂ 50 ਤੋਂ ਵੱਧ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਬਿਟਕੁਆਇਨ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਸੂਚੀ ਸੂਚੀ ਤਿਆਰ ਹੋਣ ਤੋਂ ਬਾਅਦ ਬਾਕੀ ਲੋਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾਣਗੇ।
ਆਮਦਨ ਟੈਕਸ ਵਿਭਾਗ ਦੇ ਬੰਗਲੌਰ ਇਨਵੈਸਟੀਗੇਸ਼ਨ ਯੂਨਿਟ ਨੇ ਆਪਣੇ ਸਰਵੇ ਵਿੱਚ ਮਿਲੀ ਜਾਣਕਾਰੀ ਦੇਸ਼ ਭਰ ਵਿੱਚ ਆਪਣੀਆਂ ਅੱਠ ਯੂਨਿਟਾਂ ਨਾਲ ਸਾਂਝੀ ਕੀਤੀ ਹੈ। ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਸਰਵੇ ਵਿੱਚ ਜਿਨ੍ਹਾਂ ਯੂਨਿਟਾਂ ਅਤੇ ਵਿਅਕਤੀਆਂ ਦੇ ਰਿਕਾਰਡ ਮਿਲੇ ਹਨ, ਉਨ੍ਹਾਂ ਦੀ ਜਾਂਚ ਕਰ ਕੇ ਉਨ੍ਹਾਂ ਉਤੇ ਟੈਕਸ ਚੋਰੀ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ। ਲਗਾਤਾਰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਉਨ੍ਹਾਂ ਨੂੰ ਬਿਟਕੁਆਇਨ ਨਿਵੇਸ਼ ‘ਤੇ ਕਾਰੋਬਾਰ ‘ਤੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ ਕਿਉਂਕਿ ਅਜੇ ਤੱਕ ਇਸ ਵਿੱਚ ਨਿਵੇਸ਼ ਕਰਨ ਵਾਲੇ ਕਰੋੜਾਂ ਰੁਪਏ ਕਮਾ ਚੁੱਕੇ ਹਨ, ਪਰ ਇਸ ਤੋਂ ਹੋਣ ਵਾਲੀ ਕਮਾਈ ‘ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਸਰਕਾਰ ਦੇ ਖਾਤੇ ਵਿੱਚ ਨਹੀਂ ਗਿਆ।