ਬਿਜਲੀ ਇੰਜੀਨੀਅਰਾਂ ਨੇ ਦੋਸ਼ ਲਾਇਆ: ਚੇਅਰਮੈਨ ਨੇ ਪਾਵਰਕਾਮ ਨੂੰ 3180 ਕਰੋੜ ਦਾ ਘਾਟਾ ਪਾਇਐ

pspcl
* ਚੇਅਰਮੈਨ ਚੌਧਰੀ ਨੇ ਸਾਰੇ ਦੋਸ਼ ਮਨਘੜਤ ਆਖੇ
ਪਟਿਆਲਾ, 20 ਮਾਰਚ (ਪੋਸਟ ਬਿਊਰੋ)- ਪੀ ਐੱਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪਾਵਰਕਾਮ) ਦੇ ਚੇਅਰਮੈਨ-ਕਮ-ਐੱਮ ਡੀ ਇੰਜੀਨੀਅਰ ਕੇ ਡੀ ਚੌਧਰੀ ਉੱਤੇ ਇਸ ਅਦਾਰੇ ਨੂੰ 3180 ਕਰੋੜ ਰੁਪਏ ਦਾ ਵਿੱਤੀ ਘਾਟਾ ਪਵਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਚੌਧਰੀ ਦੇ ਖਿਲਾਫ ਕਈ ਤਰ੍ਹਾਂ ਦੇ ਘਪਲਿਆਂ ਤੇ ਬੇਨਿਯਮੀਆਂ ਦੇ ਦੋਸ਼ ਲਾ ਕੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸ਼ਿਕਾਇਤ ਕੀਤੀ ਹੈ।
ਪੀ ਐੱਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਸਰਾਂ ਦੀ ਅਗਵਾਈ ਹੇਠ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਿਲੇ ਵਫਦ ਨੇ ਦੋਸ਼ ਲਾਇਆ ਕਿ ਪਿਛਲੇ ਸਮੇਂ, ਖਾਸ ਕਰ ਕੇ ਫਰਵਰੀ 2014 ਤੋਂ ਬਾਅਦ ਸੀ ਐੱਮ ਡੀ ਅਤੇ ਪਾਵਰਕਾਮ ਦੇ ਕੁਝ ਹੋਰ ਡਾਇਰੈਕਟਰਾਂ ਦੀ ਮਿਆਦ ਵਿੱਚ ਪਿਛਲੀ ਸਰਕਾਰ ਵੱਲੋਂ ਕੀਤੇ ਨਾਜਾਇਜ਼ ਵਾਧੇ ਨਾਲ ਪਾਵਰਕਾਮ ਮੈਨੇਜਮੈਂਟ ਨੇ ਵਿਧੀ-ਵਿਧਾਨ ਨੂੰ ਅਸਲੋਂ ਅਣਡਿੱਠ ਕੀਤਾ ਪਿਆ ਹੈ। ਮੈਨੇਜਮੈਂਟ ਨੇ ਆਪਣੇ ਚਹੇਤੇ ਲੋਕਾਂ ਤੇ ਫਰਮਾਂ ਨੂੰ ਨਾਜਾਇਜ਼ ਲਾਭ ਦੇਣ ਲਈ ਆਪਹੁਦਰੇਪਣ ਤੇ ਬਦਨੀਤੀ ਦਾ ਰਸਤਾ ਬੇਖੌਫ ਹੋ ਕੇ ਧਾਰਨ ਕੀਤਾ। ਐਸੋਸੀਏਸ਼ਨ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ 17 ਸੌ ਕਰੋੜ ਰੁਪਏ ਦਾ ਇੱਕ ਠੇਕਾ ਇੱਕ ਕੰਪਨੀ ਨੂੰ ਆਸਾਧਾਰਨ ਉਚੀ ਦਰ ਉੱਤੇ ਦੇਣ ਨਾਲ ਪਾਵਰਕਾਮ ਨੂੰ 500 ਕਰੋੜ ਰੁਪੇ ਦਾ ਸਿੱਧਾ ਨੁਕਸਾਨ ਹੋਇਆ। ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਵਿਖੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸ਼ੁਰੂ ਕਰਨ ਵਿੱਚ ਦੇਰੀ ਕਾਰਨ ਬਣਦੇ ਹਰਜਾਨੇ ਸ਼ੁਰੂ ਨਾ ਹੋਣ ਕਰ ਕੇ ਨਿਗਮ ਨੂੰ ਪੰਜ ਸੌ ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋਇਆ ਹੈ। ਇਸ ਪੱਤਰ ਮੁਤਾਬਕ ਅਦਾਨੀ ਦੀ ਫਰਮ ਵੱਲੋਂ ਕੋਲੇ ਦੇ ਦਰਾਮਦ ਕਾਰਨ ਪਾਵਰਕਾਮ ਨੂੰ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਭਰਨਾ ਪਿਆ ਹੈ, ਜਦ ਕਿ ਨਿੱਜੀ ਥਰਮਲ ਪਲਾਂਟਾਂ ਖਾਸ ਕਰ ਕੇ ਤਲਵੰਡੀ ਸਾਬੋ ਸਟਰਾਈਟ ਗਰੁੱਪ ਤੋਂ ਮਹਿੰਗੀ ਬਿਜਲੀ ਦੀ ਖਰੀਦ, ਇਨ੍ਹਾਂ ਪਲਾਂਟਾਂ ਨੂੰ ਬਦਲਵੇਂ ਤੇ ਦਰਾਮਦਗੀ ਕੋਲੇ ਦੀ ਵਰਤੋਂ ਦੀ ਗਲਤ ਇਜਾਜ਼ਤ ਤੇ ਨਾਜਾਇਜ਼ ਕਮੀਸ਼ਨਿੰਗ ਖਰਚਿਆਂ ਦੀ ਅਦਾਇਗੀ ਨਾਲ ਪਾਵਰਕਾਮ ਨੂੰ 500 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਕੱਚੇ ਚਿੱਠੇ ਮੁਤਾਬਕ ਤਲਵੰਡੀ ਸਾਬੋ ਵਿਖੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਭਾਰਤ ਸਰਕਾਰ ਦੇ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਦਿਆਂ ਅਣ-ਧੋਤੇ ਉਚੀ ਸੁਆਹ ਫੀਸਦੀ ਵਾਲੇ ਕੋਲੇ ਦੀ ਵਰਤੋਂ ਦੀ ਖੁੱਲ੍ਹ ਦੇ ਕੇ ਕੰਪਨੀ ਨੂੰ 230 ਕਰੋੜ ਰੁਪਏ ਦਾ ਨਾਜਾਇਜ਼ ਲਾਭ ਪਹੁੰਚਾਇਆ ਗਿਆ ਹੈ। ਚੋਣਵੇਂ ਸਿਆਸੀ ਵੀ ਆਈ ਪੀ ਖੇਤਰਾਂ ਵਿੱਚ ਖੁੱਲ੍ਹੀ ਬਿਜਲੀ ਚੋਰੀ ਦੀ ਆਗਿਆ ਦੇ ਕੇ ਕਈ ਸੌ ਕਰੋੜ ਰੁਪਿਆਂ ਦਾ ਵੀ ਨੁਕਸਾਨ ਪਾਵਰਕਾਮ ਦੇ ਖਾਤੇ ਪਿਆ। ਸਾਲਾਂ ਬੱਧੀ ਇੱਕ ਹਜ਼ਾਰ ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਉਗਰਾਹੀ ਨਹੀਂ ਸੀ ਹੋਣ ਦਿੱਤੀ ਗਈ।
ਵਰਨਣ ਯੋਗ ਹੈ ਕਿ ਪਾਵਰਕਾਮ ਦੇ ਸੀ ਐੱਮ ਡੀ ਇੰਜੀਨੀਅਰ ਕੇ ਡੀ ਚੌਧਰੀ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪਾਵਰਕਾਮ ਦੇ ਗਠਿਤ ਹੋਣ ਮਗਰੋਂ ਤਿੰਨ ਜੂਨ 2010 ਨੂੰ ਪਹਿਲੀ ਵਾਰ ਇੱਕ ਸਾਲ ਵਾਸਤੇ ਨਿਯੁਕਤ ਕੀਤਾ ਸੀ। ਇਸ ਮਗਰੋਂ ਹੁਣ ਤੱਕ ਅਦਾਰਾ ਇਸੇ ਅਧਿਕਾਰੀ ਦੇ ਕੰਟਰੋਲ ਹੇਠ ਚੱਲ ਰਿਹਾ ਹੈ।
ਦੂਸਰੇ ਪਾਸੇ ਚੇਅਰਮੈਨ ਇੰਜੀæ ਕੇ ਡੀ ਚੌਧਰੀ ਨੇ ਸਾਰੇ ਦੋਸ਼ਾਂ ਨੂੰ ਨਿਰਾਧਾਰ ਤੇ ਮਨਘੜਤ ਦੱਸਦੇ ਹੋਏ ਕਿਹਾ ਕਿ ਅਸੀਂ ਪਾਵਰਕਾਮ ਨੂੰ ਦੇਸ਼ ਵਿੱਚ ਨੰਬਰ ਇੱਕ ਉੱਤੇ ਲੈ ਕੇ ਗਏ ਹਾਂ ਅਤੇ ਇਸ ਕੰਪਨੀ ਨੂੰ ਵੱਡੇ ਐਵਾਰਡ ਦੁਆਏ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ ਰੰਜਿਸ਼ ਵਜੋਂ ਲਾਏ ਗਏ ਹਨ ਤੇ ਇਨ੍ਹਾਂ ਨੇ ਕੋਰਟ ਵਿੱਚ ਕੇਸ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੇ ਫੈਸਲੇ ਸਿਰਫ ਮੈਂ ਨਹੀਂ ਕਰਦਾ, ਬੋਰਡ ਆਫ ਡਾਇਰੈਕਟਰ ਵੱਲੋਂ ਫੈਸਲੇ ਲਏ ਜਾਂਦੇ ਹਨ।