ਬਿਆਸ ਦਰਿਆ ਦੀ ਸ਼ਾਨ ਮੰਨੀ ਜਾਂਦੀ ‘ਇੰਡਸ ਡਾਲਫਿਨḔ ਦਾ ਗਾਇਬ ਹੋਣਾ ਭੇਦ ਬਣਿਆ

indus dolphin
ਹਰੀਕੇ ਪੱਤਣ, 31 ਮਾਰਚ (ਪੋਸਟ ਬਿਊਰੋ)- ਸੰਸਾਰ ਦੇ ਨਕਸ਼ੇ ‘ਤੇ ਅਹਿਮ ਸਥਾਨ ਰੱਖਣ ਵਾਲੀ ਹਰੀਕੇ ਪੱਤਣ ਝੀਲ ਵਿੱਚ ਪਾਈ ਜਾਣ ਵਾਲੀ ਬਿਆਸ ਦਰਿਆ ਦੀ ਸ਼ਾਨ ਦੇ ਨਾਮ ਨਾਲ ਜਾਣੀ ਜਾਂਦੀ ਇੰਡਸ ਡਾਲਫਿਨ ਅੱਜਕੱਲ੍ਹ ਨਜ਼ਰ ਨਹੀਂ ਆ ਰਹੀ। ਤਿੰਨ ਪਰਵਾਰਾਂ ਦੇ ਰੂਪ ਵਿੱਚ ਬਿਆਸ ਦਰਿਆ ਦੇ ਸਾਫ ਪਾਣੀ ਵਿੱਚ ਅਠਖੇਲੀਆਂ ਕਰਨ ਵਾਲੀ ਇੰਡਸ ਡਾਲਫਿਨ ਦਾ ਨਜ਼ਰ ਨਾ ਆਉਣਾ ਭੇਦ ਬਣਿਆ ਪਿਆ ਹੈ, ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਵੱਲੋਂ ਇਸ ਦੇ ਸ਼ਿਕਾਰ ਹੋ ਜਾਣ ਦਾ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਹੈ।
ਵਰਨਣ ਯੋਗ ਹੈ ਕਿ ਕਈ ਸਾਲਾਂ ਤੋਂ ਜ਼ਿਲਾ ਤਰਨ ਤਾਰਨ ਦੇ ਪਿੰਡਾਂ ਕਰਮੂਵਾਲਾ, ਮੁੰਡਾਪਿੰਡ ਆਦਿ ਨੇੜੇ ਬਿਆਸ ਦਰਿਆ ‘ਚ ਦਿੱਸਣ ਵਾਲੀ ਇੰਡਸ ਡਾਲਫਿਨ ਇਸੇ ਸਾਲ ਵਿਦੇਸ਼ੀ ਪੰਛੀਆਂ ਦੀ ਗਿਣਤੀ ਦੌਰਾਨ ਆਖਰੀ ਵਾਰ ਵੇਖੀ ਗਈ। ਇਸ ਤੋਂ ਬਾਅਦ ਬੀਤੀ 27 ਮਾਰਚ ਤੋਂ ਹਰੀਕੇ ਹੈਡ ਵਰਕਸ ਦੇ ਗੇਟਾਂ ਦੀ ਮੁਰੰਮਤ ਦੇ ਮੰਤਵ ਨਾਲ ਡੈਮਾਂ ਤੋਂ ਪਾਣੀ ਬੰਦ ਕਰਨ ਨਾਲ ਕਈ-ਕਈ ਫੁੱਟ ਪਾਣੀ ਦਾ ਪੱਧਰ ਘੱਟਣ ਦੇ ਬਾਵਜੂਦ ‘ਡਾਲਫਿਨ’ ਨਜ਼ਰ ਨਹੀਂ ਆਈ। ਵਿਭਾਗ ਨੇ ਟੀਮਾਂ ਬਣਾ ਕੇ ਇਨ੍ਹਾਂ ਦੀ ਭਾਲ ਦੇ ਨਕਸ਼ੇ ਉਲੀਕੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਡਾਲਫਿਨ ਦੇ ਬਚਾਓ ਲਈ ਅਗਾਊ ਪ੍ਰਬੰਧ ਕੀ, ਹੁਣ ਤੱਕ ਕੋਈ ਸਰਗਰਮੀ ਵੇਖਣ ਲਈ ਨਹੀਂ ਮਿਲ ਰਹੀ।